ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ ਲੱਗੇ ਭੂਚਾਲ ਦੇ ਝਟਕੇ
Wednesday, Sep 02, 2026 - 02:38 PM (IST)
ਨਵੀਂ ਦਿੱਲੀ (ਇੰਟ.)-ਹਿਮਾਲਿਆ ਅੱਜਕਲ੍ਹ ਸਿਰਫ਼ ਆਪਣੀ ਕੁਦਰਤੀ ਸੁੰਦਰਤਾ ਅਤੇ ਵਿਸ਼ਾਲ ਪਰਬਤ ਲੜੀਆਂ ਲਈ ਹੀ ਨਹੀਂ, ਸਗੋਂ ਲਗਾਤਾਰ ਵਧ ਰਹੀਆਂ ਕੁਦਰਤੀ ਆਫ਼ਤਾਂ ਕਾਰਨ ਵੀ ਚਰਚਾ ਦੇ ਕੇਂਦਰ ਵਿਚ ਹੈ। ਕਿਤੇ ਧਰਤੀ ਲਗਾਤਾਰ ਭੂਚਾਲ ਦੇ ਝਟਕਿਆਂ ਨਾਲ ਕੰਬ ਰਹੀ ਹੈ, ਕਿਤੇ ਬੱਦਲ ਫਟਣ ਤੋਂ ਬਾਅਦ ਪਹਾੜਾਂ ਤੋਂ ਮਲਬੇ ਦਾ ਹੜ੍ਹ ਉਤਰ ਰਿਹਾ ਹੈ ਤਾਂ ਕਿਤੇ ਤੇਜ਼ੀ ਨਾਲ ਪਿਘਲਦੇ ਗਲੇਸ਼ੀਅਰ ਅਤੇ ਬਰਫ਼-ਚੱਟਾਨਾਂ ਦੇ ਵਿਸ਼ਾਲ ਹਿੱਸੇ ਟੁੱਟ ਕੇ ਵਿਨਾਸ਼ਕਾਰੀ ਫਲੈਸ਼ ਫਲੱਡ ਦਾ ਕਾਰਨ ਬਣ ਰਹੇ ਹਨ। ਹਾਲ ਹੀ ਦੇ ਦਿਨਾਂ ਵਿਚ ਹਿਮਾਲਿਆਈ ਖੇਤਰ ਅਤੇ ਉਸ ਨਾਲ ਜੁੜੇ ਇਲਾਕਿਆਂ ਵਿਚ ਲਗਭਗ 130 ਘੰਟਿਆਂ ਦੇ ਅੰਦਰ 130 ਤੋਂ ਵੱਧ ਭੂਚਾਲ ਦੇ ਝਟਕੇ ਦਰਜ ਹੋਣ ਦੇ ਨਾਲ-ਨਾਲ ਨੇਪਾਲ-ਤਿੱਬਤ ਸਰਹੱਦੀ ਖੇਤਰ ਵਿਚ ਗਲੇਸ਼ੀਅਰ ਅਤੇ ਚੱਟਾਨਾਂ ਦੇ ਵਿਸ਼ਾਲ ਹਿੱਸੇ ਦੇ ਢਹਿਣ ਨਾਲ ਆਏ ਭਿਆਨਕ ਹੜ੍ਹ ਨੇ ਇਸ ਸੰਵੇਦਨਸ਼ੀਲ ਪਹਾੜੀ ਖੇਤਰ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਵਿਗਿਆਨੀਆਂ ਮੁਤਾਬਕ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਦੀ ਲਗਾਤਾਰ ਟੱਕਰ ਨਾਲ ਪਹਿਲਾਂ ਹੀ ਭੂ ਵਿਗਿਆਨਕ ਰੂਪ ਵਿਚ ਸਰਗਰਮ ਹਿਮਾਲਿਆ 'ਤੇ ਹੁਣ ਜਲਵਾਯੂ ਪਰਿਵਰਤਨ, ਤੇਜ਼ੀ ਨਾਲ ਪਿਘਲਦੇ ਗਲੇਸ਼ੀਅਰ, ਅਨਿਯਮਿਤ ਅਤੇ ਮੋਹਲੇਧਾਰ ਮੀਂਹ ਅਤੇ ਵਧਦੇ ਮਨੁੱਖੀ ਦਬਾਅ ਦਾ ਦੋਹਰਾ ਸੰਕਟ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ: ਅੱਧੀ ਰਾਤ ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਟਲੀ ਵੱਡੀ ਵਾਰਦਾਤ! ਹਥਿਆਰ ਲੈ ਕੇ ਬਦਮਾਸ਼ਾਂ ਨੇ ਬਜ਼ੁਰਗ ਨੂੰ...

ਗਲੇਸ਼ੀਅਰ ਟੁੱਟੇ ਤਾਂ ਮਿੰਟਾਂ ਵਿਚ ਬਦਲ ਜਾਂਦਾ ਹੈ ਪੂਰਾ ਭੂਗੋਲ
ਹਿਮਾਲਿਆ ਦੇ ਸਾਹਮਣੇ ਉੱਭਰਦਾ ਸਭ ਤੋਂ ਵੱਡਾ ਨਵਾਂ ਖ਼ਤਰਾ ਗਲੇਸ਼ੀਅਰਾਂ ਅਤੇ ਉੱਚਾਈ ਵਾਲੇ ਬਰਫ਼ੀਲੇ ਖੇਤਰਾਂ ਦੀ ਵਧਦੀ ਅਸਥਿਰਤਾ ਹੈ। ਵਧਦੇ ਤਾਪਮਾਨ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਉਨ੍ਹਾਂ ਦੇ ਆਸ-ਪਾਸ ਨਵੀਂਆਂ ਝੀਲਾਂ ਬਣ ਰਹੀਆਂ ਹਨ ਅਤੇ ਪਹਾੜਾਂ ਵਿਚ ਜੰਮੀ ਬਰਫ਼ ਅਤੇ ਪਰਮਾਫ੍ਰੌਸਟ ਕਮਜ਼ੋਰ ਪੈ ਰਹੇ ਹਨ। ਇਸ ਦਾ ਅਸਰ ਸਿਰਫ਼ ਉੱਚਾਈ ਵਾਲੇ ਇਲਾਕਿਆਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਹੇਠਾਂ ਵਸੇ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚ ਸਕਦਾ ਹੈ। ਨੇਪਾਲ-ਤਿੱਬਤ ਖੇਤਰ ਵਿਚ ਅਗਸਤ ’ਚ ਆਏ ਭਿਆਨਕ ਫਲੈਸ਼ ਫਲੱਡ ਨੇ ਇਸੇ ਖ਼ਤਰੇ ਨੂੰ ਦੁਨੀਆ ਦੇ ਸਾਹਮਣੇ ਲਿਆ ਦਿੱਤਾ। ਸ਼ੁਰੂਆਤੀ ਵਿਗਿਆਨਕ ਅੰਦਾਜ਼ਿਆਂ ਵਿਚ ਵਿਸ਼ਾਲ ਐਵਲਾਂਚ (ਬਰਫ ਅਤੇ ਚੱਟਾਨਾਂ ਦਾ ਖਿਸਕਣਾ) ਦੇ ਕਾਰਨ ਅਚਾਨਕ ਪਾਣੀ ਅਤੇ ਮਲਬੇ ਦੇ ਹੇਠਲੀਆਂ ਘਾਟੀਆਂ ਤੱਕ ਪਹੁੰਚਣ ਦੀ ਗੱਲ ਸਾਹਮਣੇ ਆਈ। ਨਦੀ ਦਾ ਜਲ ਪੱਧਰ ਬਹੁਤ ਘੱਟ ਸਮੇਂ ਵਿਚ ਕਈ ਮੀਟਰ ਵਧ ਗਿਆ ਅਤੇ ਸੜਕਾਂ, ਪੁਲ ਅਤੇ ਹੋਰ ਬੁਨਿਆਦੀ ਢਾਂਚਾ ਤਬਾਹ ਹੋ ਗਿਆ।
ਇਹ ਵੀ ਪੜ੍ਹੋ: ਸਕੇ ਭਰਾਵਾਂ ਨਾਲ ਦਰਦਨਾਕ ਹਾਦਸਾ! ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਇਕ ਦੀ ਮੌਤ
ਕੁਦਰਤੀ ਆਫ਼ਤ ਜਾਂ ਲੜੀਵਾਰ ਖ਼ਤਰੇ?
ਹਿਮਾਲਿਆ 'ਚ ਵਧਦੇ ਖ਼ਤਰੇ ਦੀ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਥੇ ਇਕ ਘਟਨਾ ਦੂਜੀ ਆਫ਼ਤ ਨੂੰ ਜਨਮ ਦੇ ਸਕਦੀ ਹੈ। ਭਿਆਨਕ ਗਰਮੀ ਨਾਲ ਗਲੇਸ਼ੀਅਰ ਪਿਘਲਦੇ ਹਨ, ਚੱਟਾਨਾਂ ਦੀ ਪਕੜ ਕਮਜ਼ੋਰ ਹੁੰਦੀ ਹੈ ਅਤੇ ਇਸ ਤੋਂ ਬਾਅਦ ਬਰਫ਼ ਦਾ ਡਿੱਗਣਾ ਜਾਂ ਜ਼ਮੀਨ ਖਿਸਕ ਸਕਦੀ ਹੈ। ਮਲਬਾ ਨਦੀ ਦਾ ਰਾਹ ਰੋਕ ਦਿੰਦਾ ਹੈ ਅਤੇ ਪਾਣੀ ਜਮ੍ਹਾਂ ਹੋਣ ਤੋਂ ਬਾਅਦ ਅਚਾਨਕ ਫਲੈਸ਼ ਫਲੱਡ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਮਤਲਬ ਹਿਮਾਲਿਆ ਵਿਚ ਆਫ਼ਤ ਹੁਣ ਇਕੱਲੀ ਨਹੀਂ ਆਉਂਦੀ। ਵਿਗਿਆਨੀ ਇਸ ਨੂੰ ਵਿਆਪਕ ਜਾਂ ਲੜੀਵਾਰ ਖ਼ਤਰੇ ਦੇ ਰੂਪ ਵਿਚ ਦੇਖਦੇ ਹਨ। ਪੂਰਬੀ ਹਿਮਾਲਿਆ ਦੇ ਉੱਚੇ ਪਹਾੜੀ ਖੇਤਰਾਂ ਵਿਚ ਜਲਵਾਯੂ ਨਾਲ ਜੁੜੀਆਂ ਜ਼ਮੀਨ ਖਿਸਕਣ ਦੀਆਂ ਗਤੀਵਿਧੀਆਂ ਵਿਚ ਬਦਲਾਅ ਅਤੇ ਵਧਦੇ ਜ਼ੋਖਮ ਵੱਲ ਵੀ ਵਿਗਿਆਨਕ ਅਧਿਐਨ ਇਸ਼ਾਰਾ ਕਰ ਚੁੱਕੇ ਹਨ।

ਕੁਝ ਘੰਟਿਆਂ ਦਾ ਮੀਂਹ, ਸਾਲਾਂ ਦਾ ਨੁਕਸਾਨ
ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਵਿਚ ਬੱਦਲ ਫਟਣ ਦੀਆਂ ਘਟਨਾਵਾਂ ਵੱਖਰੀ ਚੁਣੌਤੀ ਬਣ ਕੇ ਉੱਭਰੀਆਂ ਹਨ। ਪਹਾੜੀ ਖੇਤਰਾਂ ਵਿਚ ਮੋਹਲੇਧਾਰ ਮੀਂਹ ਬਹੁਤ ਘੱਟ ਸਮੇਂ ਵਿਚ ਨਦੀਆਂ ਅਤੇ ਨਾਲਿਆਂ ਨੂੰ ਉੱਛਲਦੇ ਮਲਬੇ ਦੇ ਹੜ੍ਹ ਵਿਚ ਬਦਲ ਸਕਦਾ ਹੈ। ਪਹਾੜਾਂ ਦੀਆਂ ਢਲਾਨਾਂ ਤੋਂ ਪਾਣੀ ਤੇਜ਼ੀ ਨਾਲ ਹੇਠਾਂ ਆਉਂਦਾ ਹੈ ਅਤੇ ਆਪਣੇ ਨਾਲ ਮਿੱਟੀ, ਵੱਡੇ ਪੱਥਰ, ਰੁੱਖ ਅਤੇ ਹੋਰ ਮਲਬਾ ਵੀ ਰੋੜ੍ਹ ਕੇ ਲੈ ਆਉਂਦਾ ਹੈ। ਇਹੋ ਕਾਰਨ ਹੈ ਕਿ ਪਹਾੜੀ ਫਲੈਸ਼ ਫਲੱਡ ਆਮ ਮੈਦਾਨੀ ਹੜ੍ਹਾਂ ਦੀ ਤੁਲਨਾ ਵਿਚ ਵਧੇਰੇ ਵਿਨਾਸ਼ਕਾਰੀ ਸਾਬਿਤ ਹੋ ਸਕਦੇ ਹਨ। ਉੱਤਰਾਖੰਡ ਦੇ ਧਾਰਾਲੀ ਵਰਗੇ ਖੇਤਰਾਂ ਵਿਚ ਸਾਹਮਣੇ ਆਈਆਂ ਘਟਨਾਵਾਂ ਨੇ ਵੀ ਹਿਮਾਲਿਆ ਦੀ ਭੂ-ਜਲ-ਵਿਗਿਆਨਕ ਸੰਵੇਦਨਸ਼ੀਲਤਾ ਨੂੰ ਉਜਾਗਰ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਟਰੈਵਲ ਏਜੰਟਾਂ ਦੀ ਆ ਗਈ ਸ਼ਾਮਤ! ਲਿਆ ਗਿਆ ਸਖ਼ਤ ਐਕਸ਼ਨ
ਪਹਾੜਾਂ ਦੀ ਕਮਜ਼ੋਰੀ ਵਿਚ ਇਨਸਾਨੀ ਦਖ਼ਲ ਵੀ ਜ਼ਿੰਮੇਵਾਰ
ਮਾਹਿਰਾਂ ਮੁਤਾਬਕ ਹਰ ਆਫ਼ਤ ਨੂੰ ਸਿਰਫ਼ ਕੁਦਰਤ ਦੇ ਸਿਰ ਮੜ੍ਹਨਾ ਸਹੀ ਨਹੀਂ ਹੋਵੇਗਾ। ਪਹਾੜਾਂ ਵਿਚ ਤੇਜ਼ੀ ਨਾਲ ਸੜਕ ਨਿਰਮਾਣ, ਸੁਰੰਗਾਂ, ਜਲ-ਬਿਜਲੀ ਪ੍ਰਾਜੈਕਟ, ਨਦੀ ਕੰਢੇ ਨਿਰਮਾਣ, ਜੰਗਲਾਂ ਦੀ ਕਟਾਈ ਅਤੇ ਢਲਾਨਾਂ ’ਤੇ ਬਣੀਆਂ ਬਸਤੀਆਂ ਕੁਦਰਤੀ ਜ਼ੋਖਮ ਨੂੰ ਕਈ ਗੁਣਾ ਵਧਾ ਸਕਦੀਆਂ ਹਨ। ਜਦੋਂ ਕਿਸੇ ਨਾਜ਼ੁਕ ਪਹਾੜੀ ਢਲਾਨ ਨੂੰ ਕੱਟਿਆ ਜਾਂਦਾ ਹੈ ਅਤੇ ਵਿਗਿਆਨਕ ਤਰੀਕੇ ਨਾਲ ਉਸ ਦਾ ਬਚਾਅ ਨਹੀਂ ਕੀਤਾ ਜਾਂਦਾ, ਤਾਂ ਮੋਹਲੇਧਾਰ ਮੀਂਹ ਦੌਰਾਨ ਉਸ ਦੇ ਖਿਸਕਣ ਦੀ ਸੰਭਾਵਨਾ ਵਧ ਜਾਂਦੀ ਹੈ। ਨਦੀ ਕੰਢੇ ਗੈਰ-ਕਾਨੂੰਨੀ ਨਿਰਮਾਣ ਅਤੇ ਮਲਬਾ ਸੁੱਟਣਾ ਵੀ ਕੁਦਰਤੀ ਖ਼ਤਰੇ ਨੂੰ ਵੱਡੀ ਆਫ਼ਤ ਵਿਚ ਬਦਲ ਸਕਦੇ ਹਨ।
ਪਹਿਲਾਂ ਚਿਤਾਵਨੀ, ਫਿਰ ਸੁਰੱਖਿਅਤ ਵਿਕਾਸ ਦੀ ਲੋੜ
ਹਿਮਾਲਿਆ ਨੂੰ ਬਚਾਉਣ ਅਤੇ ਉੱਥੇ ਰਹਿਣ ਵਾਲੀ ਆਬਾਦੀ ਨੂੰ ਸੁਰੱਖਿਅਤ ਰੱਖਣ ਲਈ ਸਿਰਫ਼ ਆਫ਼ਤ ਆਉਣ ਤੋਂ ਬਾਅਦ ਹੀ ਰਾਹਤ ਮੁਹਿੰਮ ਚਲਾਉਣਾ ਕਾਫ਼ੀ ਨਹੀਂ ਹੈ। ਵਿਗਿਆਨੀਆਂ ਅਤੇ ਆਫ਼ਤ ਪ੍ਰਬੰਧਨ ਮਾਹਿਰਾਂ ਦਾ ਜ਼ੋਰ ਹੁਣ ਅਰਲੀ ਵਾਰਨਿੰਗ ਸਿਸਟਮ (ਪਹਿਲਾਂ ਚਿਤਾਵਨੀ ਪ੍ਰਣਾਲੀ), ਸੈਟੇਲਾਈਟ ਨਿਗਰਾਨੀ, ਗਲੇਸ਼ੀਅਲ ਝੀਲਾਂ ਦੀ ਲਗਾਤਾਰ ਨਿਗਰਾਨੀ, ਜ਼ੋਖਮ ਵਾਲੇ ਖੇਤਰਾਂ ਦੀ ਮੈਪਿੰਗ ਅਤੇ ਵਿਗਿਆਨਕ ਨਿਰਮਾਣ ਨੀਤੀ ’ਤੇ ਹੈ। ਭੂਚਾਲ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਭੂਚਾਲ-ਰੋਧੀ ਨਿਰਮਾਣ ਨਾਲ ਨੁਕਸਾਨ ਘਟਾਇਆ ਜਾ ਸਕਦਾ ਹੈ। ਗਲੇਸ਼ੀਅਰਾਂ ਨੂੰ ਤੁਰੰਤ ਸਥਿਰ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਦੀ ਨਿਗਰਾਨੀ ਨਾਲ ਸਮਾਂ ਰਹਿੰਦੇ ਚਿਤਾਵਨੀ ਦਿੱਤੀ ਜਾ ਸਕਦੀ ਹੈ। ਮੋਹਲੇਧਾਰ ਮੀਂਹ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਨਦੀਆਂ ਅਤੇ ਢਲਾਨਾਂ ’ਤੇ ਨਿਰਮਾਣ ਰੋਕ ਕੇ ਤਬਾਹੀ ਦਾ ਘੇਰਾ ਜ਼ਰੂਰ ਘਟਾਇਆ ਜਾ ਸਕਦਾ ਹੈ।
ਹਿਮਾਲਿਆ ਵਿਚ ਕਿਵੇਂ ਦਸਤਕ ਦੇ ਰਹੀਆਂ ਹਨ ਕੁਦਰਤੀ ਆਫ਼ਤਾਂ ?
ਧਰਤੀ ਦੇ ਅੰਦਰ ਵਧਦਾ ਦਬਾਅ : ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਦੀ ਟੱਕਰ ਹਿਮਾਲਿਆ ਨੂੰ ਲਗਾਤਾਰ ਭੂ ਵਿਗਿਆਨਕ ਰੂਪ ਵਿਚ ਸਰਗਰਮ ਬਣਾਈ ਰੱਖਦੀ ਹੈ, ਜਿਸ ਨਾਲ ਛੋਟੇ-ਵੱਡੇ ਭੂਚਾਲ ਆਉਂਦੇ ਰਹਿੰਦੇ ਹਨ।
ਵਧਦਾ ਤਾਪਮਾਨ ਅਤੇ ਪਿਘਲਦੇ ਗਲੇਸ਼ੀਅਰ : ਗਲੇਸ਼ੀਅਰਾਂ ਦੇ ਪਿੱਛੇ ਹਟਣ ਅਤੇ ਬਰਫ਼ੀਲੇ ਖੇਤਰਾਂ ਦੇ ਕਮਜ਼ੋਰ ਹੋਣ ਨਾਲ ਗਲੇਸ਼ੀਅਲ ਝੀਲਾਂ ਅਤੇ ਜੀ. ਐੱਲ. ਓ. ਐੱਫ. ਵਰਗੀਆਂ ਘਟਨਾਵਾਂ ਦਾ ਜ਼ੋਖਮ ਵਧ ਰਿਹਾ ਹੈ। ਅਨਿਯਮਿਤ ਅਤੇ ਮੋਹਲੇਧਾਰ ਮੀਂਹ : ਘੱਟ ਸਮੇਂ ਵਿਚ ਮੋਹਲੇਧਾਰ ਮੀਂਹ ਬੱਦਲ ਫਟਣ, ਫਲੈਸ਼ ਫਲੱਡ ਅਤੇ ਜ਼ਮੀਨ ਖਿਸਕਣ ਦਾ ਕਾਰਨ ਬਣ ਸਕਦਾ ਹੈ।
ਕਮਜ਼ੋਰ ਹੁੰਦੀਆਂ ਪਹਾੜੀ ਢਲਾਨਾਂ : ਗਲੇਸ਼ੀਅਰਾਂ ਦੇ ਪਿੱਛੇ ਹਟਣ ਅਤੇ ਪਿਘਲਣ ਨਾਲ ਚੱਟਾਨਾਂ ਦੀ ਕੁਦਰਤੀ ਪਕੜ ਕਮਜ਼ੋਰ ਹੋ ਸਕਦੀ ਹੈ।
ਅਣਚਾਹੇ ਵਿਕਾਸ ਦਾ ਦਬਾਅ : ਸੜਕਾਂ, ਹੋਟਲ, ਭਵਨ ਅਤੇ ਨਦੀ ਕੰਢੇ ਨਿਰਮਾਣ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਖੇਤਰਾਂ ਵਿਚ ਖ਼ਤਰਾ ਵਧਾ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
