'ਰਾਜਿੰਦਰਾ ਹਸਪਤਾਲ' ਲਈ 'ਪਰਨੀਤ ਕੌਰ' ਦੇ ਅਹਿਮ ਐਲਾਨ, ਸ਼ੁਰੂ ਕਰਵਾਇਆ ਪਹਿਲਾ PSA ਪਲਾਂਟ (ਤਸਵੀਰਾਂ)
Friday, Jun 04, 2021 - 04:28 PM (IST)
ਪਟਿਆਲ (ਰਾਜੇਸ਼ ਪੰਜੌਲਾ) : ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ (ਐਮ. ਸੀ. ਐਚ. ਇਮਾਰਤ) ਵਿਖੇ 1000 ਲੀਟਰ ਸਮਰੱਥਾ ਵਾਲਾ ਨਵਾਂ ਲਾਇਆ ਗਿਆ ਪੀ. ਐਸ. ਏ. (ਪ੍ਰੈਸ਼ਰ ਸਵਿੰਗ ਅਬਸੋਰਪਸ਼ਨ) ਪਲਾਂਟ ਚਾਲੂ ਕਰਵਾਇਆ। ਇਹ ਪਲਾਂਟ ਹਵਾ ’ਚੋਂ ਆਕਸੀਜਨ ਲੈ ਕੇ ਇੱਕ ਦਿਨ ’ਚ 200 ਵੱਡੇ ਡੀ-ਟਾਈਪ ਸਿਲੰਡਰ ਭਰ ਸਕੇਗਾ। ਇਸ ਮੌਕੇ ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਵਿਖੇ ਹੀ ਅਮਰਜੈਂਸੀ ਨੇੜੇ 62.78 ਲੱਖ ਰੁਪਏ ਦੀ ਲਾਗਤ ਵਾਲਾ ਆਕਸੀਜਨ ਮੈਨੀਫੋਲਡ ਵੀ ਮਰੀਜ਼ਾਂ ਨੂੰ ਸਮਰਪਿਤ ਕੀਤਾ।
ਇਹ ਵੀ ਪੜ੍ਹੋ : ਨੈਸ਼ਨਲ ਖਿਡਾਰਣ ਨਾਲ ਪੁਲਸ ਮੁਲਾਜ਼ਮ ਨੇ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਬਣਾ 12 ਵਾਰ ਕੀਤਾ ਜਬਰ-ਜ਼ਿਨਾਹ
ਸੰਸਦ ਮੈਂਬਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਇਸੇ ਤਹਿਤ ਹੀ ਪਟਿਆਲਾ ਜ਼ਿਲ੍ਹੇ ’ਚ ਆਕਸੀਜਨ ਦੇ 10 ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਐਮ. ਪੀ. ਲੈਡ ਫੰਡ ਵਿੱਚੋਂ ਇਨ੍ਹਾਂ ਪਲਾਂਟਾਂ ਲਈ 2.08 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਖੇ ਲਿਕਵਿਡ ਮੈਡੀਕਲ ਆਕਸੀਜਨ ਦੇ ਹੋਰ ਪਲਾਂਟ ਵੀ ਸਥਾਪਿਤ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ ਵੀ ਮੌਜੂਦ ਸਨ।
ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਅਤੇ ਇਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਸਾਂਭ-ਸੰਭਾਲ ਤੇ ਬਿਹਤਰ ਇਲਾਜ ਸਹੂਲਤਾਂ ਲਈ ਸਮੇਂ ਸਿਰ ਕਦਮ ਉਠਾਏ। ਉਨ੍ਹਾਂ ਦੱਸਿਆ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਜਦੋਂ ਦੇਸ਼ ਭਰ ’ਚ ਆਕਸੀਜਨ ਦੀ ਕਮੀ ਪਾਈ ਜਾ ਰਹੀ ਸੀ ਤਾਂ ਪੰਜਾਬ ’ਚ ਆਕਸੀਜਨ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਗਈ। ਇਸ ਤੋਂ ਬਿਨ੍ਹਾਂ ਦਵਾਈਆਂ ਤੇ ਐਲ-3 ਬੈੱਡਾਂ ਦੇ ਪ੍ਰਬੰਧ ਕਰਨ ਤੋਂ ਇਲਾਵਾ ਡਾਕਟਰਾਂ ਤੇ ਹੋਰ ਸਿਹਤ ਅਮਲੇ ਦੀ ਵੀ ਸਮੇਂ ਸਿਰ ਭਰਤੀ ਕਰਕੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹੱਥ ਜੋੜ 'ਕੈਪਟਨ' ਕੋਲੋਂ ਜ਼ਿੰਦਗੀ ਮੰਗਣ ਵਾਲੇ ਪੁਲਸ ਅਫ਼ਸਰ ਦਾ ਜਲਦ ਸ਼ੁਰੂ ਹੋਵੇਗਾ ਇਲਾਜ
ਪਰਨੀਤ ਕੌਰ ਨੇ ਇਸ ਦੌਰਾਨ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਤੇ ਹੋਰ ਸਿਹਤ ਅਮਲੇ ਵੱਲੋਂ ਕੋਵਿਡ ਦੌਰਾਨ ਫਰੰਟ ਲਾਈਨ ਵਾਰੀਅਰ ਬਣਕੇ ਲੋਕਾਂ ਦੀ ਜਾਨਾਂ ਬਚਾਉਣ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ’ਚ ਸਿਰਫ ਪਟਿਆਲਾ ਜਾਂ ਪੰਜਾਬ ਹੀ ਨਹੀਂ, ਸਗੋਂ ਦੂਜੇ ਸੂਬਿਆਂ ਤੋਂ ਵੀ ਆਏ ਮਰੀਜ਼ਾਂ ਨੂੰ ਵੀ ਬਿਨ੍ਹਾਂ ਕਿਸੇ ਵਿਤਕਰੇ ਤੋਂ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ਲਈ ਉਹ ਸਮੁੱਚੇ ਮੈਡੀਕਲ ਅਮਲੇ ਦੇ ਧੰਨਵਾਦੀ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ