ਸ਼ਰੀਫ਼ਪੁਰਾ ਕਤਲ ਕਾਂਡ: ਕੁਨਾਲ ਦੇ ਕਾਤਲਾਂ ਨੂੰ ਪੁਲਸ ਨੇ ਦਬੋਚਿਆ, ਵਾਰਦਾਤ ''ਚ ਵਰਤੀ ਸਕੂਟਰੀ ਵੀ ਬਰਾਮਦ
Sunday, May 17, 2026 - 01:40 AM (IST)
ਅੰਮ੍ਰਿਤਸਰ (ਜਸ਼ਨ) : ਥਾਣਾ ਏ-ਡਵੀਜ਼ਨ ਦੇ ਸ਼ਰੀਫ਼ਪੁਰਾ ਖੇਤਰ ਵਿਚ ਹੋਏ ਇਕ ਚਰਚਿਤ ਕਤਲ ਦੇ ਮਾਮਲੇ ਨੂੰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਣੀ ਬਾਜ਼ਾਰ ਸ਼ਰੀਫ਼ਪੁਰਾ ਦੇ ਰਹਿਣ ਵਾਲੇ ਵੰਸ਼, ਤਹਿਸੀਲਪੁਰਾ ਨਿਵਾਸੀ ਰੋਹਨ ਕਪੂਰ ਉਰਫ਼ ਗੋਲੂ, ਰਾਣੀ ਬਾਜ਼ਾਰ ਸ਼ਰੀਫ਼ਪੁਰਾ ਦੀ ਰਹਿਣ ਵਾਲੀ ਸੋਨੀਆ ਅਤੇ ਇਕ ਨਾਬਾਲਗ ਵਜੋਂ ਹੋਈ ਹੈ। ਪੁਲਸ ਨੇ ਵਾਰਦਾਤ ਵਿਚ ਵਰਤੀ ਗਈ ਐਕਟਿਵਾ ਸਕੂਟਰੀ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ : ਪ੍ਰੇਮ ਸਬੰਧ ਬਣੇ ਨੌਜਵਾਨ ਦੀ ਮੌਤ ਦਾ ਕਾਰਨ! ਪਾਇਲ ਪੁਲਸ ਨੇ ਕੁਝ ਘੰਟਿਆਂ 'ਚ ਮੁੱਖ ਮੁਲਜ਼ਮ ਕੀਤਾ ਕਾਬੂ
ਕੁਨਾਲ ਉਰਫ਼ ਲੋਟਸ ਦੇ ਕਤਲ ਨਾਲ ਜੁੜਿਆ ਹੈ ਮਾਮਲਾ
ਪੁਲਸ ਮੁਤਾਬਕ ਇਹ ਮਾਮਲਾ ਮਜੀਠਾ ਰੋਡ ਇਲਾਕੇ ਦੇ ਰਹਿਣ ਵਾਲੇ ਕੁਨਾਲ ਉਰਫ਼ ਲੋਟਸ ਦੇ ਕਤਲ ਨਾਲ ਸਬੰਧਤ ਹੈ। ਮੁੱਢਲੀ ਜਾਂਚ ਮੁਤਾਬਕ 13 ਮਈ ਦੀ ਰਾਤ ਕੁਣਾਲ ਆਪਣੇ ਦੋਸਤਾਂ ਨਾਲ ਰਾਣੀ ਬਾਜ਼ਾਰ ਸ਼ਰੀਫ਼ਪੁਰਾ ਇਲਾਕੇ ਵਿਚ ਗਿਆ ਸੀ, ਜਿੱਥੇ ਉਸ ਦੀ ਵੰਸ਼ ਅਤੇ ਉਸ ਦੇ ਸਾਥੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਹ ਤਕਰਾਰ ਬਾਅਦ ਵਿਚ ਹਿੰਸਕ ਝਗੜੇ ਵਿਚ ਬਦਲ ਗਈ, ਜਿਸ ਦੌਰਾਨ ਕੁਣਾਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਪਵਨ ਕੁਮਾਰ ਉਰਫ਼ ਪੰਮਾ ਦੀ ਸ਼ਿਕਾਇਤ ’ਤੇ ਥਾਣਾ ਏ-ਡਵੀਜ਼ਨ ਦੀ ਪੁਲਸ ਨੇ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ : NEET ਪੇਪਰ ਲੀਕ ਵਿਵਾਦ ਵਿਚਾਲੇ NTA 'ਚ ਹੋਇਆ ਵੱਡਾ ਫੇਰਬਦਲ, 4 ਸੀਨੀਅਰ ਅਧਿਕਾਰੀ ਨਿਯੁਕਤ
ਤਕਨੀਕੀ ਜਾਂਚ ਅਤੇ ਖ਼ੁਫ਼ੀਆ ਸੂਚਨਾਵਾਂ ਨਾਲ ਮਿਲੀ ਸਫਲਤਾ
ਪੁਲਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਕੇਸ ਦਰਜ ਹੁੰਦੇ ਹੀ ਪੁਲਸ ਟੀਮਾਂ ਨੇ ਮਨੁੱਖੀ ਖ਼ੁਫ਼ੀਆ ਜਾਣਕਾਰੀ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਲਗਾਤਾਰ ਛਾਪੇਮਾਰੀ ਅਤੇ ਡੂੰਘੀ ਜਾਂਚ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਫੜਿਆ ਗਿਆ ਮੁਲਜ਼ਮ ਰੋਹਨ ਕਪੂਰ ਉਰਫ਼ ਗੋਲੂ ਇਕ ਆਦਤਨ ਅਪਰਾਧੀ ਹੈ, ਜਿਸ ਖ਼ਿਲਾਫ਼ ਕਮਿਸ਼ਨਰੇਟ ਪੁਲਸ ਦੇ ਵੱਖ-ਵੱਖ ਥਾਣਿਆਂ ਵਿਚ ਖੋਹ ਅਤੇ ਸਨੈਚਿੰਗ ਦੇ 6 ਮਾਮਲੇ ਪਹਿਲਾਂ ਤੋਂ ਦਰਜ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਪੁਲਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
