ਪੁਲਸ ਨੇ ਜਬਰ-ਜ਼ਨਾਹ ਦੇ ਮਾਮਲੇ ਨੂੰ ਦਾਜ ਦਾ ਮਾਮਲਾ ਬਣਾਇਆ

Saturday, Nov 25, 2017 - 02:52 AM (IST)

ਪੁਲਸ ਨੇ ਜਬਰ-ਜ਼ਨਾਹ ਦੇ ਮਾਮਲੇ ਨੂੰ ਦਾਜ ਦਾ ਮਾਮਲਾ ਬਣਾਇਆ

ਬਠਿੰਡਾ(ਵਰਮਾ)-ਜ਼ਿਲਾ ਪੁਲਸ ਵੱਲੋਂ ਜਬਰ-ਜ਼ਨਾਹ ਦੇ ਮਾਮਲੇ ਨੂੰ ਦਾਜ ਦੇ ਮਾਮਲੇ ਵਿਚ ਬਦਲਣ ਨੂੰ ਲੈ ਕੇ ਹਾਈ ਕੋਰਟ ਨੇ ਪੁਲਸ ਦੀ ਝਾੜ ਲਾਉਂਦਿਆਂ ਤਲਬ ਕੀਤਾ ਹੈ ਅਤੇ ਪੁੱਛਿਆ ਕਿ ਉਨ੍ਹਾਂ ਨੇ ਜਬਰ-ਜ਼ਨਾਹ ਦਾ ਮਾਮਲਾ ਹਟਾ ਕੇ ਦਾਜ ਦਾ ਮਾਮਲਾ ਕਿਉਂ ਦਰਜ ਕੀਤਾ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਵਾਸੀ ਇਕ ਲੜਕੀ ਨੇ ਜੂਨ 2016 ਵਿਚ ਉਸ ਵੇਲੇ ਦੇ ਐੱਸ. ਐੱਸ. ਪੀ. ਬਠਿੰਡਾ ਨੂੰ ਦਿਬਿਆਪੁਰ ਵਾਸੀ ਨੌਜਵਾਨ ਅਮਿਤ ਕੁਮਾਰ ਕਮਲ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਜਬਰੀ ਸਰੀਰਕ ਸਬੰਧ ਬਣਾਉਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਸ ਵੇਲੇ ਦੇ ਐੱਸ. ਐੱਸ. ਪੀ. ਨੇ ਉਕਤ ਲੜਕੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਅਮਿਤ ਕੁਮਾਰ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਅਮਿਤ ਦੀ ਸ਼ਿਕਾਇਤ 'ਤੇ ਇਕ ਤਰਫੀ ਜਾਂਚ ਕਰਦਿਆਂ ਬਿਨਾਂ ਕਿਸੇ ਠੋਸ ਸਬੂਤ ਦੇ ਜਬਰ-ਜ਼ਨਾਹ ਦੀ ਗੰਭੀਰ ਧਾਰਾ ਨੂੰ ਹਟਾ ਕੇ ਦਾਜ ਦੀ ਧਾਰਾ 498ਏ ਤਹਿਤ ਕੇਸ ਬਦਲ ਦਿੱਤਾ।
ਇਸ ਸਬੰਧ ਵਿਚ ਜਦੋਂ ਪੀੜਤਾ ਨੂੰ ਪਤਾ ਲੱਗਾ ਤਾਂ ਉਸ ਨੇ ਪਹਿਲਾਂ ਆਪਣੇ ਕੇਸ ਸਬੰਧੀ ਬਠਿੰਡਾ ਪੁਲਸ ਤੋਂ ਕੇਸ ਬਦਲਣ ਸਬੰਧੀ ਜਾਨਣਾ ਚਾਹਿਆ ਤਾਂ ਪੁਲਸ ਨੇ ਵੀ ਪੀੜਤਾ ਦੀ ਕੋਈ ਸੁਣਵਾਈ ਨਹੀਂ ਕੀਤੀ। ਅੰਤ ਪੀੜਤਾ ਆਪਣੇ ਵਕੀਲ ਜ਼ਰੀਏ ਮਜਬੂਰ ਹੋ ਕੇ ਹਾਈ ਕੋਰਟ ਪਹੁੰਚੀ, ਜਿੱਥੇ ਬੀਤੇ ਦਿਨੀਂ ਹਾਈ ਕੋਰਟ ਨੇ ਲੜਕੀ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਪੁਲਸ ਦੀ ਝਾੜ ਲਾਉਂਦਿਆਂ ਤਲਬ ਕੀਤਾ ਅਤੇ ਆਦੇਸ਼ ਦਿੱਤੇ ਕਿ ਪੁਲਸ ਅਦਾਲਤ ਨੂੰ ਸਬੂਤ ਸਮੇਤ ਦੱਸੇ ਕਿ ਉਸ ਨੇ ਜਬਰ-ਜ਼ਨਾਹ ਦੇ ਕੇਸ ਨੂੰ ਕਿਵੇਂ ਦਾਜ ਦੀ ਧਾਰਾ ਵਿਚ ਬਦਲਿਆ ਹੈ।


Related News