''ਬੰਬੀਹਾ ਗਰੁੱਪ'' ਨੇ ਲਈ ਗੋਗਾ ਦੇ ਕਤਲ ਦੀ ਜ਼ਿੰਮੇਵਾਰੀ, ਫੇਸਬੁੱਕ ''ਤੇ ਖੁੱਲ੍ਹੀ ਧਮਕੀ
Sunday, Dec 16, 2018 - 09:37 AM (IST)
ਮੋਗਾ (ਵਿਪਨ) : ਬੀਤੇ ਦਿਨੀਂ ਮੋਗਾ ਜ਼ਿਲੇ ਦੇ ਪਿੰਡ ਮਾਣੂਕੇ 'ਚ ਰਾਜਿੰਦਰ ਕੁਮਾਰ ਉਰਫ ਗੋਗਾ ਦੇ ਹੋਏ ਕਤਲ ਦੀ ਜ਼ਿੰਮੇਵਾਰੀ 'ਦਵਿੰਦਰ ਬੰਬੀਹਾ ਗਰੁੱਪ' ਨੇ ਲਈ ਹੈ। ਬੰਬੀਹਾ ਗਰੁੱਪ ਦੇ ਇਕ ਮੈਂਬਰ ਸੁਖਪ੍ਰੀਤ ਬੁੱਢਾ ਕੁੱਸਾ ਨੇ ਆਪਣੀ ਫੇਸਬੁੱਕ 'ਤੇ ਇਕ ਪੋਸਟ ਪਾਈ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ 5 ਅਪ੍ਰੈਲ, 2017 ਨੂੰ ਉਨ੍ਹਾਂ ਦੇ ਵੀਰ ਸਰਪੰਚ ਬੇਅੰਤ ਗਿੱਲ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਗੋਗਾ ਜੇਲ 'ਚ ਚਲਾ ਗਿਆ। ਜਦੋਂ ਗੋਗਾ 14 ਨਵੰਬਰ, 2018 ਨੂੰ ਬਰੀ ਹੋ ਗਿਆ ਤਾਂ 14 ਦਸੰਬਰ ਨੂੰ ਉਨ੍ਹਾਂ ਨੇ ਗੋਗਾ ਦਾ ਕਤਲ ਕਰਕੇ ਆਪਣੇ ਸਰਪੰਚ ਵੀਰ ਦਾ ਬਦਲਾ ਲੈ ਲਿਆ। ਸੁਖਪ੍ਰੀਤ ਬੁੱਢਾ ਖੁੱਸਾ ਨੇ ਫੇਸਬੁੱਕ 'ਤੇ ਖੁੱਲ੍ਹੀ ਧਮਕੀ ਦਿੰਦਿਆਂ ਲਿਖਿਆ ਹੈ ਕਿ ਜੇਕਰ ਉਨ੍ਹਾਂ ਦੇ ਗਰੁੱਪ ਦੇ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਕਰਨ ਬਾਰੇ ਸੋਚੇਗਾ ਤਾਂ ਉਸ ਦਾ ਹਾਲ ਵੀ ਅਜਿਹਾ ਹੀ ਹੋਵੇਗਾ। ਉਸ ਨੇ ਲਿਖਿਆ ਕਿ 30 ਦਸੰਬਰ ਨੂੰ ਸਰਪੰਚੀ ਦੀਆਂ ਚੋਣਾਂ ਹਨ ਅਤੇ ਉਨ੍ਹਾਂ ਦੇ ਸਾਥੀ ਜੋ ਚੋਣਾਂ 'ਚ ਖੜ੍ਹੇ ਹਨ, ਦੇ ਵਿਰੋਧੀ ਵੀ ਜ਼ਿਆਦਾ ਨਾ ਉਛਲਣ।
ਜਾਣੋ ਪੂਰਾ ਮਾਮਲਾ
ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਵਿਖੇ ਮੋਟਰਸਾਈਕਲ ਸਵਾਰਾਂ ਵਲੋਂ ਰਜਿੰਦਰ ਕੁਮਾਰ ਉਰਫ ਗੋਗਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਸਲ 'ਚ 7 ਅਪ੍ਰੈਲ 2017 ਨੂੰ ਮਾਣੂਕੇ ਵਿਖੇ ਅਕਾਲੀ ਸਰਪੰਚ ਬੇਅੰਤ ਸਿੰਘ ਬਾਜ਼ਾਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਗੋਗਾ ਨੂੰ ਨਾਮਜ਼ਦ ਕੀਤਾ ਗਿਆ ਪਰ ਅਦਾਲਤ ਵਲੋਂ ਗੋਗਾ ਨੂੰ ਇਸ ਕਤਲ ਕੇਸ 'ਚੋਂ ਬਰੀ ਕਰ ਦਿੱਤਾ। ਇਸ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਨੇ ਸਰਪੰਚ ਦੇ ਕਤਲ ਦਾ ਬਦਲਾ ਲੈਣ ਲਈ ਗੋਗਾ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
