ਵਿਸਾਖੀ ਮੌਕੇ ਇਕੱਠ ਨਾ ਕਰੇ ਸੰਗਤ, ਰੰਧਾਵਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤੀ ਅਪੀਲ
Wednesday, Apr 01, 2020 - 05:16 PM (IST)
ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਅਤੇ ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਵਿਸਾਖੀ ਮੌਕੇ ਇਕੱਠ ਨਾ ਕਰਨ ਲਈ ਕਹਿਣ। ਉਨ੍ਹਾਂ ਕਿਹਾ ਕਿ ਕੋਵਿਡ-19 ਸੰਕਟ ਦੇ ਚੱਲਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹਤਿਆਤ ਵਜੋਂ ਸਰੀਰਕ ਵਿੱਥ ਨੂੰ ਜ਼ਰੂਰੀ ਬਣਾਏ ਰੱਖਣਾ ਹੀ ਇਸ ਖਤਰਨਾਕ ਮਹਾਂਮਾਰੀ ਦਾ ਇਕੋਂ-ਇਕ ਇਲਾਜ ਅਤੇ ਪਰਹੇਜ਼ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ 'ਚ ਕੈਬਨਿਟ ਮੰਤਰੀ ਰੰਧਾਵਾ ਨੇ ਜਥੇਦਾਰ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ,''ਆਪ ਜੀ ਭਲੀਭਾਂਤ ਜਾਣੂੰ ਹੋ ਅਤੇ ਇਸ ਵੇਲੇ ਸਭ ਜਾਨਲੇਵਾ ਰੋਗ ਕੋਰੋਨਾ ਵਾਇਰਸ ਦੇ ਸੰਕਟ 'ਚੋਂ ਗੁਜ਼ਰ ਰਹੇ ਹਨ।
ਇਹ ਵੀ ਪੜ੍ਹੋ ► ਕੈਪਟਨ ਨੂੰ ਪਠਲਾਵਾ ਵਾਸੀਆਂ ਨੇ ਲਿਖੀ ਚਿੱਠੀ, ਸਾਂਝੀਆਂ ਕੀਤੀਆਂ ਬਲਦੇਵ ਸਿੰਘ ਬਾਰੇ ਅਹਿਮ ਗੱਲਾਂ
ਇਹ ਹੋਰ ਵੀ ਚਿੰਤਾ ਦਾ ਵਿਸ਼ਾ ਹੈ ਕਿ ਇਹ ਰੋਗ ਮਨੁੱਖ ਨਾਲ ਮਨੁੱਖ ਦੇ ਸੰਪਰਕ ਤੋਂ ਹੋਰ ਵੱਧ ਪੈਰ ਪਸਾਰ ਰਿਹਾ ਹੈ। ਕੁਝ ਦਿਨਾਂ ਬਾਅਦ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਪਵਿੱਤਰ ਤਿਉਹਾਰ ਆ ਰਿਹਾ ਹੈ, ਜਿਸ ਦੌਰਾਨ ਸੰਗਤ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੀ ਹੈ। ਇਸ ਵਾਰ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਸੰਗਤ ਦੇ ਇਕੱਤਰ ਹੋਣ ਤੋਂ ਬਚਿਆ ਜਾਣਾ ਚਾਹੀਦਾ ਹੈ।'' ਰੰਧਾਵਾ ਨੇ ਨਿਮਾਣੇ ਸਿੱਖ ਵਜੋਂ ਜਥੇਦਾਰ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ,''ਆਪ ਜੀ ਨੂੰ ਬੇਨਤੀ ਹੈ ਕਿ ਹਮੇਸ਼ਾ ਵਾਂਗ ਕੌਮ ਦੀ ਅਗਵਾਈ ਕਰਦੇ ਹੋਏ ਆਪ ਸਿੱਖ ਕੌਮ ਨੂੰ ਇਸ ਵਾਰ ਇੱਕਤਰ ਨਾ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਸਭ ਨੂੰ ਆਪਣੇ ਘਰਾਂ 'ਚ ਰਹਿ ਕੇ ਕੌਮ ਦੀ ਚੜ੍ਹ•ਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਦੋ ਡੰਗ ਦੀ ਰੋਟੀ ਤੋਂ ਮੁਥਾਜ ਲੋਕਾਂ ਦੀ ਮਦਦ ਕਰਨ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੰਦੇਸ਼ ਦਿਓ ਤਾਂ ਕਿ ਮਨੁੱਖਤਾ ਨੂੰ ਇਸ ਸੰਕਟ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।''
ਇਹ ਵੀ ਪੜ੍ਹੋ ► ਕੋਰੋਨਾ ਕਾਰਨ ਪੰਜਾਬ ਦੇ 19 ਲੱਖ ਵਿਦਿਆਰਥੀਆਂ ਤੱਕ ਨਹੀਂ ਪਹੁੰਚ ਰਿਹਾ ਮਿਡ ਡੇਅ ਮੀਲ
ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਆਪਣੇ-ਆਪਣੇ ਪੱਧਰ 'ਤੇ ਪਹਿਲ ਕਦਮੀ ਕੀਤੀ ਜਾ ਰਹੀ ਹੈ। ਵਿਸ਼ਵ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਖਾਸ ਅਪੀਲ ਕੀਤੀ ਹੈ। ਅਪੀਲ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਾਰੇ ਵਿਸ਼ਵ 'ਚ ਮਨੁੱਖੀ ਜਾਤੀ ਕੋਰੋਨਾ ਵਾਇਰਸ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੇ ਫਲਸਫੇ ਨੂੰ ਮੰਨਦੇ ਹੋਏ ਸਰਬਤ ਦੇ ਭਲੇ ਦੀ ਕਾਮਨਾ ਕਰਦਾ ਹੈ। ਇਸ ਲਈ ਸਾਰੀ ਮਾਨਵਤਾ ਦਾ ਇਸ ਖਤਰੇ 'ਚ ਮਦਦ ਕਰਨਾ ਸਿੱਖ ਕੌਮ ਦਾ ਜ਼ਰੂਰੀ ਫਰਜ਼ ਹੈ।
ਇਹ ਵੀ ਪੜ੍ਹੋ ► ਬੇਗੋਵਾਲ ਦੇ ਨੇੜਲੇ ਪਿੰਡ 'ਚ ਮਿਲਿਆ ਕੋਰੋਨਾ ਦਾ ਸ਼ੱਕੀ ਮਰੀਜ਼
ਉਨ੍ਹਾਂ ਕਿਹਾ ਕਿ 'ਗੁਰੂ ਦੀ ਗੋਲਕ ਗਰੀਬ ਦਾ ਮੁੱਖ' ਅਨੁਸਾਰ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ-ਆਪਣੇ ਇਲਾਕਿਆਂ 'ਚ ਲੋੜਵੰਦਾਂ ਦੀ ਹਰ ਪਾਸਿਓਂ ਮਦਦ ਕਰਨ ਲਈ ਅੱਗੇ ਆਉਣ। ਖਾਸ ਕਰਕੇ ਵਿਦੇਸ਼ਾਂ 'ਚ ਪੜ੍ਹਨ ਗਏ ਵਿਦਿਆਰਥੀਆਂ ਦੀ ਮਦਦ ਲਈ ਗੁਰੂ ਘਰਾਂ ਦੇ ਖਜਾਨੇ ਦਾ ਇਸਤੇਮਾਲ ਖੁੱਲ੍ਹ ਕੇ ਕੀਤਾ ਜਾਵੇ।