ਕਲਯੁਗੀ ਪਤੀ ਨੇ ਪਤਨੀ ਦਾ ਦੋਸਤਾਂ ਤੋਂ ਕਰਵਾਇਆ ਸਮੂਹਿਕ ਜਬਰ-ਜ਼ਨਾਹ

Friday, Nov 24, 2017 - 05:29 AM (IST)

ਕਲਯੁਗੀ ਪਤੀ ਨੇ ਪਤਨੀ ਦਾ ਦੋਸਤਾਂ ਤੋਂ ਕਰਵਾਇਆ ਸਮੂਹਿਕ ਜਬਰ-ਜ਼ਨਾਹ

ਲੁਧਿਆਣਾ(ਮਹੇਸ਼)-26 ਸਾਲਾ ਪਤਨੀ ਦਾ 3 ਦੋਸਤਾਂ ਤੋਂ ਸਮੂਹਿਕ ਜਬਰ-ਜ਼ਨਾਹ ਕਰਵਾਉਣ ਵਾਲੇ ਕਲਯੁਗੀ ਪਤੀ ਵਿਰੁੱਧ ਹੈਬੋਵਾਲ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਕੇਸ ਦਰਜ ਕਰਵਾਉਣ ਲਈ ਪੀੜਤਾ ਨੂੰ 5 ਮਹੀਨਿਆਂ ਤੱਕ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਆਖਿਰਕਾਰ ਪੁਲਸ ਕਮਿਸ਼ਨਰ ਦੇ ਦਖਲ ਨਾਲ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਪੀੜਤਾ ਦੇ ਕੇਸ ਵਿਚ ਲਿੱਪਾਪੋਚੀ ਕਰਨ ਵਾਲੇ ਪੁਲਸ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ, ਜਿਸ ਨੂੰ ਲੈ ਕੇ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਪੀੜਤਾ ਪਿੰਡ ਲਾਦੀਆਂ ਦੀ ਹੈਦਰ ਕਾਲੋਨੀ ਦੀ ਰਹਿਣ ਵਾਲੀ ਹੈ। 3 ਸਾਲ ਪਹਿਲਾਂ ਮੁਸਲਮਾਨ ਰੀਤੀ-ਰਿਵਾਜਾਂ ਮੁਤਾਬਕ ਉਸ ਦਾ ਨਿਕਾਹ ਇਸੇ ਇਲਾਕੇ ਦੇ ਰਹਿਣ ਵਾਲੇ ਇਜ਼ਹਾਰ ਨਾਲ ਹੋਇਆ ਸੀ। ਦੋਵਾਂ ਦਾ ਹੀ ਇਹ ਦੂਜਾ ਵਿਆਹ ਸੀ। ਪਹਿਲੇ ਪਤੀ ਤੋਂ ਪੀੜਤਾ ਦਾ ਇਕ ਬੇਟਾ ਹੈ, ਜੋ ਉਸ ਦੇ ਨਾਲ ਹੀ ਰਹਿੰਦਾ ਹੈ। ਪੀੜਤਾ ਦਾ ਦੋਸ਼ ਹੈ ਕਿ ਇਜ਼ਹਾਰ ਨੇ ਸਿਰਫ ਆਪਣੀ ਸਰੀਰਕ ਭੁੱਖ ਮਿਟਾਉਣ ਲਈ ਉਸ ਨਾਲ ਨਿਕਾਹ ਕੀਤਾ। ਇਨ੍ਹਾਂ 3 ਸਾਲਾਂ ਦੌਰਾਨ ਇਜ਼ਹਾਰ ਨੇ ਉਸ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ, ਜਦੋਂਕਿ ਉਹ ਦਿਲੋਂ ਜਾਨ ਤੋਂ ਇਜ਼ਹਾਰ ਨੂੰ ਸੱਚਾ ਪਿਆਰ ਕਰਦੀ ਸੀ। ਉਸ ਦਾ ਇਹ ਭਰਮ ਉਸ ਸਮੇਂ ਟੁੱਟ ਗਿਆ, ਜਦੋਂ ਬੱਚੇਦਾਨੀ ਵਿਚ ਰਸੌਲੀ ਹੋਣ ਕਾਰਨ ਉਹ ਬੀਮਾਰ ਰਹਿਣ ਲੱਗੀ। ਇਸ ਦਾ ਪਤਾ ਲਗਦੇ ਹੀ ਇਜ਼ਹਾਰ ਨੇ ਉਸ ਤੋਂ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਪਿੱਛਾ ਛੁਡਵਾਉਣ ਲਈ ਇਜ਼ਹਾਰ ਨੇ ਉਸ 'ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, ਜਦੋਂਕਿ ਇਨ੍ਹਾਂ 3 ਸਾਲਾਂ ਵਿਚ ਇਜ਼ਹਾਰ ਉਸ ਦਾ 8ਵੀਂ ਵਾਰ ਗਰਭਪਾਤ ਕਰਵਾ ਚੁੱਕਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੀ ਉਜੜਦੀ ਹੋਈ ਗ੍ਰਹਿਸਥੀ ਨਾ ਬਚਾ ਸਕੀ। ਇਜ਼ਹਾਰ ਨੇ ਉਸ ਨੂੰ 50 ਗਜ਼ ਦਾ ਮਕਾਨ ਦੇ ਕੇ ਉਸ ਨੂੰ ਇਕੱਲਾ ਮਰਨ ਲਈ ਛੱਡ ਦਿੱਤਾ। ਉਸ ਦੇ ਕੋਲ ਇੰਨੀ ਵੀ ਰਕਮ ਨਹੀਂ ਸੀ ਕਿ ਉਹ ਆਪਣਾ ਇਲਾਜ ਕਰਵਾ ਸਕਦੀ ਪਰ ਅੱਲ੍ਹਾ ਦਾ ਸ਼ੁਕਰ ਹੈ ਕਿ ਇਸੇ ਦੌਰਾਨ ਉਸ ਦੀ ਤਰਸਯੋਗ ਹਾਲਤ ਦੇਖ ਕੇ ਉਸ ਨਾਲ ਹਮਦਰਦੀ ਰੱਖਣ ਵਾਲੇ ਕੁੱਝ ਲੋਕ ਸਾਹਮਣੇ ਆਏ, ਜਿਨ੍ਹਾਂ ਨੇ ਪੈਸੇ ਇਕੱਠੇ ਕਰ ਕੇ ਉਸ ਦਾ ਆਪ੍ਰੇਸ਼ਨ ਕਰਵਾਇਆ। ਪੀੜਤਾ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਕਦੇ ਵੀ ਆਸ ਨਹੀਂ ਸੀ ਕਿ ਇਜ਼ਹਾਰ ਇਸ ਹੱਦ ਤੱਕ ਡਿੱਗ ਜਾਵੇਗਾ ਕਿ ਆਪਣੇ ਦੋਸਤਾਂ ਤੋਂ ਉਸ ਦਾ ਸਮੂਹਿਕ ਜਬਰ-ਜ਼ਨਾਹ ਕਰਵਾਏਗਾ। 5 ਮਹੀਨਿਆਂ ਪਹਿਲਾਂ 6 ਜੂਨ ਨੂੰ ਇਜ਼ਹਾਰ ਆਪਣੇ 3 ਦੋਸਤਾਂ ਨਾਲ ਉਸ ਦੇ ਘਰ ਆਇਆ, ਜਿਸ ਨੇ ਆਪਣੇ ਦੋਸਤਾਂ ਨੂੰ ਉਸ ਦੇ ਕਮਰੇ ਵਿਚ ਭੇਜ ਕੇ ਬਾਹਰੋਂ ਕੁੰਡੀ ਲਗਾ ਦਿੱਤੀ ਅਤੇ ਆਪ ਦਰਵਾਜ਼ੇ 'ਤੇ ਚੌਕੀਦਾਰੀ ਕਰਨ ਲਈ ਬੈਠ ਗਿਆ। ਉਹ ਬਹੁਤ ਰੋਈ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਲੋਕਾਂ ਨੂੰ ਉਸ ਦੀ ਹਾਲਤ 'ਤੇ ਤਰਸ ਨਹੀਂ ਆਇਆ ਅਤੇ ਉਹ ਭੁੱਖੇ ਭੇੜੀਆਂ ਵਾਂਗ ਉਸ ਨੂੰ ਕਈ ਘੰਟਿਆਂ ਤੱਕ ਨੋਚਦੇ ਰਹੇ। ਨਤੀਜੇ ਵਜੋਂ ਆਪ੍ਰੇਸ਼ਨ ਦੌਰਾਨ ਉਸ ਦੇ ਲੱਗੇ ਟਾਂਕੇ ਖੁੱਲ੍ਹ ਗਏ ਅਤੇ ਉਨ੍ਹਾਂ ਤੋਂ ਖੂਨ ਵਹਿਣ ਲੱਗਾ। ਇਹ ਦੇਖ ਕੇ ਦੋਸ਼ੀ ਉਸ ਨੂੰ ਉਸੇ ਹਾਲਤ ਵਿਚ ਛੱਡ ਕੇ ਫਰਾਰ ਹੋ ਗਏ, ਜਿਨ੍ਹਾਂ ਵਿਚੋਂ 2 ਨੂੰ ਉਹ ਪਛਾਣਦੀ ਹੈ। ਇਕ ਦਾ ਨਾਂ ਯੂਨਸ ਅਤੇ ਦੂਜੇ ਦਾ ਨਾਂ ਸਾਗਰ ਹੈ, ਜਦੋਂਕਿ ਤੀਜੇ ਦੋਸ਼ੀ ਨੂੰ ਸਾਹਮਣੇ ਆਉਣ 'ਤੇ ਪਛਾਣ ਸਕਦੀ ਹੈ।
ਉਸ ਨੇ ਫੋਨ 'ਤੇ ਇਸ ਘਟਨਾ ਦੀ ਜਾਣਕਾਰੀ ਆਪਣੀ ਪਛਾਣ ਵਾਲਿਆਂ ਨੂੰ ਦਿੱਤੀ, ਜਿਨ੍ਹਾਂ ਨੇ ਬਰਾਦਰੀ ਵਿਚ ਬਦਨਾਮੀ ਹੋਣ ਦਾ ਵਾਸਤਾ ਦੇ ਕੇ ਉਸ ਨੂੰ ਚੁੱਪ ਕਰਵਾ ਦਿੱਤਾ ਅਤੇ ਇਜ਼ਹਾਰ ਨਾਲ ਸਮਝੌਤਾ ਕਰਵਾਉਣ ਦੀ ਗੱਲ ਕਹੀ ਪਰ ਇੰਨਾ ਕਹਿਰ ਵਾਪਰਨ ਦੇ ਬਾਵਜੂਦ ਇਜ਼ਹਾਰ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੋਇਆ ਤਾਂ ਮਜਬੂਰ ਹੋ ਕੇ ਉਸ ਨੂੰ ਨਿਆਂ ਲਈ ਪੁਲਸ ਦੇ ਕੋਲ ਜਾਣਾ ਪਿਆ। ਪੀੜਤਾ ਨੇ ਦੱਸਿਆ ਕਿ ਉਹ ਇਸ ਆਸ ਨਾਲ ਪੁਲਸ ਕੋਲ ਗਈ ਸੀ ਕਿ ਉਹ ਉਸ ਦੀ ਆਪਬੀਤੀ ਸੁਣਨ ਤੋਂ ਬਾਅਦ ਮਦਦ ਕਰੇਗੀ ਅਤੇ ਇਨਸਾਫ ਦਿਵਾਏਗੀ ਪਰ ਹੋਇਆ ਇਸ ਦੇ ਬਿਲਕੁਲ ਉਲਟ। ਉਸ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਹੈਬੋਵਾਲ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਰਾਮ ਕ੍ਰਿਸ਼ਨ ਨੇ ਸੁਣਵਾਈ ਕਰਨ ਦੀ ਬਜਾਏ ਦੋਸ਼ੀਆਂ ਨਾਲ ਮਿਲੀਭੁਗਤ ਕਰ ਕੇ ਉਸੇ 'ਤੇ ਸਮਝੌਤੇ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਤੱਕ ਰਾਮ ਕ੍ਰਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਪੀੜਤਾ ਨੇ ਦੱਸਿਆ ਕਿ ਇਸੇ ਦੌਰਾਨ ਲਗਾਤਾਰ ਉਸ ਦਾ ਖੂਨ ਵਹਿੰਦਾ ਰਿਹਾ। ਜਦੋਂ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਤਾਂ ਉਸ ਨੂੰ ਉਸ ਦੇ ਜਾਣਕਾਰਾਂ ਨੇ ਹੈਬੋਵਾਲ ਦੇ ਤੂਰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ। ਬਾਵਜੂਦ ਇਸ ਦੇ ਏ. ਐੱਸ. ਆਈ. ਉਸ 'ਤੇ ਲਗਾਤਾਰ ਸਮਝੌਤੇ ਦਾ ਦਬਾਅ ਬਣਾਉਂਦਾ ਰਿਹਾ ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜੋ ਉਸ ਦੀ ਮਦਦ ਕਰ ਰਹੇ ਸਨ, ਜਿਸ ਤੋਂ ਦੁਖੀ ਹੋ ਕੇ ਉਸ ਨੇ 17 ਜੂਨ ਨੂੰ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਇਨਸਾਫ ਦੀ ਮੰਗ ਕੀਤੀ। ਇਨ੍ਹਾਂ 5 ਮਹੀਨਿਆਂ ਵਿਚ ਉਸ ਨੂੰ ਕਈ ਦੁੱਖਦਾਈ ਹਾਲਾਤ ਤੋਂ ਗੁਜ਼ਰਨਾ ਪਿਆ ਪਰ ਹੁਣ ਉਸ ਨੂੰ ਇਨਸਾਫ ਮਿਲਣ ਦੀ ਆਸ ਫਿਰ ਜਾਗੀ ਹੈ। ਹੁਣ ਉਹ ਦੋਸ਼ੀਆਂ ਨੂੰ ਹਰ ਹਾਲਤ ਵਿਚ ਸਜ਼ਾ ਦਿਵਾ ਕੇ ਰਹੇਗੀ।
ਮਾਮਲੇ ਦੀ ਲਿੱਪਾਪੋਚੀ ਕਰਨ ਵਾਲੇ ਅਧਿਕਾਰੀ 'ਤੇ ਕਾਰਵਾਈ ਹੋਣੀ ਚਾਹੀਦੀ ਹੈ
ਐਡਵੋਕੇਟ ਸੰਜੀਵ ਮਲਹੋਤਰਾ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੀ ਰੂਲਿੰਗ ਮੁਤਾਬਕ ਜੇਕਰ ਕੋਈ ਪੀੜਤਾ ਜਬਰ-ਜ਼ਨਾਹ ਦੀ ਸ਼ਿਕਾਇਤ ਕਰਦੀ ਹੈ ਤਾਂ ਪੁਲਸ ਨੂੰ ਬਿਨਾਂ ਦੇਰੀ ਕੀਤੇ ਕੇਸ ਦਰਜ ਕਰ ਕੇ ਉਸ ਦੀ ਛਾਣਬੀਣ ਕਰਨੀ ਚਾਹੀਦੀ ਹੈ ਅਤੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਪਰ ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਪੁਲਸ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ। ਜੇਕਰ ਪੁਲਸ ਨੇ ਕੇਸ ਦਰਜ ਕਰਨਾ ਹੀ ਸੀ ਤਾਂ ਉਸ ਸਮੇਂ ਕਰ ਲੈਂਦੀ ਅਤੇ ਪੀੜਤਾ ਨੂੰ ਵੀ ਦੁੱਖਦਾਈ ਹਾਲਾਤ ਤੋਂ ਨਾ ਗੁਜ਼ਰਨਾ ਪੈਂਦਾ ਪਰ ਜੋ ਅਧਿਕਾਰੀ ਉਸ ਨੂੰ ਨਿਆਂ ਦਿਵਾਉਣ ਦੀ ਬਜਾਏ ਕੇਸ ਦੀ ਲੀਪਾਪੋਚੀ ਕਰਦਾ ਰਿਹਾ, ਉਸ ਦੇ ਖਿਲਾਫ ਤਾਂ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।
ਉਸ ਸਮੇਂ ਔਰਤ ਸਿਰਫ ਕੁੱਟਮਾਰ ਤੇ ਪੈਸਿਆਂ ਦੇ ਲੈਣ-ਦੇਣ ਦੀ ਸ਼ਿਕਾਇਤ ਲੈ ਕੇ ਆਈ ਸੀ
ਏ. ਐੱਸ. ਆਈ. ਰਾਮ ਕ੍ਰਿਸ਼ਨ ਦਾ ਕਹਿਣਾ ਹੈ ਕਿ ਉਸ ਨੂੰ ਹੈਬੋਵਾਲ ਤੋਂ ਥਾਣੇ ਵਿਚ ਤਬਦੀਲ ਹੋਏ 5 ਮਹੀਨੇ ਬੀਤ ਚੁੱਕੇ ਹਨ। ਇਹ ਔਰਤ ਆਪਣੇ ਪਤੀ ਵੱਲੋਂ ਕੁੱਟਮਾਰ ਕਰਨ ਅਤੇ ਪੈਸਿਆਂ ਦੇ ਲੈਣ-ਦੇਣ ਦੀ ਸ਼ਿਕਾਇਤ ਲੈ ਕੇ ਮੇਰੇ ਕੋਲ ਆਈ ਸੀ। ਉਦੋਂ ਕੇਸ ਉਸ ਨੇ ਐੱਸ. ਐੱਚ. ਓ. ਦੇ ਧਿਆਨ ਵਿਚ ਲਿਆ ਦਿੱਤਾ ਸੀ। ਉਸ ਸਮੇਂ ਜਬਰ-ਜ਼ਨਾਹ ਦੀ ਕੋਈ ਸ਼ਿਕਾਇਤ ਨਹੀਂ ਸੀ। ਬਾਅਦ ਵਿਚ ਔਰਤ ਨੇ ਇਸ ਦੀ ਸ਼ਿਕਾਇਤ ਕੀਤੀ ਹੋਵੇਗੀ, ਉਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ 'ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਇੰਨਾ ਵੱਡਾ ਕਾਂਡ ਕੀ ਕੋਈ ਮੇਰੇ ਵਰਗੇ ਪੱਧਰ ਦਾ ਅਧਿਕਾਰੀ ਦਬਾਅ ਸਕਦਾ ਹੈ, ਉਸ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਜ਼ਹਾਰ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ
ਇਜ਼ਹਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਜ਼ਹਾਰ ਅਤੇ ਉਸ ਦੇ ਦੋਸਤਾਂ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਝੂਠੇ ਕੇਸ ਵਿਚ ਫਸਾਇਆ ਗਿਆ ਹੈ, ਉਹ ਨਿਰਦੋਸ਼ ਹਨ।


Related News