ਰਮਦਾਸ ''ਚ ਲੁਟੇਰਿਆਂ ਦਾ ''ਰਾਜ'', ਪੁਲਸ ਬਣੀ ਮੂਕ ਦਰਸ਼ਕ

Wednesday, Aug 02, 2017 - 04:30 PM (IST)

ਰਮਦਾਸ/ਸੁਧਾਰ - 'ਲੁੱਟ' ਸ਼ਬਦ ਦੇਖਣ ਵਿਚ ਤਾਂ ਬਹੁਤ ਛੋਟਾ ਜਿਹਾ ਹੈ ਪਰ ਇਸ ਸ਼ਬਦ 'ਚ ਇਨ੍ਹਾਂ ਜ਼ਿਆਦਾ ਡਰ ਤੇ ਖੌਫ ਸਮਾਇਆ ਹੋਇਆ ਹੈ ਕਿ ਆਮ ਸੁਣਨ ਵਾਲੇ ਵਿਅਕਤੀਆਂ ਦੇ ਰੌਂਗਟੇ ਖੜ੍ਹੇ ਹੋ ਜਾਣ ਅਤੇ ਜਿਸ ਵਿਅਕਤੀ ਨਾਲ ਲੁੱਟ ਹੁੰਦੀ ਹੋਵੇਗੀ, ਉਸ ਦਾ ਕੀ ਹਾਲ ਹੁੰਦਾ ਹੋਵੇਗਾ। ਇਸ ਬਾਰੇ ਸ਼ਬਦਾਂ ਰਾਹੀਂ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ। 
ਲੁੱਟ ਦੀਆਂ ਦਿਨ-ਪ੍ਰਤੀਦਿਨ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਆਮ ਜਨਤਾ 'ਚ ਜਿਥੇ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਨਾਲ ਹੀ ਲੋਕਾਂ ਦਾ ਪੁਲਸ ਪਰ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਕਿਉਂਕਿ ਕਸਬਾ ਰਮਦਾਸ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਸੁਧਾਰ, ਕੁਰਾਲੀਆਂ, ਜੱਸੜ ਆਦਿ ਪਿੰਡਾਂ ਵਿਚ ਲੁਟੇਰਿਆਂ ਨੇ ਪੂਰੀ ਦਹਿਸ਼ਤ ਮਚਾਈ ਹੋਈ ਹੈ ਤੇ ਲੋਕ ਪੂਰੀ ਤਰ੍ਹਾਂ ਖੌਫਜ਼ਦਾ ਹੋਏ ਆਪਣੇ ਘਰਾਂ 'ਚੋਂ ਬਾਹਰ ਨਿਕਲਣਾ ਵੀ ਮੁਨਾਸਿਬ ਨਹੀਂ ਸਮਝਦੇ। 
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਜਿਸ ਤਰ੍ਹਾਂ ਲੁੱਟ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ, ਉਹ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਾਲ ਹੋਰ ਦੁੱਖ ਦੀ ਗੱਲ ਇਹ ਹੈ ਕਿ ਅਜਿਹੀਆਂ ਲੁੱਟਾਂ ਦੀਆਂ ਵਾਰਦਾਤਾਂ ਦੀ ਮਿਸਾਲ ਪੰਡੋਰੀ ਤੋਂ ਕਾਨਵੈਂਟ ਸਕੂਲ ਨੂੰ ਜਾਂਦੀ ਸੜਕ 'ਤੇ ਕੁਝ ਦਿਨ ਪਹਿਲਾਂ ਇਕ ਐਕਟਿਵਾ ਸਵਾਰ ਔਰਤ ਦਾ ਪਰਸ ਖੋਹਣਾ, ਫਤਿਹਗੜ੍ਹ ਚੂੜੀਆਂ-ਰਮਦਾਸ ਰੋਡ ਤੋਂ ਬਿਜਲੀ ਮੁਲਾਜ਼ਮ ਦੀ ਕੁੱਟਮਾਰ ਕਰ ਕੇ ਉਸ ਕੋਲੋਂ ਨਕਦੀ ਤੇ ਮੋਬਾਇਲ ਲੁੱਟਣਾ, ਚਾਵਲਾ ਫਿਲਿੰਗ ਸਟੇਸ਼ਨ ਨੂੰ ਲੁੱਟਣਾ ਆਦਿ ਸਮੇਤ ਗਲੀਆਂ ਆਦਿ ਵਿਚੋਂ ਆਮ ਚੇਨ ਤੇ ਵਾਲੀਆਂ ਝਪਟਣੀਆਂ ਆਦਿ ਵਾਰਦਾਤਾਂ ਤੋਂ ਮਿਲਦੀ ਹੈ ਜੋ ਕਿ ਪੁਲਸ ਦੀ ਢਿੱਲੀ ਤੇ ਨਿਕੰਮੀ ਕਾਰਗੁਜ਼ਾਰੀ 'ਤੇ ਸਹਿਜੇ ਹੀ ਪ੍ਰਸ਼ਨ-ਚਿੰਨ੍ਹ ਲਗਾ ਰਹੀਆਂ ਹਨ। 
ਯਾਦ ਕਰਵਾ ਦੇਈਏ ਕਿ ਜਦੋਂ ਲੋਕਾਂ ਦੇ ਨਾਲ ਲੁੱਟ ਦੀ ਵਾਰਦਾਤ ਹੁੰਦੀ ਸੀ ਤਾਂ ਉਹ ਤੁਰੰਤ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾਉਣ ਪਹੁੰਚ ਜਾਂਦੇ ਹਨ ਪਰ ਮੰਨ ਲਓ ਜੇਕਰ ਪੁਲਸ ਵਾਲਿਆਂ ਦੇ ਨਾਲ ਅਜਿਹੀ ਕੋਈ ਵਾਰਦਾਤ ਹੁੰਦੀ ਹੈ ਤਾਂ ਉਹ ਕਿਸ ਦੇ ਕੋਲ ਰਿਪੋਰਟ ਦਰਜ ਕਰਵਾਉਣ ਲਈ ਜਾਣਗੇ ਤੇ ਕਿਸ ਨੂੰ ਕਾਰਵਾਈ ਕਰਨ ਲਈ ਕਹਿਣਗੇ। ਕੀ ਉਸ ਸਮੇਂ ਸੰਬੰਧਿਤ ਪੁਲਸ ਥਾਣਾ ਆਪਣੇ ਸਾਥੀ ਪੁਲਸ ਮੁਲਾਜ਼ਮਾਂ ਦੇ ਕਹਿਣ 'ਤੇ ਲੁਟੇਰਿਆਂ ਵਿਰੁੱਧ ਕੋਈ ਕਾਰਵਾਈ ਕਰੇਗੀ ਜਾਂ ਫਿਰ ਆਮ ਲੋਕਾਂ ਵਾਂਗ ਹੀ ਪੁਲਸ ਵਾਲੇ ਦੀ ਰਿਪੋਰਟ ਵੀ ਠੰਡੇ ਬਸਤੇ ਵਿਚ ਪਾ ਦਿੱਤੀ ਜਾਵੇਗੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਤਰ੍ਹਾਂ ਲੁੱਟਾਂ-ਖੋਹਾਂ ਤੇ ਕਤਲੋਗਾਰਤ ਵਰਗੀਆਂ ਵਾਰਦਾਤਾਂ ਸੂਬੇ ਵਿਚ ਹੋ ਰਹੀ ਹਨ, ਉਸ ਤੋਂ ਅਜਿਹਾ ਸਾਬਤ ਹੁੰਦਾ ਹੈ ਕਿ ਸਾਡੇ ਦੇਸ਼ ਹਿੰਦੋਸਤਾਨ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਜਾਦੂ ਬੇਖੋਫ ਹੋ ਕੇ ਲੁਟੇਰਿਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਪੁਲਸ ਪ੍ਰਸ਼ਾਸਨ ਲੁੱਟ ਦੀਆਂ ਵਾਰਦਾਤਾਂ ਨੂੰ ਟਰੇਸ ਕਰ ਕੇ ਲੁਟੇਰਿਆਂ ਨੂੰ ਫੜਨ ਦੀ ਬਜਾਏ ਮੂਕ ਦਰਸ਼ਕ ਬਣਿਆ ਸਭ ਕੁਝ ਦੇਖ ਰਿਹਾ ਹੈ ਜਦਕਿ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਦਿਨ-ਪ੍ਰਤੀਦਿਨ ਵਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਲਾਖਾਂ ਤੇ ਪਿੱਛੇ ਬੰਦ ਕਰੇ ਅਤੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਏ ਤਾਂ ਕਿ ਭਵਿੱਖ ਵਿਚ ਕਿਸੇ ਦੇ ਨਾਲ ਲੁੱਟ ਦੀ ਵਾਰਦਾਤ ਨਾ ਹੋਵੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲਸ ਪ੍ਰਸ਼ਾਸਨ ਲੁੱਟ ਦੀਆਂ ਹੁੰਦੀਆਂ ਵਾਰਦਾਤਾਂ ਨੂੰ ਰੋਕਣ ਵਿਚ ਸਫਲ ਹੁੰਦਾ ਹੈ ਕਿ ਜਾਂ ਫਿਰ ਇਹ ਸਿਲਸਿਲਾ ਇੰਝ ਹੀ ਬਾਦਸਤੂਰ ਜਾਰੀ ਰਹਿੰਦਾ ਹੈ। 
ਕੀ ਕਹਿਣਾ ਹੈ ਐੱਸ.ਐੱਸ.ਪੀ. ਦਾ?
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਸ. ਪੀ. ਦਿਹਾਤੀ ਅੰਮ੍ਰਿਤਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਸਬਾ ਰਮਦਾਸ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੇ ਹੋਰ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਗਸ਼ਤ ਵਧਾਈ ਜਾਵੇਗੀ ਅਤੇ ਕਿਸੇ ਵੀ ਲੁਟੇਰੇ ਜਾਂ ਅਪਰਾਧਿਕ ਕਿਸਮ ਦੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।



 


Related News