ਬੇਹੋਸ਼ ਕਰਨ ਵਾਲੀ ਭਿਆਨਕ ਗਰਮੀ, ਬਿਜਲੀ ਦੀ ਖ਼ਰਾਬੀ ਸਬੰਧੀ 5000 ਤੋਂ ਵੱਧ ਸ਼ਿਕਾਇਤਾਂ, ਬਾਜ਼ਾਰਾਂ ’ਚ ਘਟੀ ਰੌਣਕ

05/08/2024 12:01:12 PM

ਜਲੰਧਰ (ਪੁਨੀਤ)–ਇਕ ਦਿਨ ਪਹਿਲਾਂ ਤਾਪਮਾਨ 41 ਡਿਗਰੀ ਰਿਕਾਰਡ ਹੋਇਆ ਸੀ ਅਤੇ 24 ਘੰਟੇ ਤੋਂ ਪਹਿਲਾਂ ਹੀ ਤਾਪਮਾਨ ਵਿਚ ਇਕ ਡਿਗਰੀ ਦਾ ਵਾਧਾ ਦਰਜ ਹੋਇਆ ਹੈ, ਜਿਸ ਨਾਲ ਤਾਪਮਾਨ 42 ਡਿਗਰੀ ਨੂੰ ਛੂਹ ਚੁੱਕਾ ਹੈ। ਆਲਮ ਇਹ ਬਣਿਆ ਹੋਇਆ ਹੈ ਕਿ 42 ਡਿਗਰੀ ਵਿਚ ਬੇਹੋਸ਼ ਕਰਨ ਵਾਲੀ ਭਿਆਨਕ ਗਰਮੀ ਪੈਣੀ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਲੋਕ ਘਰਾਂ ਵਿਚ ਬੈਠਣ ’ਤੇ ਮਜਬੂਰ ਹੋ ਚੁੱਕੇ ਹਨ। ਇਸ ਕਾਰਨ ਦੁਪਹਿਰ ਦੇ ਸਮੇਂ ਬਾਜ਼ਾਰ ਵਿਚ ਰੌਣਕ ਘਟ ਰਹੀ ਹੈ।
ਉਥੇ ਹੀ, ਗਰਮੀ ਵਧਣ ਨਾਲ ਬਿਜਲੀ ਦੀ ਵਰਤੋਂ ਵਿਚ ਅਚਾਨਕ ਵਾਧਾ ਦਰਜ ਹੋਇਆ ਹੈ ਅਤੇ ਲੋਡ ਵਧਣ ਕਾਰਨ ਫਾਲਟ ਪੈਣ ਦੇ ਕੇਸਾਂ ਵਿਚ ਵਾਧਾ ਦਰਜ ਹੋਇਆ ਹੈ। ਇਸੇ ਲੜੀ ਵਿਚ ਅੱਜ ਜਲੰਧਰ ਜ਼ੋਨ ਅਧੀਨ 5000 ਤੋਂ ਵੱਧ ਫਾਲਟ ਪੈਣ ਦੀ ਸੂਚਨਾ ਮਿਲੀ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ ਅਤੇ ਲੋਕ ਤ੍ਰਾਹ-ਤ੍ਰਾਹ ਕਰ ਉੱਠੇ।

ਇਨ੍ਹਾਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਵਿਭਾਗੀ ਕਰਮਚਾਰੀਆਂ ਨੂੰ ਬਹੁਤ ਮੁਸ਼ੱਕਤ ਕਰਨੀ ਪਈ। ਦੂਜੇ ਪਾਸੇ ਰਿਪੇਅਰ ਦੇ ਨਾਂ ’ਤੇ ਕਈ ਇਲਾਕਿਆਂ ਵਿਚ 4-5 ਘੰਟੇ ਤੋਂ ਲੈ ਕੇ 7-8 ਘੰਟਿਆਂ ਤਕ ਬਿਜਲੀ ਬੰਦ ਰੱਖਣੀ ਪਈ। ਭਿਆਨਕ ਗਰਮੀ ਵਿਚਕਾਰ ਘਰਾਂ ਵਿਚ ਬੈਠੇ ਲੋਕਾਂ ਲਈ ਏ. ਸੀ. ਇਕਲੌਤਾ ਸਹਾਰਾ ਸਾਬਿਤ ਹੋ ਰਿਹਾ ਹੈ। ਫਾਲਟ ਪੈਣ ਨਾਲ ਏ. ਸੀ. ਬੰਦ ਹੋ ਜਾਂਦੇ ਹਨ ਅਤੇ ਲੋਕਾਂ ਦੀ ਪ੍ਰੇਸ਼ਾਨੀ ਵਧ ਜਾਂਦੀ ਹੈ। ਸ਼ਹਿਰ ਦੇ ਮੁੱਖ ਇਲਾਕਿਆਂ, ਦਿਹਾਤੀ ਅਤੇ ਨੇੜਲੇ ਛੋਟੇ ਸ਼ਹਿਰਾਂ ਵਿਚ ਰੋਜ਼ਾਨਾ ਲੱਗਣ ਵਾਲੇ ਅਣਐਲਾਨੇ ਕੱਟਾਂ ਨਾਲ ਜਨਤਾ ਹਾਲੋ-ਬੇਹਾਲ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਮੇਂ ’ਤੇ ਫਾਲਟ ਠੀਕ ਨਾ ਹੋਣ ਕਾਰਨ ਉਨ੍ਹਾਂ ਦੀਆਂ ਪ੍ਰੇਸ਼ਾਨੀਆ ਵਿਚ ਇਜ਼ਾਫਾ ਹੁੰਦਾ ਹੈ, ਇਸ ਲਈ ਵਿਭਾਗ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਹੋਇਆ ਵਿਅਕਤੀ ਦਾ ਕਤਲ, ਬੈੱਡ 'ਚੋਂ ਨਗਨ ਹਾਲਤ 'ਚ ਮਿਲੀ ਲਾਸ਼

ਟਰਾਂਸਫ਼ਾਰਮਰ ਵਿਚ ਫਾਲਟ ਪੈਣ ਅਤੇ ਤਾਰਾਂ ਸੜ ਜਾਣ ਸਬੰਧੀ ਜ਼ਿਆਦਾ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਵੇਖਣ ਵਿਚ ਆ ਰਿਹਾ ਹੈ ਕਿ ਓਵਰਲੋਡ ਕਾਰਨ ਟਰਾਂਸਫ਼ਾਰਮਰ ਵਿਚ ਖ਼ਰਾਬੀ ਆ ਜਾਂਦੀ ਹੈ, ਜਿਸ ਤੋਂ ਬਾਅਦ ਲੋਕ ਸ਼ਿਕਾਇਤਾ ਲਿਖਵਾਉਂਦੇ ਰਹਿੰਦੇ ਹਨ ਅਤੇ ਫਾਲਟ ਠੀਕ ਹੋਣ ਦੀ ਘੰਟਿਆਂਬੱਧੀ ਉਡੀਕ ਕਰਦੇ ਰਹਿੰਦੇ ਹਨ। ਕਈ ਇਲਾਕਿਆਂ ਦਾ ਲੋਕਾਂ ਦਾ ਕਹਿਣਾ ਹੈ ਕਿ ਟਰਾਂਸਫ਼ਾਰਮਰ ਵਿਚ ਖਰਾਬੀ ਕਾਰਨ ਦਿਨ ਸਮੇਂ ਕਈ ਵਾਰ ਫਾਲਟ ਪੈ ਰਿਹਾ ਹੈ। ਇਸ ਕਾਰਨ ਕਈ ਘੰਟੇ ਬਿਜਲੀ ਕਰਮਚਾਰੀਆਂ ਦੀ ਉਡੀਕ ਕਰਨ ਵਿਚ ਅਜਾਈਂ ਹੋ ਜਾਂਦੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਫਾਲਟ ਸਮੇਂ ’ਤੇ ਠੀਕ ਨਾ ਹੋਣ ਨਾਲ ਲੋਕਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਗਰਮੀ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਬੇਹੋਸ਼ ਕਰਨ ਵਾਲੀ ਗਰਮੀ ਪੈ ਰਹੀ ਹੈ। ਵੱਖ-ਵੱਖ ਇਲਾਕਿਆਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਦੋਪਹੀਆ ਵਾਹਨ ਚਾਲਕਾਂ ਨੂੰ ਗਰਮੀ ਕਾਰਨ ਭਾਰੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਕਈ ਲੋਕ ਬੇਹੋਸ਼ ਹੋ ਰਹੇ ਹਨ ਅਤੇ ਹਸਪਤਾਲ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਇਕ ਮਹੀਨਾ ਪਹਿਲਾਂ ਇਟਲੀ ਗਏ ਟਾਂਡਾ ਦੇ ਵਿਅਕਤੀ ਦੀ ਮੌਤ

1912 ਨਾ ਮਿਲੇ ਤਾਂ ਇਨ੍ਹਾਂ ਨੰਬਰਾਂ ’ਤੇ ਕਰੋ ਸ਼ਿਕਾਇਤਾਂ
1912 ਸ਼ਿਕਾਇਤ ਕੇਂਦਰ ਦਾ ਨੰਬਰ ਨਾ ਮਿਲ ਪਾਉਣਾ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਇਸ ਕਾਰਨ ਲੋਕ ਆਪਣੇ ਇਲਾਕੇ ਦੇ ਕੰਪਲੇਂਟ ਸੈਂਟਰ ’ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸਦੇ ਲਈ ਮਾਡਲ ਟਾਊਨ ਡਵੀਜ਼ਨ ਦੇ ਨੋਡਲ ਸ਼ਿਕਾਇਤ ਨੰਬਰ 96461-16777, ਆਬਾਦਪੁਰਾ ਦੇ 96461-16783, ਵਡਾਲਾ ਚੌਕ ਦੇ 96461-16271, ਬਸਤੀ ਗੁਜ਼ਾਂ ਦੇ 96461-16311, ਸਰਜੀਕਲ ਕੰਪਲੈਕਸ ਦੇ ਸਰਕਾਰੀ ਨੰਬਰ 96461-14329 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸੇ ਤਰ੍ਹਾਂ ਨਾਲ ਵੈਸਟ ਡਵੀਜ਼ਨ ਮਕਸੂਦਾਂ ਦੇ ਖਪਤਕਾਰ ਨੋਡਲ ਸ਼ਿਕਾਇਤ ਨੰਬਰ 96461-16776, ਪਟੇਲ ਚੌਕ ਦੇ 96461-16275, ਆਦਰਸ਼ ਨਗਰ 96461-16768, ਫਗਵਾੜਾ ਗੇਟ ਦੇ 96461-16791, ਟਾਂਡਾ ਰੋਡ ਦੇ 96461-16793, ਚਿਲਡਰਨ ਪਾਰਕ ਵਾਲੇ 96461-16771 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਈਸਟ ਦੇ ਨੋਡਲ ਸ਼ਿਕਾਇਤ ਨੰਬਰ 96466-95106, ਜਦਕਿ ਕੈਂਟ ਦੇ 96461-14254 ’ਤੇ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ। ਦੂਜੇ ਪਾਸੇ ਪਾਵਰਕਾਮ ਵੱਲੋਂ ਪੈਡੀ ਦੇ ਮੱਦੇਨਜ਼ਰ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਸ ਤਹਿਤ ਜਲੰਧਰ ਜ਼ੋਨ ਦੇ ਖ਼ਪਤਕਾਰ 96461-16679, 96461-14414, 0181-2220924 ’ਤੇ ਸੰਪਰਕ ਕਰ ਸਕਦੇ ਹਨ।

ਛੋਟੇ ਬੱਚਿਆਂ ਸਬੰਧੀ ਸਿੱਖਿਆ ਵਿਭਾਗ ਨੇ ਨਹੀਂ ਲਿਆ ਕੋਈ ਫ਼ੈਸਲਾ
ਬਜ਼ੁਰਗਾਂ, ਬੀਮਾਰਾਂ ਅਤੇ ਬੱਚਿਆਂ ਨੂੰ ਧੁੱਪ ਵਿਚ ਨਾ ਜਾਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਰ ਪੰਜਾਬ ਵਿਚ ਸਿੱਖਿਆ ਵਿਭਾਗ ਨੇ ਛੋਟੇ ਬੱਚਿਆਂ ਦੇ ਸਕੂਲਾਂ ਸਬੰਧੀ ਅਜੇ ਤਕ ਕੋਈ ਫ਼ੈਸਲਾ ਨਹੀਂ ਲਿਆ ਹੈ। ਛੋਟੇ ਬੱਚੇ ਦੁਪਹਿਰੇ 2 ਵਜੇ ਤਕ ਸਕੂਲ ਦੀ ਛੁੱਟੀ ਤੋਂ ਬਾਅਦ ਘਰਾਂ ਵਿਚ ਪਹੁੰਚ ਰਹੇ ਹਨ। ਅਜਿਹੇ ਵਿਚ ਦੁਪਹਿਰ ਸਮੇਂ ਤਿੱਖੀ ਧੁੱਪ ਕਾਰਨ ਬੱਚੇ ਨਿਢਾਲ ਹੋ ਰਹੇ ਹਨ। ਸਕੂਲ ਤੋਂ ਘਰ ਪਹੁੰਚਣ ’ਤੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਵੇ ਤਾਂ ਬੱਚਿਆਂ ਨੂੰ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਪਤਾਲਪੁਰੀ 'ਚ ਅਸਥੀਆਂ ਪ੍ਰਵਾਹ ਕਰਨ ਜਾਂਦੇ ਪਰਿਵਾਰ ਨਾਲ ਵਾਪਰਿਆ ਹਾਦਸਾ, ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News