ਬਿਹਾਰ ''ਚ ਹੋਏ ਸਮੂਹਿਕ ਜਬਰ-ਜ਼ਨਾਹ ਨੇ ਦਿੱਲੀ ਦੇ ਨਿਰਭਯ ਕਾਂਡ ਦੀ ਯਾਦ ਨੂੰ ਤਾਜ਼ਾ ਕੀਤਾ

08/14/2019 4:11:35 PM

ਜਲੰਧਰ (ਧਵਨ) : ਬਿਹਾਰ ਵਿਖੇ ਸਮੂਹਿਕ ਹੋਏ ਜਬਰ-ਜ਼ਨਾਹ ਦੀ ਘਟਨਾ ਨੇ ਦਿੱਲੀ ਦੇ ਨਿਰਭਯ ਕਾਂਡ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ। ਉਕਤ ਕਾਂਡ ਦਸੰਬਰ 2012 'ਚ ਵਾਪਰਿਆ ਸੀ। ਨਿਰਭਯ ਕਾਂਡ ਵਾਂਗ ਹੀ ਬਿਹਾਰ ਦੀ ਰਹਿਣ ਵਾਲੀ ਇਕ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਵਾਪਰੀ। ਇਸ ਦਾ ਸਭ ਤੋਂ ਵੱਧ ਦੁਖਦਾਈ ਪੱਖ ਇਹ ਰਿਹਾ ਕਿ ਡਾਕਟਰਾਂ ਨੇ ਪੀੜਤ ਕੁੜੀ ਦਾ ਇਲਾਜ ਕਰਨ 'ਚ 3 ਘੰਟਿਆਂ ਦੀ ਦੇਰੀ ਕਰ ਦਿੱਤੀ ਕਿਉਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਪੁਲਸ ਕੇਸ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਪਹਿਲਾਂ ਪੁਲਸ ਕੋਲ ਐੱਫ. ਆਈ. ਆਰ. ਦਰਜ ਕਰਵਾਉਣੀ ਚਾਹੀਦੀ ਹੈ।

ਪੁਲਸ ਅਤੇ ਪਿੰਡ ਵਾਲਿਆਂ ਕੋਲੋਂ ਮਿਲੀਆਂ ਰਿਪੋਰਟਾਂ ਮੁਤਾਬਕ ਕੁੜੀ ਨੂੰ ਉਸ ਦੇ ਜਾਣ ਪਛਾਣ ਵਾਲੇ ਹੀ ਗੁੰਮਰਾਹ ਕਰ ਕੇ ਲੈ ਗਏ ਅਤੇ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਕੁੜੀ ਦੇ ਪ੍ਰਾਈਵੇਟ ਪਾਰਟ 'ਚ ਲੋਹੇ ਦੀ ਰਾਡ ਪਾ ਦਿੱਤੀ। ਅਜਿਹਾ ਹੀ ਦਿੱਲੀ 'ਚ ਨਿਰਭਯ ਕਾਂਡ ਦੌਰਾਨ ਹੋਇਆ ਸੀ। ਇਸ ਵਾਰ ਮੁਲਜ਼ਮਾਂ ਦਾ ਇਰਾਦਾ ਕੁੜੀ ਦੀ ਹੱਤਿਆ ਦਾ ਸੀ। ਕਿਸੇ ਤਰ੍ਹਾਂ ਕੁੜੀ ਬਚ ਕੇ ਆਪਣੇ ਘਰ ਪਹੁੰਚ ਗਈ ਅਤੇ ਬੇਹੋਸ਼ ਹੋ ਗਈ। ਪਰਿਵਾਰ ਦੇ ਮੈਂਬਰ ਉਸ ਨੂੰ ਇਕ ਨੇੜਲੇ ਹਸਪਤਾਲ 'ਚ ਲੈ ਗਏ। ਹੋਸ਼ ਆਉਣ 'ਤੇ ਕੁੜੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਾਰੇ ਦੱਸਿਆ। ਕੁੜੀ ਦੀ ਹਾਲਤ ਨੂੰ ਚਿੰਤਾਜਨਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪਟਨਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ। ਪਰਿਵਾਰ ਦੇ ਮੈਂਬਰਾਂ ਦਾ ਦੋਸ਼ ਹੈ ਕਿ ਇਸ ਹਸਪਤਾਲ 'ਚ ਡਾਕਟਰਾਂ ਨੇ ਕੁੜੀ ਦਾ ਇਲਾਜ 3 ਘੰਟੇ ਤਕ ਨਹੀਂ ਕੀਤਾ। ਉਹ ਪਹਿਲਾਂ ਐੱਫ. ਆਈ. ਆਰ ਦੀ ਕਾਪੀ ਦੇਖਣੀ ਚਾਹੁੰਦੇ ਸਨ ਪਰ ਸਥਾਨਕ ਮੀਡੀਆ ਦੇ ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ।
ਸਾਰਨ ਜ਼ਿਲੇ ਦੇ ਪੁਲਸ ਮੁਖੀ ਹਰਕਿਸ਼ੋਰ ਰਾਏ ਨੇ ਜਬਰ ਜ਼ਨਾਹ ਦੀ ਘਟਨਾ ਦੀ ਪੁਸ਼ਟੀ ਕੀਤੀ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁੜੀ ਦੇ ਪ੍ਰਾਈਵੇਟ ਪਾਰਟ 'ਚ ਲੋਹੇ ਦੀ ਰਾਡ ਪਾਈ ਗਈ ਸੀ। ਪੁਲਸ ਨੇ ਇਸ ਘਟਨਾ ਸਬੰਧੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਤੀਜਾ ਅਜੇ ਫਰਾਰ ਹੈ। ਬਿਹਾਰ ਦੀ ਸਿਆਸਤ 'ਚ ਇਹ ਮੁੱਦਾ ਨਿਰਭਯ ਕਾਂਡ ਵਾਂਗ ਭਖ ਗਿਆ ਹੈ। ਸੂਬੇ ਦੀਆਂ ਔਰਤਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਮੁਲਜ਼ਮਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ।

 


Anuradha

Content Editor

Related News