ਹਲਕਾ ਭੁਲੱਥ ਦੇ ਲੋਕਾਂ ਨੂੰ ਮਿਲੇ ਰਾਣਾ ਗੁਰਜੀਤ, ਕਿਹਾ-ਜਲਦੀ ਹੀ ਕੈਪਟਨ ਅਮਰਿੰਦਰ ਵੀ ਕਰਨਗੇ ਦੌਰਾ

07/24/2017 2:57:06 PM

ਕਪੂਰਥਲਾ(ਮੱਲ੍ਹੀ)— ਜ਼ਿਲਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਵੱਡੀ ਗਿਣਤੀ 'ਚ ਲੋਕ ਐਤਵਾਰ ਨੂੰ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਏਕਤਾ ਭਵਨ ਵਿਖੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੂੰ ਮਿਲੇ ਅਤੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਲਖਵਿੰਦਰ ਸਿੰਘ ਹਮੀਰਾ ਅਤੇ ਕਾਂਗਰਸ ਪਾਰਟੀ ਦੇ ਉਭਰਦੇ ਨੌਜਵਾਨ ਆਗੂ ਗੋਰਾ ਗਿੱਲ ਦੇ ਵਿਸ਼ੇਸ਼ ਯਤਨਾਂ ਨਾਲ ਆਯੋਜਿਤ ਉਕਤ ਅਹਿਮ ਮੀਟਿੰਗ 'ਚ ਹਾਜ਼ਰ ਜਾਰਜ ਸ਼ੁਭ ਕਮਲ, ਜਸਵੀਰ ਸਿੰਘ, ਨੰਬਰਦਾਰ ਬਲਦੇਵ ਸਿੰਘ ਮੰਡ, ਸੁਖਜੀਤ ਸਿੰਘ ਅਕਬਰਪੁਰ, ਪ੍ਰਿੰਸੀਪਲ ਗੁਰਮੀਤ ਸਿੰਘ ਬੱਸੀ, ਪ੍ਰੋ. ਬਲਵਿੰਦਰ ਸਿੰਘ, ਸਵਿੰਦਰ ਸਿੰਘ ਬਿੱਟੂ, ਬਲਧਾਰ ਰਾਮ, ਅਵਤਾਰ ਸਿੰਘ ਫਿਰੋਜ਼ ਸੰਗੋਜਲਾ, ਬਾਬਾ ਜਗੀਰ ਸਿੰਘ ਬੱਲੋਚੱਕ, ਸੁਖਚੈਨ ਸਿੰਘ, ਰੂਪ ਸਿੰਘ, ਮਲੂਕ ਸਿੰਘ ਜੱਬੋਵਾਲ, ਕੁਲਵੰਤ ਸਿੰਘ ਫਤਿਹਗੜ੍ਹ, ਸੁਖਦੇਵ ਰਾਜ ਜੰਗੀ, ਮਨਜੀਤ ਸਿੰਘ ਰਾਮਗੜ੍ਹੀਆ, ਲਵਲੀ ਜੱਟ ਤੇ ਅਮਨ ਸਿੰਘ ਚੀਮਾ ਆਦਿ ਦੀ ਹਾਜ਼ਰੀ ਦੌਰਾਨ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭੁਲੱਥ ਨਿਵਾਸੀ ਫਿਕਰ ਨਾ ਕਰਨ ਹਲਕਾ ਭੁਲੱਥ ਦੇ ਪਿੰਡਾਂ ਅਤੇ ਕਸਬਿਆਂ ਦਾ ਹੋਰਨਾਂ ਸ਼ਹਿਰਾਂ ਵਾਂਗ ਚੌਤਰਫਾ ਵਿਕਾਸ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹਲਕਾ ਭੁਲੱਥ ਦਾ ਦੌਰਾ ਕਰਨਗੇ ਅਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਉਨ੍ਹਾਂ ਦੀ ਮੁੱਖ ਮੰਗਾਂ ਨੂੰ ਪੂਰਾ ਕਰਨਗੇ। 
ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦੀ ਨਜ਼ਰ ਭੁਲੱਥ ਹਲਕੇ 'ਤੇ ਹੈ, ਕਿਉਂਕਿ ਕਾਂਗਰਸ ਪਾਰਟੀ ਹਲਕਾ ਭੁਲੱਥ ਤੋਂ ਵਿਧਾਨ ਸਭਾ ਚੋਣਾਂ 2017 ਹਾਰ ਗਈ ਸੀ ਅਤੇ ਭਵਿੱਖ 'ਚ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਹਾਈ ਕਮਾਂਡ ਕਿਸੇ ਤਰ੍ਹਾਂ ਦਾ ਕੋਈ ਵੀ ਜੋਖਮ ਨਹੀਂ ਲਵੇਗੀ, ਸਗੋਂ ਕਾਂਗਰਸ ਵਿਰੋਧੀਆਂ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਮੈਦਾਨ 'ਚ ਉਤਰੇਗੀ। ਉਨ੍ਹਾਂ ਮੀਟਿੰਗ 'ਚ ਪਹੁੰਚੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਕਿਹਾ ਕਿ ਉਹ ਹਲਕਾ ਭੁਲੱਥ 'ਚ ਕਾਂਗਰਸ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ।


Related News