ਰੇਲਵੇ ਸਟੇਸ਼ਨ ''ਤੇ ਟੀ. ਟੀ. ਦੀ ਗੁੰਡਾਗਰਦੀ, ਪਰਿਵਾਰ ਨਾਲ ਕੀਤੀ ਕੁੱਟਮਾਰ

05/01/2019 4:24:26 PM

ਲੁਧਿਆਣਾ (ਸਲੂਜਾ) : ਸਥਾਨਕ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮੁਜ਼ੱਫਰਪੁਰ (ਬਿਹਾਰ) ਤੋਂ ਲੁਧਿਆਣਾ ਪਰਤੇ ਇਕ ਮੁਸਲਮਾਨ ਪਰਿਵਾਰ ਨੂੰ ਟੀ. ਟੀ. ਦੀ ਗੁੰਡਾਗਰਦੀ ਦਾ ਸ਼ਿਕਾਰ ਹੋਣਾ ਪਿਆ। ਕੁੱਟਮਾਰ ਦਾ ਸ਼ਿਕਾਰ ਹੋਏ ਅਤਾਬੁਲ ਅੰਸਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਦੋਂ ਮੁਜ਼ੱਫਰਪੁਰ ਤੋਂ ਰੇਲਵੇ ਸਟੇਸ਼ਨ 'ਤੇ ਉੱਤਰੇ ਤਾਂ ਇਕ ਟੀ. ਟੀ. ਨੇ ਉਨ੍ਹਾਂ ਨੂੰ ਰੋਕ ਕੇ ਟਿਕਟ ਅਤੇ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਸ ਨੇ ਦੇ ਦਿੱਤਾ। ਬਿਨਾਂ ਕੁਝ ਬੋਲਣ ਤੋਂ ਕੁੱਝ ਮਿੰਟ ਬਾਅਦ ਇਸ ਟੀ. ਟੀ. ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਮਰੇ 'ਚ ਆ ਜਾਓ। ਜਦੋਂ ਉਹ ਕਮਰੇ 'ਚ ਗਿਆ ਤਾਂ ਉਸ ਨੂੰ ਟੀ. ਟੀ. ਨੇ ਇਹ ਕਿਹਾ ਕਿ ਤੁਸੀਂ ਆਪਣੀ ਬੇਟੀ ਦੀ ਟਿਕਟ ਨਹੀਂ ਲਈ। ਇਸ ਲਈ ਤੁਹਾਨੂੰ 1300 ਰੁਪਏ ਜੁਰਮਾਨਾ ਲੱਗੇਗਾ। ਅੰਸਾਰੀ ਨੇ ਟੀ. ਟੀ. ਨੂੰ ਇਹ ਦੱਸਿਆ ਕਿ ਜਦੋਂ ਉਹ ਮੁਜ਼ੱਫਰਪੁਰ ਤੋਂ ਲੁਧਿਆਣਾ ਲਈ ਰਵਾਨਾ ਹੋਏ ਤਾਂ ਉਨ੍ਹਾਂ ਨੇ ਉੱਥੇ ਟੀ. ਟੀ. ਤੋਂ ਬਾਕਾਇਦਾ ਇਹ ਪੁੱਛਿਆ ਸੀ ਕਿ ਉਨ੍ਹਾਂ ਦੀ ਬੇਟੀ ਦੀ ਉਮਰ 4 ਸਾਲ ਹੈ। ਜੇਕਰ ਟਿਕਟ ਬਣਦੀ ਹੈ ਤਾਂ ਬਣਾ ਦਿਓ ਤਾਂ ਟੀ. ਟੀ. ਨੇ ਇਹ ਕਹਿ ਕੇ ਟਿਕਟ ਨਹੀਂ ਬਣਾਈ ਕਿ 5 ਸਾਲ ਤਕ ਲੋੜ ਨਹੀਂ ਹੈ। ਇਹ ਗੱਲ ਸੁਣਦੇ ਹੀ ਲੁਧਿਆਣਾ ਰੇਲਵੇ ਸਟੇਸ਼ਨ ਦੇ ਟੀ. ਟੀ. ਨੇ ਉਸ ਦੇ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਕਮਰੇ ਦੇ ਬਾਹਰ ਖੜ੍ਹੀ ਉਸ ਦੀ ਬੇਗਮ ਨੇ ਜਦੋਂ ਟੀ. ਟੀ. ਨੂੰ ਇਹ ਕਿਹਾ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ ਜੋ ਵੀ ਪੈਨਲਟੀ ਬਣਦੀ ਹੈ, ਅਸੀਂ ਅਦਾ ਕਰਨ ਲਈ ਤਿਆਰ ਹਾਂ। ਪੀੜਤ ਇਸ ਰੇਲ ਯਾਤਰੀ ਨੇ ਦੱਸਿਆ ਕਿ ਉਸ ਦੀ ਬੇਗਮ ਨੂੰ ਵੀ ਇਸ ਟੀ. ਟੀ. ਨੇ ਧੱਕਾ ਮਾਰ ਕੇ ਡੇਗ ਦਿੱਤਾ।

ਇਸੇ ਦੌਰਾਨ ਇਕ ਹੋਰ ਟੀ. ਟੀ. ਆ ਗਿਆ। ਉਸ ਨੇ ਵੀ ਇਸ ਟੀ. ਟੀ. ਦਾ ਸਾਥ ਦਿੰਦੇ ਹੋਏ ਉਨ੍ਹਾਂ ਦੇ ਸਾਰੇ ਪਰਿਵਾਰ, ਜਿਨ੍ਹਾਂ 'ਚ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਸਨ, ਦੇ ਨਾਲ ਹੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕਪੜੇ ਤੱਕ ਪਾੜ ਦਿੱਤੇ। ਰੌਲਾ ਪੈਣ 'ਤੇ ਇਹ ਦੋਵੇਂ ਟੀ. ਟੀ. ਉਥੋਂ ਭੱਜ ਗਏ। ਪੀੜਤ ਅਤਾਬੁਲ ਅੰਸਾਰੀ ਨੇ ਰੇਲਵੇ ਸਟੇਸ਼ਨ ਮਾਸਟਰ ਅਤੇ ਜੀ. ਆਰ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਇਹ ਵੀ ਦੱਸਿਆ ਕਿ ਕੁਟਮਾਰ ਦੌਰਾਨ ਇਨ੍ਹਾਂ ਟੀ. ਟੀਜ਼ ਨੇ ਉਸ ਦੀ ਜੇਬ ਵਿਚੋਂ 1500 ਰੁਪਏ ਦੀ ਨਕਦੀ, ਟਿਕਟ ਅਤੇ ਆਧਾਰ ਕਾਰਡ ਵੀ ਖੋਹ ਲਿਆ। ਇਨ੍ਹਾਂ ਨੇ ਉਨ੍ਹਾਂ ਤੋਂ ਉਨ੍ਹਾਂ ਦਾ ਮੋਬਾਇਲ ਵੀ ਝਪਟ ਲਿਆ ਸੀ, ਜੋ ਭੱਜਦੇ-ਭੱਜਦੇ ਇਹ ਉਨ੍ਹਾਂ ਨੂੰ ਖਿੱਚੀ ਗਈ ਫੋਟੋ ਨੂੰ ਡਿਲੀਟ ਕਰਨ ਤੋਂ ਬਾਅਦ ਸੁੱਟ ਕੇ ਚਲੇ ਗਏ।

ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਜੀ. ਆਰ. ਪੀ. ਤੋਂ ਇਹ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਇਸ ਸਾਰੇ ਕੇਸ ਦੀ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਰਿਕਾਰਡਿੰਗ ਲੈਣ ਤੋਂ ਬਾਅਦ ਜਾਂਚ ਕੀਤੀ ਜਾਵੇ ਤਾਂ ਕਿ ਇਨ੍ਹਾਂ ਟੀ. ਟੀਜ਼ ਦੀ ਬਦਮਾਸ਼ੀ ਸਾਹਮਣੇ ਆ ਸਕੇ। ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ, ਨਹੀਂ ਤਾਂ ਉਹ ਨਿਆਂ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਪੀੜਤ ਪਰਿਵਾਰ ਨੂੰ 1 ਮਈ ਨੂੰ ਸਵੇਰ 11 ਵਜੇ ਬੁਲਾਇਆ ਗਿਆ ਹੈ ਤਾਂ ਕਿ ਗੁੰਡਾਗਰਦੀ ਕਰਨ ਵਾਲੇ ਟੀ. ਟੀ. ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਕੇ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਸਕੇ।


Anuradha

Content Editor

Related News