ਬਰਸਾਤ ਨੇ ਗਰਮੀ ਤੋਂ ਦਿਵਾਈ ਰਾਹਤ, ਕਈ ਥਾਂ ਪ੍ਰੇਸ਼ਾਨੀਆਂ

06/08/2017 3:27:46 AM

ਰੂਪਨਗਰ, (ਵਿਜੇ, ਕੈਲਾਸ਼)— ਬੀਤੀ ਰਾਤ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹੋਈ ਭਾਰੀ ਬਰਸਾਤ ਨਾਲ ਜਿੱਥੇ ਲੋਕਾਂ 'ਚ ਇਕ ਵਾਰ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ, ਉਥੇ ਹੀ ਇਸ ਦੇ ਸਵੇਰ ਤੱਕ ਜਾਰੀ ਰਹਿਣ ਨਾਲ ਸ਼ਹਿਰ 'ਚ ਬਰਸਾਤੀ ਪਾਣੀ ਦੇ ਨਿਕਾਸ ਨੂੰ ਲੈ ਕੇ ਹਾਲਾਤ ਬਦਤਰ ਹੋ ਗਏ। ਲੋਕ ਰਾਤ ਤੋਂ ਲੈ ਕੇ ਸਵੇਰ ਤੱਕ ਆਪਣੇ ਘਰਾਂ 'ਚ ਵੜੇ ਬਰਸਾਤੀ ਪਾਣੀ ਨੂੰ ਕੱਢਣ 'ਚ ਜੁਟੇ ਦੇਖੇ ਗਏ, ਜਦੋਂ ਕਿ ਇਸ ਦੇ ਨਿਕਾਸ ਨੂੰ ਲੈ ਕੇ ਨਗਰ ਕੌਂਸਲ ਦੇ ਘਟੀਆ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ। 
ਸਥਾਨਕ ਗਿਆਨੀ ਜ਼ੈਲ ਸਿੰਘ ਨਗਰ ਅਤੇ ਕਾਲਜ ਰੋਡ 'ਤੇ ਬਰਸਾਤੀ ਪਾਣੀ ਦੀ ਮਾਰ ਨਾਲ ਅੱਜ ਦਿਨ ਭਰ ਆਵਾਜਾਈ ਦੀ ਸਮੱਸਿਆ ਬਣੀ ਰਹੀ। ਗਿਆਨੀ ਜ਼ੈਲ ਸਿੰਘ ਨਗਰ ਦੀ ਮੇਨ ਮਾਰਕੀਟ 'ਚ ਬਰਸਾਤੀ ਪਾਣੀ ਲਬਾਲਬ ਭਰ ਗਿਆ। ਇਸੇ ਤਰ੍ਹਾਂ ਮੇਨ ਮਾਰਕੀਟ ਮਾਰਗ 'ਤੇ ਜ਼ਿਆਦਾ ਪਾਣੀ ਜਮ੍ਹਾ ਹੋ ਗਿਆ। 
ਬਰਸਾਤ ਨਾਲ ਕਿਸਾਨਾਂ
ਨੂੰ ਵੀ ਮਿਲੀ ਰਾਹਤ
ਰੂਪਨਗਰ, (ਕੈਲਾਸ਼)—ਅੱਜ ਰੂਪਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਈ ਬਰਸਾਤ ਨਾਲ ਕਿਸਾਨਾਂ ਨੂੰ ਭਾਰੀ ਰਾਹਤ ਮਿਲੀ ਅਤੇ ਉਨ੍ਹਾਂ ਝੋਨਾ, ਮੱਕੀ ਆਦਿ ਫ਼ਸਲਾਂ ਦੀ ਬਿਜਾਈ ਲਈ ਖੇਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਪਿੰਡ ਭੰਗਾਲਾ ਦੇ ਕਿਸਾਨ ਬਲਵਿੰਦਰ ਸਿੰਘ, ਅਜਮੇਰ ਸਿੰਘ, ਗੁਰਦਾਸ ਸਿੰਘ, ਡਾ. ਜਗਤਾਰ ਸਿੰਘ, ਸੋਹਣ ਸਿੰਘ ਆਦਿ ਨੇ ਦੱਸਿਆ ਕਿ ਬਰਸਾਤ ਨਾਲ ਹੁਣ ਖੇਤਾਂ ਦੀ ਵਹਾਈ ਦਾ ਕੰਮ ਆਸਾਨ ਹੋ ਗਿਆ ਹੈ ਅਤੇ ਬੰਜਰ ਪਈ ਜ਼ਮੀਨ ਵੀ ਬਿਜਾਈ ਲਈ ਤਿਆਰ ਕੀਤੀ ਜਾ ਸਕੇਗੀ।  ਉਨ੍ਹਾਂ ਦੱਸਿਆ ਕਿ ਬਰਸਾਤ ਨਾ ਪੈਣ ਕਾਰਨ ਜਿੱਥੇ ਚਾਰਾ, ਕਮਾਦ ਆਦਿ ਦੀਆਂ ਫਸਲਾਂ ਸੁੱਕ ਰਹੀਆਂ ਸਨ, ਉਥੇ ਹੀ ਉਨ੍ਹਾਂ ਦੇ ਖੇਤਾਂ 'ਚ ਲੱਗੇ ਦਰੱਖਤ ਵੀ ਸੋਕੇ ਦੀ ਮਾਰ 'ਚ ਆ ਰਹੇ ਸਨ। ਪਰ ਅੱਜ ਪਈ ਬਰਸਾਤ ਨਾਲ ਉਕਤ ਸਾਰੇ ਕੁਝ ਨੂੰ ਭਾਰੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਫਸਲਾਂ ਦੀ ਸਿੰਜਾਈ ਲਈ ਬਿਜਲੀ ਦੀ ਭਾਰੀ ਖਪਤ ਹੋ ਰਹੀ ਸੀ, ਜਿਸ ਦੀ ਬਰਸਾਤ ਪੈਣ ਨਾਲ ਹੁਣ ਬੱਚਤ ਹੋਈ ਹੈ।
ਟਾਇਲਾਂ ਲਾਉਣ ਦੇ ਕੰਮ 'ਚ ਵਰਤੀਆਂ ਅਨਿਯਮਿਤਾਵਾਂ 'ਤੇ ਜਤਾਇਆ ਰੋਸ 
ਬਰਸਾਤੀ ਪਾਣੀ ਕਾਰਨ ਸਥਾਨਕ ਗਾਂਧੀ ਸਕੂਲ ਨੇੜੇ ਨਰਕ ਵਰਗੀ ਹਾਲਤ ਬਣੀ ਹੋਈ ਸੀ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਵਿਦਿਆਰਥੀ ਰੋੜ ਪੜ੍ਹਨ ਆਉਂਦੇ ਹਨ, ਉਨ੍ਹਾਂ ਨੂੰ ਆਉਣ-ਜਾਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵੱਲੋਂ ਸ਼ਹਿਰ 'ਚ ਗਲੀਆਂ ਅਤੇ ਸੜਕਾਂ ਦੇ ਨਿਰਮਾਣ ਸਮੇਂ ਬਰਸਾਤੀ ਪਾਣੀ ਦੇ ਨਿਕਾਸ ਨੂੰ ਲੈ ਕੇ ਉਚਿਤ ਵਿਵਸਥਾ ਕੀਤੇ ਜਾਣ ਦੀ ਮੰਗ ਕੀਤੀ ਗਈ। ਗਾਂਧੀ ਸਕੂਲ ਦੇ ਨੇੜੇ ਸੜਕ ਦੇ ਨਾਲ ਟਾਇਲਾਂ ਲਾਉਣ ਦੇ ਕੰਮ 'ਚ ਸਾਹਮਣੇ ਆਈਆਂ ਅਨਿਯਮਤਾਵਾਂ ਨੂੰ ਲੈ ਕੇ ਵੀ ਲੋਕਾਂ ਨੇ ਰੋਸ ਜਤਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਸੰਬੰਧਿਤ ਠੇਕੇਦਾਰ ਨੇ ਉਕਤ ਮਾਰਗ 'ਤੇ 90 ਫੁੱਟ ਦੇ ਕਰੀਬ ਇਲਾਕਾ ਬਿਨਾਂ ਟਾਇਲਾਂ ਦੇ ਹੀ ਛੱਡ ਦਿੱਤਾ ਹੈ ਅਤੇ ਹੁਣ ਬਰਸਾਤਾਂ ਦੇ ਦਿਨਾਂ 'ਚ ਇਥੇ ਪਾਣੀ ਮਾਰ ਕਰ ਰਿਹਾ ਹੈ। ਜਦੋਂ ਇਸ ਮਾਮਲੇ ਸਬੰਧੀ ਸੰਬੰਧਿਤ ਠੇਕੇਦਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦਾ ਜਵਾਬ ਸੰਤੁਸ਼ਟੀਜਨਕ ਨਹੀਂ ਸੀ।
ਦਿਨ ਭਰ ਰਿਹਾ ਗੁਬਾਰ, ਰਾਤ ਨੂੰ ਬਰਸਾਤ ਦੀ ਬਹਾਰ
ਨਵਾਂਸ਼ਹਿਰ, (ਮਨੋਰੰਜਨ)—ਤਾਪਮਾਨ 45 ਡਿਗਰੀ ਤੱਕ ਜਾਣ ਤੋਂ ਬਾਅਦ ਗਰਮੀ ਉਪਰੰਤ ਹੁਣ ਹੁੰਮਸ ਨੇ ਵੀ ਲੋਕਾਂ ਦਾ ਜੰਮ ਕੇ ਪਸੀਨਾ ਕੱਢਿਆ। ਦੋ ਦਿਨਾਂ ਦੀ ਤਪਸ਼ ਤੋਂ ਬਾਅਦ ਤਾਪਮਾਨ ਵਿਚ ਮਾਮੂਲੀ ਗਿਰਾਵਟ ਜ਼ਰੂਰ ਦਰਜ ਹੋਈ ਅਤੇ ਪਾਰਾ 41.5 ਡਿਗਰੀ ਰਿਹਾ ਪਰ ਹੁੰਮਸ ਵਧਣ ਨਾਲ ਗਰਮੀ ਦੀ ਚੁਭਨ ਤੇ ਪਸੀਨੇ ਨੇ ਲੋਕਾਂ ਨੂੰ ਰਾਹਤ ਨਾ ਲੈਣ ਦਿੱਤੀ। ਪਰ ਰਾਤ ਨੂੰ ਜੰਮ ਕੇ ਬਰਸਾਤ ਪਈ, ਜਿਸ ਨਾਲ ਦਿਨ ਭਰ ਪਈ ਗਰਮੀ ਦੀ ਤਪਸ਼ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲੀ। ਹਾਲਾਂਕਿ ਇਸ ਦੌਰਾਨ ਬਿਜਲੀ ਚਲੇ ਜਾਣ ਨਾਲ ਕਈ ਇਲਾਕਿਆ ਵਿਚ ਲੋਕ ਪ੍ਰੇਸ਼ਾਨ ਹੋਏ। ਮੌਸਮ ਮਾਹਿਰਾਂ  ਅਨੁਸਾਰ ਬੁੱਧਵਾਰ ਤੋਂ ਸ਼ਨੀਵਾਰ ਤੱਕ ਸ਼ਹਿਰ ਦਾ ਤਾਪਮਾਨ 40 ਡਿਗਰੀ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। 
ਫਲੈਕਸ ਬੋਰਡ ਉੱਡੇ, ਬਿਜਲੀ ਦੀਆਂ ਤਾਰਾਂ ਟੁੱਟੀਆਂ
ਬਰਸਾਤ ਦੇ ਨਾਲ ਚੱਲੇ ਤੇਜ਼ ਝੱਖੜ ਕਾਰਨ ਸ਼ਹਿਰ 'ਚ ਲੱਗੇ ਫਲੈਕਸ ਬੋਰਡ, ਦਰੱਖਤ, ਤਾਰਾਂ ਆਦਿ ਟੁੱਟਣ ਦਾ ਵੀ ਸਮਾਚਾਰ ਹੈ। ਗਿਆਨੀ ਜ਼ੈਲ ਸਿੰਘ ਨਗਰ 'ਚ ਜਿੱਥੇ ਦਰੱਖਤ ਟੁੱਟ ਕੇ ਡਿੱਗ ਗਏ, ਉਥੇ ਹੀ ਸਥਾਨਕ ਬੱਸ ਅੱਡੇ 'ਤੇ ਖੰਭਿਆਂ ਉੱਤੋਂ ਤਾਰਾਂ ਟੁੱਟ ਕੇ ਡਿੱਗ ਗਈਆਂ। 


Related News