ਸੋਸ਼ਲ ਮੀਡੀਆ 'ਤੇ ਭਿੜੇ ਪੰਜਾਬੀ ਗਾਇਕ, ਰੰਮੀ ਰੰਧਾਵਾ ਗ੍ਰਿਫਤਾਰ

09/11/2019 2:57:16 PM

ਮੋਹਾਲੀ (ਕੁਲਦੀਪ) : ਪਿਛਲੇ ਕਈ ਦਿਨਾਂ ਤੋਂ ਪੰਜਾਬੀ ਗਾਇਕਾਂ ਰੰਧਾਵਾ ਬ੍ਰਦਰਜ਼ ਅਤੇ ਐਲੀ ਮਾਂਗਟ ਵਿਚਕਾਰ ਸੋਸ਼ਲ ਮੀਡੀਆ 'ਤੇ ਲੜਾਈ ਚੱਲ ਰਹੀ ਹੈ। ਇਸ ਦਾ ਪਤਾ ਜਿਵੇਂ ਹੀ ਮੋਹਾਲੀ ਪੁਲਸ ਨੂੰ ਲੱਗਿਆ ਤਾਂ ਪੁਲਸ ਨੇ ਗਾਇਕਾਂ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਤੋਂ ਪਹਿਲਾਂ ਹੀ ਗਾਇਕ ਰੰਮੀ ਰੰਧਾਵਾ ਨੂੰ ਮੋਹਾਲੀ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਗਾਇਕ ਰੰਮੀ ਰੰਧਾਵਾ ਇਸ ਸਮੇਂ ਮੋਹਾਲੀ ਦੇ ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟਸ 'ਚ ਰਹਿ ਰਿਹਾ ਹੈ। ਪੁਲਸ ਨੇ ਰੰਧਾਵਾ ਨੂੰ ਪੁੱਛਗਿਛ ਲਈ ਹੇਠਾਂ ਬੁਲਾਇਆ, ਜਿਸ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੱਤਰਕਾਰਾਂ ਵਲੋਂ 11 ਸਤੰਬਰ ਨੂੰ ਹੋਣ ਵਾਲੇ ਖੂਨੀ ਸੰਘਰਸ਼ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਐੱਸ. ਐੱਚ. ਓ. ਸੋਹਾਣਾ ਰਾਜੇਸ਼ ਹਸਤੀਰ ਨੇ ਕਿਹਾ ਕਿ ਪੁਲਸ ਦੀ ਪੂਰੀ ਤਿਆਰੀ ਹੈ, ਇਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।

ਸੋਸ਼ਲ ਮੀਡੀਆ 'ਤੇ ਚੱਲ ਰਹੀ ਸੀ ਲੜਾਈ
ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਗਾਇਕਾਂ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਵਿਚਕਾਰ ਸ਼ਬਦੀ ਜੰਗ ਚੱਲ ਰਹੀ ਸੀ। ਇਹ ਸ਼ਬਦੀ ਜੰਗ ਇਸ ਕਦਰ ਵੱਧ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਆਮਣੇ-ਸਾਹਮਣੇ ਆਉਣ ਲਈ ਚੈਲੰਜ ਕਰ ਦਿੱਤਾ ਅਤੇ ਇਕ-ਦੂਜੇ ਨੂੰ ਜਾਨੋਂ ਮਾਰ ਮੁਕਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਲੱਗਾ ਹੈ ਕਿ ਰੰਧਾਵਾ ਅਤੇ ਮਾਂਗਟ ਨੇ ਸੋਸ਼ਲ ਮੀਡੀਆ 'ਤੇ ਹੋਈ ਲੜਾਈ ਤੋਂ ਬਾਅਦ 11 ਸਤੰਬਰ ਦੀ ਤਾਰੀਖ ਨਿਸ਼ਚਿਤ ਕਰ ਲਈ ਸੀ ਅਤੇ 11 ਸਤੰਬਰ ਨੂੰ ਇਕ ਦੂਜੇ ਦਾ ਖੂਨ ਕਰ ਦੇਣ ਦੀ ਗੱਲ ਤੈਅ ਕਰ ਚੁੱਕੇ ਸਨ।

ਪੁਲਸ ਸਟੇਸ਼ਨ ਸੋਹਾਣਾ ਵਿਚ ਗਾਇਕ ਰਮਨਦੀਪ ਸਿੰਘ ਉਰਫ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਅਤੇ ਐਲੀ ਮਾਂਗਟ ਖਿਲਾਫ ਆਈ. ਪੀ. ਸੀ. ਦੀ ਧਾਰਾ 294, 504, 506 ਅਤੇ ਆਈ. ਟੀ. ਐਕਟ ਦੀ ਧਾਰਾ 67 ਦੇ ਅਦੀਨ ਕੇਸ ਦਰਜ ਕਰ ਲਿਆ ਹੈ। ਇਸ ਕੇਸ 'ਚ ਰੰਮੀ ਰੰਧਾਵਾ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਦੂਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।
- ਰਮਨਦੀਪ ਸਿੰਘ, ਡੀ. ਐੱਸ. ਪੀ. ਸਿਟੀ-2 ਮੋਹਾਲੀ ।


Anuradha

Content Editor

Related News