ਵਿਦੇਸ਼ ਜਾਣ ਦੀ ਫਿਰਾਕ 'ਚ ਸੀ ਗ੍ਰਿਫਤਾਰ 'ਚੀਤਾ' ਤੇ 'ਗਗਨ', NIA ਕਰ ਰਹੀ ਹੈ ਪੁੱਛਗਿੱਛ
Sunday, May 17, 2020 - 10:02 AM (IST)
ਅੰਮ੍ਰਿਤਸਰ (ਸੰਜੀਵ)— 532 ਕਿੱਲੋ ਹੈਰੋਇਨ ਰਿਕਵਰੀ 'ਚ ਗ੍ਰਿਫਤਾਰ ਕੀਤਾ ਮੋਸਟ ਵਾਂਟੇਡ ਹੈਰੋਇਨ ਸਮੱਗਲਰ ਰਣਜੀਤ ਸਿੰਘ ਚੀਤਾ ਆਪਣੇ ਭਰਾ ਗਗਨਦੀਪ ਸਿੰਘ ਦੇ ਨਾਲ ਭਾਰਤ ਛੱਡ ਵਿਦੇਸ਼ ਭੱਜਣ ਦੀ ਫਿਰਾਕ 'ਚ ਸੀ। ਫਿਲਹਾਲ ਪੁਲਸ ਨੇ ਚੀਤੇ ਦੇ ਭਰਾ ਗਗਨਦੀਪ ਦਾ ਸੁਖਦਿਆਲ ਸਿੰਘ ਦੇ ਨਾਂ 'ਤੇ ਬਣਾਇਆ ਗਿਆ ਜਾਅਲੀ ਪਾਸਪੋਰਟ ਵੀ ਬਰਾਮਦ ਕਰ ਲਿਆ ਹੈ। ਇਸ ਮਾਮਲੇ 'ਚ ਚੀਤਾ ਨੇ ਅੰਮ੍ਰਿਤਸਰ ਪੁਲਸ ਨੂੰ ਰਾਮਤੀਰਥ ਰੋਡ 'ਤੇ ਬੰਦ ਪਈ ਇਕ ਦੁੱਧ ਦੀ ਡੇਅਰੀ ਤੋਂ 10 ਕਰੋੜ ਦੀ ਹੈਰੋਇਨ ਰਿਕਵਰ ਕਰਵਾਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸਿਰਸਾ ਪੁਲਸ ਵੱਲੋਂ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਨੂੰ ਸ਼ਰਨ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਉਸ ਦੇ ਸਾਂਢੂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਸੀ ਅਤੇ ਉਸ ਨੂੰ ਹੈਰੋਇਨ ਸਮੱਗਲਰ ਰਣਜੀਤ ਸਿੰਘ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਦੇ ਸਾਹਮਣੇ ਬਿਠਾ ਕੇ ਬਾਰੀਕੀ ਨਾਲ ਪੁੱਛਗਿਛ ਵੀ ਕੀਤੀ ਗਈ।
ਘਰ ਦੀਆਂ ਔਰਤਾਂ ਦੇ ਨਾਂ 'ਤੇ ਜਾਇਦਾਦ ਬਣਾਉਦਾ ਸੀ ਚੀਤਾ ਅਤੇ ਉਸ ਦਾ ਭਰਾ ਗਗਨ
ਪੁਲਸ ਰਿਮਾਂਡ ਦੌਰਾਨ ਚੱਲ ਰਹੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਖਤਰਨਾਕ ਸਮੱਗਲਰ ਰਣਜੀਤ ਸਿੰਘ ਚੀਤਾ ਅਤੇ ਉਸ ਦਾ ਭਰਾ ਗਗਨ ਘਰ ਦੀਆਂ ਔਰਤਾਂ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਰਹੇ ਸਨ। ਫਿਲਹਾਲ ਪੁਲਸ ਨੂੰ ਪਤਾ ਲੱਗਾ ਹੈ ਕਿ ਚੀਤੇ ਨੇ ਬਹੁਤ ਸਾਰੀ ਜਾਇਦਾਦ ਆਪਣੇ ਭਰਾ ਗਗਨ ਦੀ ਪਤਨੀ ਪੂਜਾ ਦੇ ਨਾਂ 'ਤੇ ਖਰੀਦ ਰੱਖੀ ਹੈ। ਪੁਲਸ ਚੀਤਾ ਅਤੇ ਉਸ ਦੇ ਭਰਾ ਵੱਲੋਂ ਡਰੱਗ ਮਨੀ ਨਾਲ ਬਣਾਈਆਂ ਗਈਆਂ ਸਾਰੀਆਂ ਜਾਇਦਾਦਾਂ ਦਾ ਬਿਓਰਾ ਇਕੱਠਾ ਕਰ ਰਹੀ ਹੈ।
ਐੱਨ. ਆਈ. ਏ. ਕਰ ਰਹੀ ਹੈ ਚੀਤੇ ਤੋਂ ਪੁੱਛਗਿੱਛ
ਬੇਸ਼ੱਕ ਖਤਰਨਾਕ ਹੈਰੋਇਨ ਤਸੱਕਰ ਰਣਜੀਤ ਸਿੰਘ ਚੀਤਾ ਨੂੰ ਜ਼ਿਲਾ ਪੁਲਸ ਹਰਿਆਣਾ ਦੇ ਸਿਰਸਾ ਤੋਂ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲੈ ਕੇ ਆਈ ਸੀ ਪਰ ਹੁਣ ਐੱਨ. ਆਈ. ਏ. ਵੱਲੋਂ ਉਸ ਨੂੰ 532 ਕਿੱਲੋ ਹੈਰੋਇਨ ਰਿਕਵਰੀ ਦੇ ਮਾਮਲੇ 'ਚ ਪੁਲਸ ਰਿਮਾਂਡ 'ਤੇ ਲੈ ਲਿਆ ਗਿਆ ਹੈ। ਐੱਨ. ਆਈ. ਏ. ਦੀ ਜਾਂਚ ਦੌਰਾਨ ਚੀਤਾ ਕਈ ਵੱਡੇ ਖੁਲਾਸੇ ਕਰ ਰਿਹਾ ਹੈ, ਜਿਸ 'ਚ 532 ਕਿੱਲੋ ਹੈਰੋਇਨ ਦੇ ਅੰਮ੍ਰਿਤਸਰ ਆਉਣ ਦੇ ਪਿੱਛੇ ਬੈਠੇ ਉਸ ਦੇ ਆਕਾਵਾਂ ਉਹ ਇਸ ਦੀ ਡਿਲਿਵਰੀ ਦੇ ਗਾਰੰਟਰ ਦਾ ਵੀ ਪਤਾ ਲਾਇਆ ਜਾ ਰਿਹਾ ਹੈ।
ਇਹ ਕਹਿਣਾ ਹੈ ਡੀ. ਸੀ. ਪੀ. ਦਾ
ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੁਲਸ ਰਣਜੀਤ ਸਿੰਘ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਸਿੰਘ ਦੀ ਗ੍ਰਿਫਤਾਰੀ ਬਾਅਦ ਹੁਣ ਇੰਨ੍ਹਾ ਦੇ ਤੀਸਰੇ ਮੋਸਟ ਵਾਂਟੇਡ ਸਾਥੀ ਇਕਬਾਲ ਸਿੰਘ ਨੂੰ ਟ੍ਰੇਸ ਕਰ ਰਹੀ ਹੈ, ਜਿਸ ਨੂੰ ਬਹੁਤ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਚੀਤੇ ਅਤੇ ਉਸ ਦੇ ਭਰਾ ਵਲੋਂ ਡਰੱਗ ਮਨੀ ਨਾਲ ਖਰੀਦੀਆਂ ਗਈਆਂ ਸਾਰੀਆਂ ਜਾਇਦਾਦਾਂ ਦਾ ਬਿਓਰਾ ਤਿਆਰ ਕੀਤਾ ਗਿਆ ਹੈ, ਜਿਸ ਨੂੰ ਐੱਨ. ਆਈ. ਏ. ਨੂੰ ਸੌਪਿਆ ਜਾਵੇਗਾ ਤਾਂ ਕਿ ਇੰਨ੍ਹਾਂ ਤਸੱਕਰਾਂ ਦੀਆਂ ਸਾਰੀਆਂ ਜਾਇਦਾਦਾਂ ਸੀਲ ਕੀਤੀਆਂ ਜਾ ਸਕਣ।