ਬਹੁ-ਰਾਸ਼ਟਰੀ ਕੰਪਨੀਆਂ ਅਤੇ ਪੰਜਾਬ ਦੇ ਉਦਯੋਗ ਵਲੋਂ ਅਪ੍ਰੈਂਟਿਸਸ਼ਿਪ ਪ੍ਰਦਾਨ ਕੀਤੇ ਜਾਣ ਦੀ ਲੋੜ : ਸਾਹਨੀ

Tuesday, Feb 11, 2025 - 06:09 PM (IST)

ਬਹੁ-ਰਾਸ਼ਟਰੀ ਕੰਪਨੀਆਂ ਅਤੇ ਪੰਜਾਬ ਦੇ ਉਦਯੋਗ ਵਲੋਂ ਅਪ੍ਰੈਂਟਿਸਸ਼ਿਪ ਪ੍ਰਦਾਨ ਕੀਤੇ ਜਾਣ ਦੀ ਲੋੜ : ਸਾਹਨੀ

ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਕੌਂਸਲ ਦੇ ਉਪ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿਚ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ (ਐੱਮ.ਐੱਨ.ਸੀ.) ਅਤੇ ਉਦਯੋਗਾਂ ਵਲੋਂ ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਸੰਸਦ ਵਿਚ ਆਪਣੇ ਸਵਾਲ ਦੇ ਲਿਖਤੀ ਜਵਾਬ ਵਿਚ, ਡਾ. ਸਾਹਨੀ ਨੂੰ ਪੰਜਾਬ ਵਿਚ ਘੱਟ ਇੰਟਰਨਸ਼ਿਪ ਸੰਖਿਆਵਾਂ ਬਾਰੇ ਸਬੰਧੀ ਅੰਕੜੇ ਪ੍ਰਾਪਤ ਹੋਏ ਹਨ। ਡਾ. ਸਾਹਨੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਨੂੰ ਸਿਰਫ਼ 742 ਇੰਟਰਨਸ਼ਿਪ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ, ਜੋ ਕਿ ਇਸਦੀ ਆਬਾਦੀ ਦੇ ਆਕਾਰ ਨੂੰ ਦੇਖਦੇ ਹੋਏ ਬਹੁਤ ਘੱਟ ਹਨ। ਇਸ ਤੋਂ ਵੀ ਵੱਧ ਚਿੰਤਾਜਨਕ ਹੈ ਘੱਟ ਦਾਖਲਾ ਦਰ, ਕਿਉਂਕਿ ਇਸ ਪ੍ਰੋਗਰਾਮ ਤਹਿਤ ਸਿਰਫ਼ 2,534 ਨੌਜਵਾਨ ਰਜਿਸਟਰ ਹੋਏ ਹਨ। ਇਹ ਸਕੀਮ ਬਾਰੇ ਜਾਗਰੂਕਤਾ ਦੀ ਘਾਟ ਅਤੇ ਉਦਯੋਗਾਂ ਦੀ ਨਾਕਾਫ਼ੀ ਭਾਗੀਦਾਰੀ ਦੋਵਾਂ ਨੂੰ ਦਰਸਾਉਂਦਾ ਹੈ, ਜਿਸਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ।

ਡਾ. ਸਾਹਨੀ ਨੇ ਕਿਹਾ ਕਿ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੇ ਜਾਣ ਨਾਲ, ਇਹ ਬਹੁ-ਰਾਸ਼ਟਰੀ ਕੰਪਨੀਆਂ ਅਤੇ ਪੰਜਾਬ ਦੇ ਉਦਯੋਗਿਕ ਖੇਤਰ ਦੋਵਾਂ ਦਾ ਫਰਜ਼ ਹੈ ਕਿ ਉਹ ਅਪ੍ਰੈਂਟਿਸਾਂ ਨੂੰ ਲੈਣ, ਉਨ੍ਹਾਂ ਨੂੰ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਇਸ ਪਾੜੇ ਨੂੰ ਪੂਰਾ ਕਰਨ ਲਈ ਤੁਰਤ ਕਦਮ ਚੁੱਕਦੇ ਹੋਏ, ਡਾ. ਸਾਹਨੀ ਨੇ ਐਲਾਨ ਕੀਤਾ ਕਿ ਉਹ ਇਸ ਸਕੀਮ ਅਧੀਨ ਨੌਜਵਾਨਾਂ ਦੇ ਦਾਖਲੇ ਨੂੰ ਵਧਾਉਣ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ (ਡੀ.ਸੀ.) ਨੂੰ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ।


author

Gurminder Singh

Content Editor

Related News