ਦਿਨ-ਦਿਹਾੜੇ ਚਾਕੂਆਂ ਨਾਲ ਨੌਜਵਾਨ ਦਾ ਕਤਲ, ਲੋਕ ਬਣਾਉਂਦੇ ਰਹੇ ਵੀਡੀਓ, ਚੀਕਾਂ ਸੁਣ ਕੇ ਵੀ...
Wednesday, May 13, 2026 - 12:13 PM (IST)
ਚੰਡੀਗੜ੍ਹ (ਹਾਂਡਾ) : ਇੱਥੇ ਦੜਵਾ ਦੀ ਗੈਸ ਕਾਲੋਨੀ 'ਚ ਮੰਗਲਵਾਰ ਸ਼ਾਮ ਨੂੰ ਇਕ ਬਹੁਤ ਹੀ ਦਰਦਨਾਕ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 18 ਫੁੱਟ ਰੋਡ 'ਤੇ 20 ਸਾਲਾ ਨੌਜਵਾਨ ਸੂਰਜ ਨੂੰ ਘੇਰ ਕੇ 4-5 ਨੌਜਵਾਨਾਂ ਨੇ ਦਿਨ-ਦਿਹਾੜੇ ਚਾਕੂਆਂ ਨਾਲ ਕਤਲ ਕਰ ਦਿੱਤਾ। ਇਹ ਸਾਰੀ ਵਾਰਦਾਤ ਉੱਥੇ ਮੌਜੂਦ ਲੋਕਾਂ ਦੇ ਸਾਹਮਣੇ ਵਾਪਰੀ ਪਰ ਕੋਈ ਵੀ ਨੌਜਵਾਨ ਦੀ ਮਦਦ ਲਈ ਅੱਗੇ ਨਹੀਂ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸੂਰਜ ਆਪਣੇ ਦੋਸਤ ਪਾਂਡੂ ਨਾਲ ਬਾਈਕ 'ਤੇ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਸਕੂਟੀ ਅੱਗੇ ਲਗਾ ਕੇ ਉਨ੍ਹਾਂ ਦਾ ਰਸਤਾ ਰੋਕ ਲਿਆ। ਪਾਂਡੂ ਮੌਕੇ ਤੋਂ ਭੱਜਣ 'ਚ ਕਾਮਯਾਬ ਰਿਹਾ ਪਰ ਹਮਲਾਵਰਾਂ ਨੇ ਸੂਰਜ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਉਸ 'ਤੇ ਲਗਾਤਾਰ ਚਾਕੂਆਂ ਨਾਲ ਵਾਰ ਕੀਤੇ। ਹਮਲੇ ਦੀ ਇਕ 55 ਸੈਕਿੰਡ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੋਸ਼ੀ ਬੇਰਹਿਮੀ ਨਾਲ ਸੂਰਜ 'ਤੇ ਵਾਰ ਕਰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : PSEB 12th Result 2026 : ਅੱਜ ਐਲਾਨੇ ਜਾਣਗੇ 12ਵੀਂ ਜਮਾਤ ਦੇ ਨਤੀਜੇ, ਇੱਥੇ ਚੈੱਕ ਕਰੋ Result
ਸੂਰਜ ਦੇ ਪਿਤਾ ਮੁਕੇਸ਼ ਅਤੇ ਮਾਂ ਰਾਜਬਾਲਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਪੁੱਤਰ ਕਰੀਬ 25 ਮਿੰਟ ਤੱਕ ਸੜਕ 'ਤੇ ਖੂਨ ਨਾਲ ਲੱਥਪੱਥ ਹਾਲਤ 'ਚ ਤੜਫਦਾ ਰਿਹਾ ਪਰ ਲੋਕਾਂ ਨੇ ਮਦਦ ਕਰਨ ਦੀ ਬਜਾਏ ਆਪਣੇ ਮੋਬਾਇਲ ਫੋਨਾਂ ਨਾਲ ਵੀਡੀਓ ਬਣਾਉਣ ਨੂੰ ਤਰਜ਼ੀਹ ਦਿੱਤੀ। ਮਾਂ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਉੱਥੇ ਮੌਜੂਦ 20 ਤੋਂ ਵੱਧ ਔਰਤਾਂ ਅਤੇ ਹੋਰ ਲੋਕ ਇਕੱਠੇ ਹੋ ਕੇ ਅੱਗੇ ਆਉਂਦੇ ਤਾਂ ਹਮਲਾਵਰ ਭੱਜ ਸਕਦੇ ਸਨ ਅਤੇ ਉਸ ਦੇ ਪੁੱਤਰ ਦੀ ਜਾਨ ਬਚ ਸਕਦੀ ਸੀ।
ਵਾਰਦਾਤ ਤੋਂ ਬਾਅਦ ਹਮਲਾਵਰ ਮ੍ਰਿਤਕ ਦੀ ਬਾਈਕ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦੇ ਰਹੇ ਪਰ ਬਾਈਕ ਸਟਾਰਟ ਨਾ ਹੋਣ ਕਾਰਨ ਉਹ ਉਸਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ 'ਤੇ ਐੱਸ. ਐੱਚ. ਓ. ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਸੂਰਜ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਨੁਸਾਰ ਹਮਲਾਵਰਾਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ 'ਚ ਕੁੱਝ ਨਾਬਾਲਗ ਵੀ ਸ਼ਾਮਲ ਹੋ ਸਕਦੇ ਹਨ। ਮ੍ਰਿਤਕ ਦੇ ਪਰਿਵਾਰ ਨੇ ਇਲਾਕੇ ਵਿੱਚ ਨਸ਼ੇੜੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
