ਜਲੰਧਰ ''ਚ ਵੱਡੀ ਵਾਰਦਾਤ: ਕੇਸਰ ਪੈਟਰੋਲ ਪੰਪ ''ਤੇ ਪੈਂਚਰ ਦਾ ''ਡਰਾਮਾ'' ਕਰਕੇ ਇਲੈਕਟ੍ਰਾਨਿਕਸ ਮਾਲਕ ਦੇ 10 ਲੱਖ ਉਡਾਏ

Thursday, Sep 03, 2026 - 08:15 AM (IST)

ਜਲੰਧਰ ''ਚ ਵੱਡੀ ਵਾਰਦਾਤ: ਕੇਸਰ ਪੈਟਰੋਲ ਪੰਪ ''ਤੇ ਪੈਂਚਰ ਦਾ ''ਡਰਾਮਾ'' ਕਰਕੇ ਇਲੈਕਟ੍ਰਾਨਿਕਸ ਮਾਲਕ ਦੇ 10 ਲੱਖ ਉਡਾਏ

ਜਲੰਧਰ (ਸ. ਹ.) : ਕੇਸਰ ਪੈਟਰੋਲ ਪੰਪ ’ਤੇ ਪੈਂਚਰ ਲਗਾਉਣ ਰੁਕੇ ਅੱਡਾ ਹੁਸ਼ਿਆਰਪੁਰ ਚੌਕ ਦੇ ਭਾਟੀਆ ਇਲੈਕਟ੍ਰਾਨਿਕਸ ਦੇ ਮਾਲਕ ਦੀ ਗੱਡੀ ਵਿਚੋਂ ਲਗਭਗ 10 ਲੱਖ ਰੁਪਏ ਚੋਰੀ ਹੋ ਗਏ। ਭਾਟੀਆ ਇਲੈਕਟ੍ਰਾਨਿਕਸ ਦੇ ਮਾਲਕ ਸਰਨਪਾਲ ਸਿੰਘ ਦੁਕਾਨ ਬੰਦ ਕਰ ਕੇ ਆਪਣੇ ਘਰ ਜਾ ਰਹੇ ਸਨ। ਇਸੇ ਦੌਰਾਨ ਰਸਤੇ ਵਿਚ ਉਨ੍ਹਾਂ ਨਾਲ ਵਾਰਦਾਤ ਹੋ ਗਈ। ਇਹ ਵਾਰਦਾਤ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋਈ ਹੈ, ਜਿਸ ਦੀ ਜਾਂਚ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ।

ਸਰਨਪਾਲ ਸਿੰਘ ਦੀ ਮੰਨੀਏ ਤਾਂ ਉਹ ਦੁਕਾਨ ਦਾ ਕੰਮ ਖਤਮ ਕਰ ਕੇ ਘਰ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸ਼੍ਰੀ ਰਾਮ ਚੌਕ ’ਤੇ ਕਿਸੇ ਨੇ ਦੱਸਿਆ ਕਿ ਤੁਹਾਡੀ ਗੱਡੀ ਪੈਂਚਰ ਹੈ। ਸਰਨਪਾਲ ਨੇ ਗੱਡੀ ਵਿਚ ਬੈਠੇ ਚੈੱਕ ਕੀਤਾ ਤਾਂ ਗੱਡੀ ਦੇ ਸਾਰੇ ਟਾਇਰ ਸਹੀ ਸਨ ਪਰ ਨਾਮਦੇਵ ਚੌਕ ਜਾ ਕੇ ਉਨ੍ਹਾਂ ਦੀ ਗੱਡੀ ਦੇ ਟਾਇਰ ਵਿਚ ਹਵਾ ਘੱਟ ਹੁੰਦੀ ਦਿਖਾਈ ਦਿੱਤੀ। ਜਿਵੇਂ ਹੀ ਸਰਨਪਾਲ ਕੇਸਰ ਪੈਟਰੋਲ ਪੰਪ ’ਤੇ ਹਵਾ ਚੈੱਕ ਕਰਵਾਉਣ ਗਿਆ ਤਾਂ ਉਥੋਂ ਦੇ ਮੁਲਾਜ਼ਮ ਨੇ ਪਿਛਲੇ ਟਾਇਰ ਵਿਚ ਪੈਂਚਰ ਅਤੇ ਹਵਾ ਘੱਟ ਹੋਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਹ ਗੱਡੀ ਵਿਚੋਂ ਉਤਰੇ ਅਤੇ ਟਾਇਰ ਚੈੱਕ ਕਰਨ ਲੱਗੇ। ਇਸੇ ਦੌਰਾਨ ਇਕ ਨੌਜਵਾਨ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਕੈਸ਼ ਨਾਲ ਭਰਿਆ ਬੈਗ ਅਤੇ ਚਾਬੀਆਂ ਦਾ ਪਰਸ ਚੋਰੀ ਕਰ ਕੇ ਲੈ ਗਿਆ, ਹਾਲਾਂਕਿ ਚਾਬੀਆਂ ਨਾਲ ਭਰਿਆ ਬੈਗ ਮਿਲ ਗਿਆ ਸੀ ਪਰ ਕੈਸ਼ ਵਾਲਾ ਬੈਗ ਮੁਲਜ਼ਮ ਲੈ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਲੁਟੇਰਿਆਂ ਨੇ ਪਹਿਲਾਂ ਲੁੱਟਿਆ ਮੋਟਰਸਾਈਕਲ, ਫ਼ਿਰ Accident ਮਗਰੋਂ ਐਕਟਿਵਾ ਖੋਹ ਕੇ ਹੋਏ ਫ਼ਰਾਰ

ਇਹ ਪਹਿਲੀ ਵਾਰਦਾਤ ਨਹੀਂ, ਪਹਿਲਾਂ ਵੀ ਹੋ ਚੁੱਕੀਆਂ ਹਨ ਅਜਿਹੀਆਂ ਵਾਰਦਾਤਾਂ

ਸ਼ਹਿਰ ਵਿਚ ਇਹ ਪਹਿਲੀ ਵਾਰਦਾਤ ਨਹੀਂ, ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਘਟਨਾ ਕੇਸਰ ਪੈਟਰੋਲ ਪੰਪ ਦੇ ਆਸ-ਪਾਸ ਹੋਈ। ਇਸ ਤੋਂ ਪਹਿਲਾਂ ਕਾਰੋਬਾਰੀ ਭਰਤ ਕਕੜੀਆ ਅਤੇ ਕਲਕੱਤਾ ਮਿਊਜ਼ਿਕ ਵਾਲਿਆਂ ਨਾਲ ਵੀ ਇਸੇ ਤਰ੍ਹਾਂ ਉਨ੍ਹਾਂ ਦੀ ਗੱਡੀ ਿਵਚੋਂ ਕੈਸ਼ ਚੋਰੀ ਕਰ ਲਿਆ ਗਿਆ। ਹਾਲਾਂਕਿ ਇਨ੍ਹਾਂ ਮਾਮਲਿਆਂ ਨੂੰ ਪੁਲਸ ਟ੍ਰੇਸ ਨਹੀਂ ਕਰ ਸਕੀ ਪਰ ਦੁਬਾਰਾ ਵਾਰਦਾਤ ਹੋ ਗਈ। ਸਾਫ ਹੈ ਕਿ ਪੁਲਸ ਦਾ ਖੁਫੀਆ ਤੰਤਰ ਇੰਨਾ ਕਮਜ਼ੋਰ ਹੈ ਕਿ ਪੁਲਸ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕ ਨਹੀਂ ਪਾ ਰਹੀ ਅਤੇ ਕਾਰੋਬਾਰ ਡਰ ਦੇ ਸਾਏ ਵਿਚ ਹਨ।

ਕਾਰੋਬਾਰੀਆਂ ਨਾਲ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਸੀ. ਪੀ. ਨੂੰ ਮਿਲਾਂਗੇ : ਜੋਏ ਮਲਿਕ

ਫਗਵਾੜਾ ਗੇਟ ਮਾਰਕੀਟ ਦੇ ਸਾਬਕਾ ਪ੍ਰਧਾਨ ਜੋਏ ਮਲਿਕ ਨੇ ਕਿਹਾ ਕਿ ਕਾਰੋਬਾਰੀ ਡਰ ਵਿਚ ਜੀਅ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰੋਬਾਰੀਆਂ ਵਿਚ ਡਰ ਦਾ ਮਾਹੌਲ ਬਣਾ ਰਹੀਆਂ ਹਨ। ਭਰਤ ਕਕੜੀਆ, ਕਲਕੱਤਾ ਮਿਊਜ਼ਿਕ ਵਾਲਿਆਂ ਸਮੇਤ ਕਈ ਕਾਰੋਬਾਰੀਆਂ ਨਾਲ ਇਸ ਤਰ੍ਹਾਂ ਦੀ ਲੁੱਟ ਹੋ ਚੁੱਕੀ ਹੈ। ਕਾਰੋਬਾਰੀਆਂ ਨੂੰ ਵਪਾਰ ਕਰਨ ਲਈ ਸੁਰੱਖਿਅਤ ਮਾਹੌਲ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News