ਪੰਜਾਬ ''ਚ ਲੋਕਾਂ ਨੇ ਫੜ ਲਿਆ ਸਰਫ਼ ਤੇ ਯੂਰੀਆ ਤੋਂ ਬਣਿਆ ਪਨੀਰ
Saturday, Sep 13, 2025 - 01:54 PM (IST)

ਮੁੱਲਾਂਪੁਰ ਦਾਖਾ, (ਕਾਲੀਆ)- ਮੁੱਲਾਂਪੁਰ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਘੁੱਗ ਵਸਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਚਿੱਟੇ ਦਿਨ ਨਕਲੀ ਦੁੱਧ, ਪਨੀਰ, ਖੋਇਆ ਅਤੇ ਮਿਠਾਈਆਂ ਆਮ ਲੋਕਾਂ ਨੂੰ ਪਰੋਸੀਆਂ ਜਾ ਰਹੀਆਂ ਹਨ। ਸਸਤੇ ਭਾਅ ਦੱਸ ਕੇ ਇਹ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਕਈ ਵਾਰ ਖਬਰਾਂ ਪ੍ਰਕਾਸ਼ਿਤ ਕਰਨ ਦੇ ਬਾਵਜੂਦ ਸਿਹਤ ਮਹਿਕਮਾ ਘੇਸਲ ਵੱਟੀ ਬੈਠਾ ਹੈ । ਪਤਾ ਨਹੀਂ ਕਿਉਂ ?
ਹੁਣ ਲੋਕ ਜਾਗਰੂਕ ਹੋ ਰਹੇ ਹਨ ਅਤੇ ਇਹਨਾਂ ਮਿਲਾਵਟਖੋਰਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗੇ ਹਨ ਜਿਸ ਦੀ ਤਾਜ਼ਾ ਉਦਾਹਰਣ ਪਿੰਡ ਬੋਪਾਰਾਏ ਕਲਾਂ ਦੇ ਨੌਜਵਾਨਾਂ ਅਤੇ ਸਮੂਹ ਪੰਚਾਇਤ ਤੋਂ ਮਿਲਦੀ ਹੈ ਜਿਨਾਂ ਨੇ ਪਿੰਡ ਵਿੱਚ ਹੀ ਮਿਠਾਈ ਦੀ ਦੁਕਾਨ 'ਤੇ ਬਣਦਾ ਨਕਲੀ ਪਨੀਰ ਬਨਾਉਂਦਾ ਦੁਕਾਨਦਾਰ ਖੁਦ ਦਬਿਸ਼ ਦੇ ਕੇ ਫੜਿਆ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਸੱਦ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ, ਜਦ ਕਿ ਦੁਕਾਨਦਾਰ ਤੋਂ ਨਕਲੀ ਪਨੀਰ ਅਤੇ ਉਸ ਤੋਂ ਬਣਨ ਵਾਲੇ ਪਦਾਰਥ, ਮਿਆਦ ਪੂਰੀ ਵਾਲੇ ਮਿਲਕ ਪਾਊਡਰ, ਯੂਰੀਆ, ਡਿਟਰਜੈਂਟ ਅਤੇ ਦੁੱਧ ਤਿਆਰ ਕਰਨ ਵਾਲੇ ਕੈਮੀਕਲ ਪਿੰਡ ਦੇ ਕਿਸਾਨਾਂ ਦੀ ਹਾਜ਼ਰੀ ਵਿੱਚ ਫੜਵਾਏ।
ਪਿੰਡ ਵਾਸੀਆਂ ਨੇ ਦੱਸਿਆ ਕਿ ਮਠਿਆਈ ਦੀ ਦੁਕਾਨ ਦਾ ਮਾਲਕ ਜਿੰਮ ਜਾ ਰਹੇ ਨੌਜਵਾਨਾਂ ਨੂੰ ਵੀ ਨਕਲੀ ਪਨੀਰ ਪਰੋਸਦਾ ਸੀ ਅਤੇ ਉਨ੍ਹਾਂ ਨੂੰ ਇਸ 'ਤੇ ਸ਼ੱਕ ਵੀ ਸੀ। ਇਸ ਸਬੰਧੀ ਸਿਹਤ ਵਿਭਾਗ ਦੀ ਟੀਮ ਨੂੰ ਵੀ ਸੂਚਿਤ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਲੋੜ ਹੈ ਇਹੋ ਜਿਹੇ ਮਿਲਾਵਟਖੋਰਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਇਨ੍ਹਾਂ ਨੂੰ ਨੱਥ ਪਾਉਣ ਦੀ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੋ ਰਹੇ ਖਿਲਵਾੜ ਨੂੰ ਬਚਾਇਆ ਜਾ ਸਕੇ ਤਾਂ ਹੀ ਇਹਨਾਂ ਨਕਲੀ ਪਦਾਰਥਾਂ ਤੋਂ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।