ਰੇਲਵੇ ਪੁਲਸ ਨੇ ਦੂਜੇ ਦਿਨ ਵੀ ਵਰਤੀ ਸਖਤੀ

Sunday, Jun 10, 2018 - 04:02 AM (IST)

ਰੇਲਵੇ ਪੁਲਸ ਨੇ ਦੂਜੇ ਦਿਨ ਵੀ ਵਰਤੀ ਸਖਤੀ

ਮਾਨਸਾ(ਸੰਦੀਪ ਮਿੱਤਲ)-ਲਸ਼ਕਰ-ਏ-ਤੋਇਬਾ ਵੱਲੋਂ ਰੇਲਵੇ ਵਿਭਾਗ ਦੇ ਡੀ. ਆਰ. ਐੱਮ. ਫਿਰੋਜ਼ਪੁਰ ਨੂੰ ਦੇਸ਼ ਤੇ ਪੰਜਾਬ ਸਣੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਮਿਲਣ 'ਤੇ ਰੇਲਵੇ ਪੁਲਸ ਮਾਨਸਾ ਨੇ ਰੇਲਵੇ ਸਟੇਸ਼ਨ ਅਤੇ ਇਸ ਦੇ ਆਸ-ਪਾਸ ਖੇਤਰਾਂ 'ਚ ਅੱਜ ਦੂਜੇ ਦਿਨ ਵੀ ਪੂਰੀ ਸਖਤੀ ਵਰਤੀ ਗਈ। ਰੇਲਵੇ ਸਟੇਸ਼ਨ 'ਤੇ ਆਉਣ ਵਾਲੀ ਹਰ ਸਵਾਰੀ ਗੱਡੀ ਤੋਂ ਉਤਰਨ ਵਾਲੇ ਸ਼ੱਕੀ ਮੁਸਾਫਿਰਾਂ ਦੀਆਂ ਬੜੀ ਚੌਕਸੀ ਨਾਲ ਤਲਾਸ਼ੀਆਂ ਲੈਣੀਆਂ ਜਾਰੀ ਹਨ ਅਤੇ ਬੇਮਾਈਨੇ ਰੇਲਵੇ ਸਟੇਸ਼ਨ 'ਤੇ ਬੈਠਣ ਵਾਲੇ ਲੋਕਾਂ ਨੂੰ ਸਟੇਸ਼ਨ ਦੇ ਦਾਇਰੇ ਤੋਂ ਬਾਹਰ ਜਾਣ ਲਈ ਕਿਹਾ ਗਿਆ। ਰੇਲਵੇ ਚੌਕੀ ਮਾਨਸਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਵਿਭਾਗ ਤੋਂ ਸੂਚਨਾ ਪ੍ਰਾਪਤ ਹੁੰਦਿਆਂ ਸਾਰ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਦੇ ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੀ ਮਜ਼ਬੂਤੀ ਲਈ ਹਰ ਆਉਣ-ਜਾਣ ਵਾਲੇ ਅਤੇ ਸਟੇਸ਼ਨ 'ਤੇ ਬੈਠੇ ਲੋਕਾਂ ਦੇ ਬੈਗ ਅਤੇ ਸਾਮਾਨ ਦੀ ਚੈਕਿੰਗ ਕੀਤੀ ਗਈ ਹੈ। ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਸਖਤੀ ਵਰਤਣ ਲਈ ਦਿਨ-ਰਾਤ ਗਸ਼ਤ ਹੋਰ ਤੇਜ਼ ਕਰ ਦਿੱਤੀ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਰੇਲਵੇ ਸਟੇਸ਼ਨ ਵੱਲ ਅੱਖ ਨਹੀਂ ਚੁੱਕਣ ਦਿੱਤੀ ਜਾਵੇਗੀ। ਇਸ ਮੌਕੇ ਆਰ. ਪੀ. ਐੱਫ. ਦੇ ਸਮੁੰਦਰ ਸਿੰਘ ਤੋਂ ਇਲਾਵਾ ਹੈੱਡ ਕਾਂਸਟੇਬਲ ਨਿਰਮਲ ਸਿੰਘ ਅਤੇ ਕੁਲਵੰਤ ਸਿੰਘ, ਗਮਦੂਰ ਸਿੰਘ, ਅਮਰੀਕ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ। ਸਥਾਨਕ ਸ਼ਹਿਰ 'ਚ ਅੱਜ ਐਕਸਪ੍ਰੈੱਸ ਜਨਤਾ ਦਿੱਲੀ ਤੋਂ ਫਿਰੋਜ਼ਪੁਰ ਜਾਣ ਵਾਲੀ ਗੱਡੀ ਦੀ ਪੰਜਾਬ ਪੁਲਸ ਨੇ ਬਾਰੀਕੀ ਨਾਲ ਚੈਕਿੰਗ ਕੀਤੀ। ਇਸ ਮੌਕੇ ਥਾਣਾ ਸਿਟੀ ਦੇ ਮੁਖੀ ਬਲਵਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਭੀੜ-ਭੜੱਕੇ ਵਾਲੇ ਏਰੀਏ 'ਚ ਪੁਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਹ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਕੋਈ ਸ਼ੱਕੀ ਆਦਮੀ ਜਾਂ ਕੋਈ ਲਵਾਰਿਸ ਚੀਜ਼ ਪਈ ਹੈ ਤਾਂ ਉਸ ਦੀ ਪੁਲਸ ਨੂੰ ਇਤਲਾਹ ਦਿੱਤੀ ਜਾਵੇ। ਸ਼ਹਿਰ 'ਚ ਪੁਲਸ ਵੱਲੋਂ ਖੁਫੀਆ ਤੌਰ 'ਤੇ ਦੇਰ ਸ਼ਾਮ ਸਰਚ ਅਭਿਆਨ ਜਾਰੀ ਸੀ। ਇਸੇ ਦੌਰਾਨ ਉਨ੍ਹਾਂ ਨਾਲ ਮਹਿਲਾ ਫੋਰਸ ਵੀ ਮੌਜੂਦ ਸੀ। 


Related News