4 ਸਾਲਾਂ ''ਚ 35 ਹਜ਼ਾਰ ਕਰੋੜ ਦੀ ਲਾਗਤ ਨਾਲ ਰੇਲਵੇ ਨੈੱਟਵਰਕ ਦਾ ਹੋਵੇਗਾ ਬਿਜਲਈਕਰਨ
Sunday, Oct 29, 2017 - 07:19 AM (IST)
ਜਲੰਧਰ (ਗੁਲਸ਼ਨ) - ਰੇਲਵੇ ਵਲੋਂ ਅਗਲੇ 4 ਸਾਲਾਂ ਦੌਰਾਨ 35 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਪੂਰੇ ਨੈੱਟਵਰਕ ਦਾ ਬਿਜਲਈਕਰਨ ਕੀਤਾ ਜਾਵੇਗਾ। ਇੰਝ ਹੋਣ ਨਾਲ ਰੇਲਵੇ ਦੀ ਸਾਲਾਨਾ 10500 ਰੁਪਏ ਦੇ ਤੇਲ ਦੀ ਬੱਚਤ ਹੋਵੇਗੀ। ਇਸ ਸਮੇਂ ਪੂਰੇ ਦੇਸ਼ 'ਚ ਅੱਧੇ ਤੋਂ ਵੱਧ ਰੇਲਵੇ ਟ੍ਰੈਕ ਦਾ ਬਿਜਲਈਕਰਨ ਕੀਤਾ ਜਾ ਚੁੱਕਾ ਹੈ। 66000 ਕਿਲੋਮੀਟਰ ਦੇ ਰੇਲਵੇ ਨੈੱਟਵਰਕ ਦਾ ਅਜੇ ਬਿਜਲਈਕਰਨ ਹੋਣਾ ਬਾਕੀ ਹੈ। ਸੂਤਰਾਂ ਮੁਤਾਬਿਕ ਰੇਲਵੇ ਇਸ ਲਈ ਆਪਣੇ ਸੋਮਿਆਂ ਤੋਂ ਫੰਡ ਇਕੱਠੇ ਕਰੇਗਾ।
ਪੂਰੇ ਰੇਲਵੇ ਨੈੱਟਵਰਕ ਦੇ ਬਿਜਲਈਕਰਨ ਲਈ ਰੇਲਵੇ ਨੇ 2021 ਤਕ ਦਾ ਨਿਸ਼ਾਨਾ ੇਰੱਖਿਆ ਹੈ, ਇਸ ਤੋਂ ਬਾਅਦ ਬਿਜਲੀ ਦਾ ਸਾਲਾਨਾ ਬਿੱਲ 26500 ਰੁਪਏ ਤੋਂ ਘਟ ਕੇ 16 ਹਜ਼ਾਰ ਕਰੋੜ ਰੁਪਏ ਤਕ ਆ ਜਾਵੇਗਾ। ਇਸ ਕੰਮ ਲਈ ਈਰਕਾਨ, ਰਾਈਟਸ, ਪੀ. ਜੀ. ਅਤੇ ਪੀ. ਜੀ. ਸੀ. ਆਈ. ਐੱਲ. ਵਰਗੀਆਂ ਸਰਕਾਰੀ ਕੰਪਨੀਆਂ ਦੇ ਨਾਲ-ਨਾਲ ਕਈ ਪ੍ਰਾਈਵੇਟ ਕੰਪਨੀਆਂ ਦੀ ਵੀ ਮਦਦ ਲਈ ਜਾਵੇਗੀ।
ਬਿੱਲ ਨੂੰ ਘੱਟ ਕਰਨ ਲਈ ਰੇਲਵੇ ਦੀ ਯੋਜਨਾ ਡਿਸਟ੍ਰੀਬਿਊਸ਼ਨ ਕੰਪਨੀਆਂ ਦੀ ਥਾਂ ਬਿਜਲੀ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਕੋਲੋਂ ਸਿੱਧੀ ਬਿਜਲੀ ਲੈਣ ਦੀ ਵੀ ਹੈ। ਇਸ ਨਾਲ ਰੇਲਵੇ ਦੀ ਸਾਲਾਨਾ 2500 ਕਰੋੜ ਰੁਪਏ ਦੀ ਬੱਚਤ ਹੋਵੇਗੀ। ਆਉਂਦੇ 5 ਸਾਲਾਂ ਦੌਰਾਨ ਰੇਲਵੇ ਨੂੰ 5 ਹਜ਼ਾਰ ਇਲੈਕਟ੍ਰਿਕ ਇੰਜਣਾਂ ਦੀ ਲੋੜ ਪਵੇਗੀ। ਇਸ ਸਮੇਂ ਰੇਲਵੇ ਕੋਲ 4400 ਇਲੈਕਟ੍ਰਿਕ ਇੰਜਣ ਹਨ। ਵਾਰਾਣਸੀ ਅਤੇ ਪੱਛਮੀ ਬੰਗਾਲ ਦੇ ਚਿਤਰੰਜਨ ਦੇ ਕਾਰਖਾਨਿਆਂ 'ਚ ਬਿਜਲੀ ਦੇ ਇੰਜਣ ਬਣਾਏ ਜਾਣਗੇ। ਅਗਲੇ ਸਾਲ ਤੋਂ ਮਦੇਪੁਰ ਦੇ ਇੰਜਣ ਕਾਰਖਾਨੇ 'ਚ ਵੀ ਇੰਜਣ ਬਣਨੇ ਸ਼ੁਰੂ ਹੋ ਜਾਣਗੇ। ਇਸ ਨਾਲ ਵੱਡੀ ਗਿਣਤੀ 'ਚ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।
