ਬਿਨਾਂ ਟਿਕਟ ਤੇ ਅਨਿਯਮਿਤ ਤੌਰ ’ਤੇ ਸਫ਼ਰ ਕਰਨ ਵਾਲਿਆਂ ਤੋਂ ਰੇਲਵੇ ਨੇ 81 ਲੱਖ ਤੋਂ ਵੱਧ ਦਾ ਜੁਰਮਾਨਾ ਵਸੂਲਿਆ
Saturday, Jul 27, 2024 - 02:42 PM (IST)
ਫਿਰੋਜ਼ਪੁਰ (ਖੁੱਲਰ) : ਹੈੱਡਕੁਆਰਟਰ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਤਹਿਤ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਡਵੀਜ਼ਨ 'ਚ ਟਿਕਟਾਂ ਦੀ ਖਿੜਕੀ ’ਤੇ ਵਿਕਰੀ ਵਧਾਉਣ ਲਈ ਟਿਕਟ ਚੈਕਿੰਗ ਸਟਾਫ਼ ਦੀ ਢੁੱਕਵੀਂ ਤਾਇਨਾਤੀ ਦੀ ਯੋਜਨਾ ਬਣਾਈ ਜਾ ਰਹੀ ਹੈ। ਵੱਖ-ਵੱਖ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੀ ਅਗਵਾਈ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਚੀਫ਼ ਰੀਜਨਲ ਮੈਨੇਜਰ ਅੰਮ੍ਰਿਤਸਰ ਅਤੇ ਸ਼੍ਰੀਨਗਰ, ਸਟੇਸ਼ਨ ਡਾਇਰੈਕਟਰ ਲੁਧਿਆਣਾ ਅਤੇ ਜੰਮੂ ਤਵੀ ਅਤੇ ਸਹਾਇਕ ਕਮਰਸ਼ੀਅਲ ਮੈਨੇਜਰਾਂ ਨੇ ਵਲੋਂ ਕੀਤੀ ਗਈ।
ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇ ਜਲੰਧਰ-ਅੰਮ੍ਰਿਤਸਰ, ਫ਼ਿਰੋਜ਼ਪੁਰ-ਬਠਿੰਡਾ, ਲੁਧਿਆਣਾ-ਪਠਾਨਕੋਟ ਕੈਂਟ, ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਪਠਾਨਕੋਟ ਕੈਂਟ, ਲੁਧਿਆਣਾ-ਜਲੰਧਰ ਕੈਂਟ, ਸ਼੍ਰੀਨਗਰ-ਬਨੀਹਾਲ ਆਦਿ ਸੈਕਸ਼ਨਾਂ ’ਤੇ ਟਿਕਟਾਂ ਦੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਹੈੱਡਕੁਆਰਟਰ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਬਿਨਾ ਟਿਕਟ ਅਤੇ ਅਨਿਯਮਿਤ ਤੌਰ ’ਤੇ ਸਫ਼ਰ ਕਰਨ ਵਾਲੇ 12,459 ਰੇਲਵੇ ਯਾਤਰੀਆਂ ਤੋਂ 81 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ ਹੈ।