ਅਬੋਹਰ ''ਚ ਮੀਂਹ ਦਾ ਕਹਿਰ, ਤਿੰਨ ਘਰਾਂ ਦੀਆਂ ਛੱਤਾਂ ਡਿੱਗੀਆਂ

Tuesday, Aug 26, 2025 - 04:56 PM (IST)

ਅਬੋਹਰ ''ਚ ਮੀਂਹ ਦਾ ਕਹਿਰ, ਤਿੰਨ ਘਰਾਂ ਦੀਆਂ ਛੱਤਾਂ ਡਿੱਗੀਆਂ

ਅਬੋਹਰ (ਸੁਨੀਲ) : ਇੱਥੇ ਹੋ ਰਹੀ ਭਾਰੀ ਬਾਰਸ਼ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਬਾਰਸ਼ ਕਾਰਨ ਸ਼ਹਿਰ ’ਚ ਤਿੰਨ ਘਰਾਂ ਦੀਆਂ ਛੱਤਾਂ ਡਿੱਗ ਗਈਆਂ। ਢਾਣੀ ਸੁੱਚਾ ਸਿੰਘ ’ਚ ਪਸ਼ੂਆਂ ਦੇ ਵਾੜੇ ’ਚ ਦੋ ਕਮਰਿਆਂ ਦੀ ਛੱਤ ਡਿੱਗ ਗਈ, ਪਸ਼ੂ ਅਤੇ ਬੱਕਰੀਆਂ ਉਸ ਹੇਠ ਦੱਬ ਗਏ। ਮੁਹੱਲਾ ਸੰਤ ਨਗਰ ’ਚ ਇਕ ਘਰ ਦੀ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬਣ ਕਾਰਨ 2 ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਉਪ-ਮੰਡਲ ਦੀ ਢਾਣੀ ਸੁੱਚਾ ਸਿੰਘ ਵਾਸੀ ਹਰਦੀਪ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਐਤਵਾਰ ਅਤੇ ਸੋਮਵਾਰ ਨੂੰ ਹੋਈ ਬਾਰਸ਼ ਕਾਰਨ ਰਾਤ ਨੂੰ ਕਰੀਬ 1:30 ਵਜੇ ਪਸ਼ੂਆਂ ਦੇ ਵਾੜੇ ’ਚ ਦੋ ਕਮਰਿਆਂ ਦੀ ਛੱਤ ਅਚਾਨਕ ਡਿੱਗ ਗਈ।

ਆਵਾਜ਼ ਸੁਣ ਕੇ ਉਹ ਮੌਕੇ ’ਤੇ ਪਹੁੰਚੇ ਅਤੇ ਦੇਖਿਆ ਕਿ ਛੱਤ ਦੇ ਮਲਬੇ ਹੇਠ ਗਾਵਾਂ ਅਤੇ ਬੱਕਰੀਆਂ ਦੱਬੀਆਂ ਹੋਈਆਂ ਸਨ। ਉਨ੍ਹਾਂ ਨੇ ਬਹੁਤ ਮੁਸ਼ਕਿਲ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ। ਕੁੱਝ ਬੱਕਰੀਆਂ ਇੱਟਾਂ ਨਾਲ ਜ਼ਖਮੀ ਹੋ ਗਈਆਂ, ਜਦੋਂ ਕਿ ਇਕ ਬੱਕਰੀ ਦੀ ਲੱਤ ਟੁੱਟ ਗਈ। ਇਸ ਘਟਨਾ ’ਚ ਉਨ੍ਹਾਂ ਨੂੰ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ। ਦੂਜੀ ਘਟਨਾ ਸ਼ਹਿਰ ਦੀ ਸੰਤ ਨਗਰ ਦੀ ਹੈ, ਜਿੱਥੇ ਇਕ ਕਮਰੇ ਦੀ ਛੱਤ ਡਿੱਗ ਗਈ। ਛੱਤ ਦੇ ਮਲਬੇ ਹੇਠ ਦੱਬਣ ਕਾਰਨ ਰਿੰਕੂ ਅਤੇ ਵਿਨੋਦ ਕੁਮਾਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ।

ਪਰਿਵਾਰ ਦੇ ਅਨੁਸਾਰ ਉਹ ਆਪਣੇ ਕਮਰੇ ਦੀ ਛੱਤ ਦੇ ਖ਼ਸਤਾਹਾਲ ਹੋਣ ਕਾਰਨ ਸਾਮਾਨ ਕੱਢ ਰਹੇ ਸਨ। ਇਸ ਦੌਰਾਨ ਛੱਤ ਵਾਲਾ ਪੱਖਾ ਖੋਲ੍ਹਦੇ ਸਮੇਂ ਛੱਤ ਅਚਾਨਕ ਡਿੱਗ ਗਈ ਅਤੇ ਮਲਬੇ ਹੇਠ ਦੱਬਣ ਕਾਰਨ ਰਿੰਕੂ ਅਤੇ ਵਿਨੋਦ ਜ਼ਖਮੀ ਹੋ ਗਏ। ਉਨ੍ਹਾਂ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਤੀਜੀ ਘਟਨਾ ਨਵੀ ਆਬਾਦੀ ਗਲੀ ਨੰਬਰ 10 ਬੜੀ ਪੌੜੀ ਦੀ ਹੈ, ਜਿੱਥੇ ਸਤੀਸ਼ ਕੁਮਾਰ ਦੇ ਘਰ ਦੀ ਛੱਤ ਮੀਂਹ ਕਾਰਨ ਡਿੱਗ ਗਈ। ਹਾਲਾਂਕਿ ਘਟਨਾ ਤੋਂ ਕੁੱਝ ਸੈਕਿੰਡ ਪਹਿਲਾਂ ਪਰਿਵਾਰ ਘਰੋਂ ਬਾਹਰ ਆ ਗਿਆ ਸੀ। ਇਸ ਕਰ ਕੇ ਉਹ ਵਾਲ-ਵਾਲ ਬਚ ਗਏ ਪਰ ਘਰੇਲੂ ਸਮਾਨ ਮਲਬੇ ਹੇਠ ਦੱਬ ਗਿਆ।
 


author

Babita

Content Editor

Related News