ਬਾਰਿਸ਼ ਨੇ ਢਾਹਿਆ ਝੁੱਗੀਆਂ 'ਚ ਵੱਸਦੇ ਦਲਿਤ ਪਰਿਵਾਰਾਂ 'ਤੇ ਕਹਿਰ

Sunday, Jul 01, 2018 - 06:29 PM (IST)

ਬਾਰਿਸ਼ ਨੇ ਢਾਹਿਆ ਝੁੱਗੀਆਂ 'ਚ ਵੱਸਦੇ ਦਲਿਤ ਪਰਿਵਾਰਾਂ 'ਤੇ ਕਹਿਰ

ਜਲੰਧਰ (ਮਾਹੀ)— ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਫਤਿਹਜਲਾਲ ਵਿਖੇ ਸਾਂਝੀ ਜਗ੍ਹਾ 'ਤੇ ਝੁੱਗੀਆਂ ਬਣਾ ਕੇ ਬੈਠੇ 22 ਦਲਿਤ ਪਰਿਵਾਰਾਂ 'ਤੇ ਬਾਰਿਸ਼ ਨੇ ਹੋਰ ਕਹਿਰ ਬਰਸਾ ਦਿੱਤਾ ਹੈ। ਬਾਰਿਸ਼ ਕਾਰਨ ਇਨ੍ਹਾਂ ਮਿਹਨਤੀ ਲੋਕਾਂ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਹੋ ਗਿਆ ਹੈ। ਪੀੜਤ ਮਜਦੂਰ ਚੰਦਰ ਭੂਸ਼ਣ, ਮਜਿੰਦਰ, ਸੂਰ ਦਾਸ, ਰਾਜੂ ਪ੍ਰਸਾਦ ਯਾਦਵ, ਜੀਵਨ ਸਾਧਾ ਅਤੇ ਛੋਟੇ ਲਾਲ ਨੇ ਦੱਸਿਆ ਉਹ ਪਿਛਲੇ ਕਈ ਸਾਲਾਂ ਤੋਂ ਇਸ ਸਾਂਝੀ ਜਗ੍ਹਾ 'ਤੇ ਝੁੱਗੀਆਂ ਬਣਾ ਕੇ ਪਰਿਵਾਰਾਂ ਸਮੇਤ ਰਹਿ ਰਹੇ ਹਨ। ਸਾਡੀਆਂ ਵੋਟਾਂ ਬਣਾਉਣ ਵਾਲਿਆਂ ਸਾਡੀਆਂ ਹਰ ਵਾਰ ਵੋਟਾਂ ਲਈਆਂ ਪਰ ਸਾਨੂੰ ਬਣਦੇ ਕੋਈ ਹੱਕ ਨਹੀਂ ਦਿੱਤੇ। ਆਪਣਾ ਰਿਹਾਇਸ਼ੀ ਪਲਾਟਾਂ, ਨੀਲੇ ਕਾਰਡਾਂ, ਮਗਨਰੇਗਾ ਦੇ ਕਾਰਡਾਂ ਅਤੇ ਪੀਣ ਵਾਲੇ ਸਾਫ ਪਾਣੀ ਆਦਿ ਦਾ ਹੱਕ ਮੰਗਣ 'ਤੇ ਮੌਜੂਦਾ ਅਤੇ ਸਾਬਕਾ ਪੰਚਾਇਤ ਨੇ ਸਾਨੂੰ ਸਬਕ ਸਿਖਾਉਣ ਲਈ ਪਿੰਡ ਦੀ ਵਸੋਂ ਦਾ ਗੰਦਾ ਪਾਣੀ ਸਾਡੀ ਰਿਹਾਇਸ਼ ਵਾਲੀ ਜਗ੍ਹਾ 'ਚ ਪਾ ਦਿੱਤਾ ਤਾਂ ਜੋ ਅਸੀਂ ਇਹ ਜਗ੍ਹਾ 'ਤੇ ਪਿੰਡ ਛੱਡ ਕੇ ਕਿਧਰੇ ਚਲੇ ਜਾਈਏ। ਇਸ ਦੇ ਨਾਲ ਸਾਡੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਗੰਦੇ ਪਾਣੀ ਨੇ ਸਾਡਾ ਜਿਊਣਾ ਹਰਾਮ ਕੀਤਾ ਹੋਇਆ ਹੈ। ਸਾਡੇ ਕਈ ਬੱਚੇ ਬੀਮਾਰ ਹੋਣ ਉਪਰੰਤ ਸਾਨੂੰ ਵਿਛੋੜਾ ਦੇ ਚੁੱਕੇ ਹਨ। ਹੁਣ ਵੀ ਕਈ ਬੱਚੇ ਅਚੇ ਬੁੱਢੇ ਬੀਮਾਰ ਹਨ। ਉਨ੍ਹਾਂ ਨੇ ਦੱਸਿਆ ਕਿ ਤਾਜ਼ਾ ਆਈ ਬਾਰਿਸ਼ ਸਾਡੇ ਉਪਰ ਕਹਿਰ ਬਣ ਆਈ ਹੈ ਗੰਦਾ ਪਾਣੀ ਸਾਡੀਆਂ ਝੁੱਗੀਆਂ ਅੰਦਰ ਤੱਕ ਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਤਾਂ ਗੰਦੇ ਪਾਣੀ ਨੇ ਸਾਡਾ ਜਿਊਣਾ ਹਰਾਮ ਕੀਤਾ ਹੋਇਆ ਅਤੇ ਦੂਜਾ ਸਾਫ ਪਾਣੀ ਪੀਣ ਲਈ ਸਾਡੇ ਕੋਲ ਕੋਈ ਇੰਤਜ਼ਾਮ ਨਹੀਂ। ਸਾਡੇ ਕੋਲ ਇਸ ਜਗ੍ਹਾ ਤੋਂ ਇਲਾਵਾ ਕੋਈ ਹੋਰ ਜਗ੍ਹਾ ਨਹੀਂ ਹੈ। 

PunjabKesari
ਕਿਰਤੀ ਸੂਰ ਦਾਸ ਨੇ ਦੱਸਿਆ ਕਿ ਗੰਦੇ ਪਾਣੀ ਦੀ ਵਜ੍ਹਾ ਕਾਰਨ ਜੁਲਾਈ 2016 'ਚ ਉਸ ਦੀ ਤਿੰਨ ਸਾਲਾ ਪੋਤੀ ਦੀ ਮੌਤ ਹੋ ਗਈ ਸੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅਸੀਂ ਕਈ ਦਿਨ ਮੁਜ਼ਾਹਰੇ ਕੀਤੇ ਅਤੇ ਮ੍ਰਿਤਕ ਬੱਚੀ ਦਾ ਰੋਸ ਵਜੋਂ ਅੰਤਿਮ ਸੰਸਕਾਰ ਨਹੀਂ ਸੀ ਕੀਤਾ। ਜਿਸ ਉਪਰੰਤ ਡੀ. ਸੀ. ਅਤੇ ਹੋਰ ਅਧਿਕਾਰੀਆਂ ਨੇ ਮੀਟਿੰਗ ਕਰਕੇ ਮੰਗਾਂ ਮੰਨੀਆਂ ਸਨ। ਉਥੇ ਹੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਪੇਂਡੂ ਧਨਾਢ ਚੌਧਰੀਆਂ ਦਾ ਅਫਸਰਸ਼ਾਹੀ ਅਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਨਾਲ ਗਠਜੋੜ ਬਣਿਆ ਹੋਇਆ ਹੈ, ਜੋ ਮਿਹਨਤੀ ਲੋਕਾਂ ਨੂੰ ਉਨ੍ਹਾਂ ਦੇ ਪਲਾਟਾਂ ਵਗੈਰਾ ਦੇ ਬਣਦੇ ਹੱਕ ਮਿਲਣ 'ਚ ਖੁਸ਼ ਨਹੀਂ ਕਿਉਂਕਿ ਪੰਚਾਇਤੀ ਜ਼ਮੀਨਾਂ 'ਤੇ ਇਹ ਗੱਠਜੋੜ ਖੁਦ ਕਬਜ਼ੇ ਜਮਾਈ ਬੈਠਾ ਹੈ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ। ਉਨ੍ਹਾਂ ਨੇ ਜੇਕਰ ਮਜ਼ਦੂਰਾਂ ਨੂੰ ਬਣਦੇ ਹੱਕ ਨਾ ਦਿੱਤੇ ਗਏ ਤਾਂ ਯੂਨੀਅਨ ਸ਼ੰਘਰਸ ਨੂੰ ਤੇਜ਼ ਕਰਨ ਲਈ ਮਜਬੂਰ ਹੋਵੇਗੀ।


Related News