ਕੈਨੇਡਾ ਤੋਂ ਪਰਤਣ ਮਗਰੋਂ ਪਤੀ ਨੇ ਅਪਣਾਉਣ ਤੋਂ ਕੀਤੀ ਨਾਂਹ, ਔਰਤ ਦੀ ਸ਼ਿਕਾਇਤ ’ਤੇ ਕੇਸ ਦਰਜ
Wednesday, Apr 15, 2026 - 02:52 AM (IST)
ਜਲੰਧਰ (ਕਸ਼ਿਸ਼) - ਇਕ ਵਿਆਹੁਤਾ ਨੂੰ ਕੈਨੇਡਾ ਤੋਂ ਪਰਤਣ ਤੋਂ ਬਾਅਦ ਪਤੀ ਵਲੋਂ ਅਪਣਾਉਣ ਤੋਂ ਨਾਂਹ ਕਰ ਦਿੱਤੀ ਗਈ, ਜਿਸ ਕਾਰਨ ਦੁਖੀ ਹੋ ਕੇ ਉਸ ਨੇ ਮਹਿਲਾ ਪੁਲਸ ਥਾਣੇ ਵਿਚ ਪਤੀ ਖਿਲਾਫ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਵਿਆਹੁਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪੀੜਤ ਦਿਵਿਆ ਸ਼ਰਮਾ ਨਿਵਾਸੀ ਜਲੰਧਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਮੁਲਾਕਾਤ ਸਾਲ 2021 ਵਿਚ ਜਲੰਧਰ ਦੇ ਇਕ ਆਈਲੈਟਸ ਸੈਂਟਰ ਵਿਚ ਨਿਖਿਲ ਛਾਬੜਾ ਨਾਲ ਹੋਈ ਸੀ। ਦੋਵਾਂ ਵਿਚਾਲੇ ਦੋਸਤੀ ਹੋਈ ਅਤੇ ਬਾਅਦ ਵਿਚ ਨਿਖਿਲ ਨੇ ਵਿਆਹ ਦਾ ਪ੍ਰਸਤਾਵ ਰੱਖਿਆ। ਸ਼ਿਕਾਇਤ ਅਨੁਸਾਰ ਅਪ੍ਰੈਲ 2022 ਵਿਚ ਦਿਵਿਆ ਕੈਨੇਡਾ ਚਲੀ ਗਈ ਪਰ ਇਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਗੱਲਬਾਤ ਜਾਰੀ ਰਹੀ। ਇਸ ਦੌਰਾਨ ਨਿਖਿਲ ਕਥਿਤ ਤੌਰ ’ਤੇ ਬਹਾਨੇ ਬਣਾ ਕੇ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਰਿਹਾ। ਦਿਵਿਆ ਨੇ ਪੁਲਸ ਨੂੰ ਬੈਂਕ ਟ੍ਰਾਂਜੈਕਸ਼ਨ ਦੇ ਸਕ੍ਰੀਨਸ਼ਾਟ ਸੌਂਪੇ, ਜਿਨ੍ਹਾਂ ਵਿਚ ਲਗਭਗ 7 ਤੋਂ 8 ਲੱਖ ਰੁਪਏ ਨਿਖਿਲ ਦੇ ਖਾਤੇ ਵਿਚ ਭੇਜੇ ਗਏ ਸਨ।
ਸ਼ਿਕਾਇਤ ਮੁਤਾਬਕ ਫਰਵਰੀ 2024 ਨੂੰ ਜਲੰਧਰ ਦੇ ਵ੍ਹਾਈਟ ਡਾਇਮੰਡ ਰਿਜ਼ਾਰਟ ਵਿਚ ਦੋਵਾਂ ਦਾ ਵਿਆਹ ਹੋਇਆ। ਵਿਆਹ ਵਿਚ ਲੜਕੀ ਧਿਰ ਨੇ ਸੋਨੇ ਦੇ ਗਹਿਣੇ, ਘਰੇਲੂ ਸਾਮਾਨ ਅਤੇ ਲਗਭਗ 5 ਲੱਖ ਰੁਪਏ ਦਾ ਫਰਨੀਚਰ ਦਿੱਤਾ। ਇਸ ਤੋਂ ਬਾਅਦ 1 ਅਪ੍ਰੈਲ 2024 ਨੂੰ ਦਿਵਿਆ ਵਾਪਸ ਕੈਨੇਡਾ ਚਲੀ ਗਈ।
ਪੀੜਤਾ ਅਨੁਸਾਰ ਕੈਨੇਡਾ ਜਾਣ ਤੋਂ ਬਾਅਦ ਸਹੁਰੇ ਧਿਰ ਨੇ ਉਸ ’ਤੇ ਪਤੀ ਨਿਖਿਲ ਨੂੰ ਜਲਦ ਵਿਦੇਸ਼ ਬੁਲਾਉਣ ਦਾ ਦਬਾਅ ਬਣਾਇਆ। ਬਾਅਦ ਵਿਚ 4 ਸਤੰਬਰ 2024 ਨੂੰ ਨਿਖਿਲ ਵੀ ਕੈਨੇਡਾ ਪਹੁੰਚ ਗਿਆ ਅਤੇ ਦਿਵਿਆ ਨਾਲ ਰਹਿਣ ਲੱਗਾ। ਇਸੇ ਦੌਰਾਨ ਪਤੀ-ਪਤਨੀ ਵਿਚਾਲੇ ਵਿਵਾਦ ਵਧ ਗਿਆ। ਦੋਸ਼ ਹੈ ਕਿ ਇਕ ਘਰੇਲੂ ਬਹਿਸ ਤੋਂ ਬਾਅਦ ਨਿਖਿਲ ਨੇ ਕੈਨੇਡਾ ਪੁਲਸ ਬੁਲਾ ਕੇ ਆਪਣੀ ਪਤਨੀ ਖਿਲਾਫ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਦਿਵਿਆ ਨੂੰ ਘਰ ਛੱਡਣਾ ਪਿਆ। ਇਸ ਘਟਨਾ ਤੋਂ ਬਾਅਦ ਉਸ ਦੀ ਨੌਕਰੀ ਵੀ ਚਲੀ ਗਈ।
ਪੀੜਤਾ ਅਨੁਸਾਰ ਨਿਖਿਲ ਨੇ ਬਾਅਦ ਵਿਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ। ਇਸ ਤੋਂ ਬਾਅਦ ਦਿਵਿਆ 20 ਦਸੰਬਰ 2025 ਨੂੰ ਭਾਰਤ ਪਰਤ ਆਈ। ਭਾਰਤ ਆਉਣ ’ਤੇ ਜਦੋਂ ਉਹ ਸਹੁਰੇ ਘਰ ਪਹੁੰਚੀ ਤਾਂ ਉਸ ਦੇ ਪਤੀ ਨੇ ਉਸ ਨੂੰ ਅਪਣਾਉਣ ਤੋਂ ਨਾਂਹ ਕਰ ਦਿੱਤੀ ਅਤੇ ਘਰ ਵਿਚ ਦਾਖਲ ਨਹੀਂ ਹੋਣ ਦਿੱਤਾ, ਜਿਸ ਕਾਰਨ ਉਹ ਆਪਣੇ ਪੇਕੇ ਘਰ ਰਹਿਣ ਲਈ ਮਜਬੂਰ ਹੋ ਗਈ। ਪੁਲਸ ਜਾਂਚ ਤੋਂ ਬਾਅਦ ਨਿਖਿਲ ਛਾਬੜਾ ਨਿਵਾਸੀ ਮਾਡਲ ਹਾਊਸ, ਜਲੰਧਰ (ਹਾਲ ਨਿਵਾਸੀ ਕੈਨੇਡਾ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
