ਰੇਡ ਕਰਨ ਪਹੁੰਚੀ ਪੁਲਸ ਟੀਮ ਨੂੰ ਹੀ ਮੁਹੱਲੇ ਦੇ ਲੋਕਾਂ ਨੇ ਬਣਾਇਆ ਬੰਧਕ

11/27/2017 8:31:57 PM

ਹੁਸ਼ਿਆਰਪੁਰ (ਜ.ਬ.)— ਅੱਜ ਸਵੇਰੇ ਕਰੀਬ 9 ਵਜੇ ਸ਼ਹਿਰ ਦੇ ਨਿਊ ਮਾਡਲ ਟਾਊਨ ਵਿਖੇ ਮੁਹੱਲਾ ਵਾਸੀ ਉਸ ਸਮੇਂ ਭੜਕ ਗਏ ਜਦੋਂ ਪੁਲਸ ਦੀ ਟੀਮ ਦੁੱਧ ਵੇਚਣ ਵਾਲੇ ਨੌਜਵਾਨ ਵਿਕਰਮਜੀਤ ਸਿੰਘ ਉਰਫ ਬਿੱਲੂ ਪੁੱਤਰ ਜਗਜੀਤ ਸਿੰਘ ਨੂੰ ਡੋਡੇ ਰੱਖਣ ਦੇ ਦੋਸ਼ 'ਚ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮਾਹੌਲ ਇੰਨਾਂ ਤਣਾਅਪੂਰਨ ਹੋ ਗਿਆ ਕਿ ਮੁਹੱਲੇ ਦੇ ਲੋਕਾਂ ਨੇ ਕਰੀਬ ਅੱਧੇ ਘੰਟੇ ਤੱਕ ਪੁਲਸ ਟੀਮ ਨੂੰ ਬੰਧਕ ਤੱਕ ਬਣਾ ਲਿਆ। ਜਦੋਂ ਸਿਵਲ ਵਰਦੀ 'ਚ ਪਹੁੰਚੇ ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਹਰਬੰਸ ਸਿੰਘ ਨੇ ਪਛਾਣ ਪੱਤਰ ਦਿਖਾਇਆ ਤਾਂ ਮੌਕੇ 'ਤੇ ਪਹੁੰਚੇ ਵਾਰਡ ਦੇ ਭਾਜਪਾ ਕੌਂਸਲਰ ਅਸ਼ੋਕ ਕੁਮਾਰ ਸ਼ੌਂਕੀ ਗੱਲਬਾਤ ਕਰਕੇ ਦੋਵੇਂ ਧਿਰਾਂ ਨਾਲ ਥਾਣਾ ਮਾਡਲ ਟਾਊਨ ਪਹੁੰਚੇ। ਇਸ ਦੌਰਾਨ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਵੀ ਥਾਣਾ ਮਾਡਲ ਟਾਊਨ ਪਹੁੰਚ ਗਏ। 

PunjabKesari
ਦੁੱਧ ਲੈਣ ਦੇ ਬਹਾਨੇ ਪੁਲਸ ਪਹੁੰਚੀ ਸੀ ਬਿੱਲੂ ਨੂੰ ਕਾਬੂ ਕਰਨ
ਥਾਣਾ ਮਾਡਲ ਟਾਊਨ ਦੇ ਬਾਹਰ ਕੌਂਸਲਰ ਅਸ਼ੋਕ ਕੁਮਾਰ ਸ਼ੌਂਕੀ ਦੇ ਨਾਲ ਪੀੜਤ ਨੌਜਵਾਨ ਬਿੱਲੂ ਤੇ ਮੁਹੱਲਾ ਵਾਸੀਆਂ ਨੇ ਪੁਲਸ ਖਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਦੋਸ਼ ਲਗਾਇਆ ਕਿ ਪੁਲਸ ਕਿਸੇ ਰਾਜਨੀਤਿਕ ਸਾਜਿਸ਼ ਤਹਿਤ ਬਿੱਲੂ ਨੂੰ ਝੂਠੇ ਕੇਸ ਵਿਚ ਫਸਾਉਣ ਆਈ ਸੀ। ਵਿਕਰਮ ਬਿੱਲੂ ਨੇ ਮੀਡੀਆ ਨੂੰ ਦੱਸਿਆ ਕਿ ਉਸ ਕੋਲ ਅੱਜ ਸਵੇਰੇ 7 ਵਜੇ ਇਕ ਵਿਅਕਤੀ ਆਇਆ ਤੇ ਕਿਹਾ ਕਿ ਸਾਨੂੰ 10 ਕਿੱਲੋ ਦੁੱਧ ਚਾਹੀਦਾ ਹੈ। ਜਦੋਂ ਮੈਂ ਕਿਹਾ ਕਿ ਦੁੱਧ 9 ਵਜੇ ਮਿਲੇਗਾ ਤਾਂ 300 ਰੁਪਏ ਦੇ ਕੇ ਉਹ ਚਲਾ ਗਿਆ। ਕਰੀਬ 9 ਵਜੇ ਮੈਨੂੰ ਫੋਨ ਆਇਆ ਕਿ ਦੁੱਧ ਲੈ ਕੇ ਮਾਹਿਲਪੁਰ ਅੱਡੇ ਪਹੁੰਚੋ, ਪਰ ਮੈਂ ਇਨਕਾਰ ਕਰ ਦਿੱਤਾ। 9.30 ਵਜੇ ਦੇ ਲੱਗਭੱਗ ਇਕ ਚਿੱਟੇ ਰੰਗ ਦੀ ਇਨੋਵਾ ਗੱਡੀ 'ਚ ਸਵਾਰ ਹੋ ਕੇ 3 ਵਿਅਕਤੀ ਪਹੁੰਚ ਤੇ ਦੁੱਧ ਦੇਣ ਲਈ ਕਿਹਾ। ਇਸ ਦੌਰਾਨ ਤਿੰਨਾਂ ਵਿਚੋਂ ਇਕ ਨੇ ਮੈਨੂੰ ਪੈਸੇ ਲੈਣ ਲਈ ਗੱਡੀ ਦੇ ਪਿੱਛੇ ਆਉਣ ਲਈ ਕਿਹਾ ਅਤੇ ਨਾਲ ਹੀ ਕਿਹਾ ਕਿ ਤੂੰ ਡੋਡੇ ਵੇਚਣ ਦਾ ਕੰਮ ਕਰਦਾ ਹੈ ਤੇ ਥਾਣੇ ਚੱਲ। ਐਨਾ ਸੁਣਦਿਆਂ ਹੀ ਮੁਹੱਲੇ ਦੇ ਲੋਕ ਭੜਕ ਉੱਠੇ ਤੇ ਤਿੰਨਾਂ ਨੂੰ ਬੰਧਕ ਬਣਾ ਲਿਆ। 
ਸਾਰਾ ਦਿਨ ਚੱਲਦੀ ਰਹੀ ਗਹਿਮਾ-ਗਹਿਮੀ
ਵਰਨਣਯੋਗ ਹੈ ਕਿ ਕਰੀਬ 10 ਵਜੇ ਤੋਂ ਲੈ ਕੇ ਖ਼ਬਰ ਲਿਖੇ ਜਾਣ ਤੱਕ ਪੁਲਸ ਲਈ ਇਹ ਬੁਝਾਰਤ ਬਣੀ ਹੋਈ ਸੀ ਕਿ ਬਿੱਲੂ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਟੀਮ ਦੇ ਨਾਲ ਡੋਡੇ ਕਿਸਦੇ ਸਨ। ਥਾਣੇ ਦੇ ਬਾਹਰ ਮੁਹੱਲੇ ਦੇ ਲੋਕ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦੇ ਰਹੇ ਸਨ ਕਿ ਪੁਲਸ ਵਾਲੇ ਪਹਿਲਾਂ ਇਹ ਦੱਸਣ ਪੁਲਸ ਨੂੰ ਕਿਸ ਨੇ ਗੁਪਤ ਸੂਚਨਾ ਦਿੱਤੀ ਸੀ, ਉਸਨੂੰ ਸਾਹਮਣੇ ਲਿਆਂਦਾ ਜਾਵੇ। ਕੌਂਸਲਰ ਸ਼ੌਂਕੀ ਨੇ ਦੋਸ਼ ਲਗਾਇਆ ਕਿ ਨਿੱਜੀ ਰੰਜਿਸ਼ ਨੂੰ ਲੈ ਕੇ ਵਿਰੋਧੀਆਂ ਵੱਲੋਂ ਪੁਲਸ 'ਤੇ ਦਬਾਅ ਪਾ ਕੇ ਬਿੱਲੂ ਨੂੰ ਫਸਾਉਣ ਦੀ ਸਾਜਿਸ਼ ਕੀਤੀ ਗਈ ਹੈ, ਜਿਸਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। 
ਦੋਸ਼ੀਆਂ ਖਿਲਾਫ਼ ਹੋਵੇਗੀ ਕਾਰਗਾਈ: ਜ਼ਿਲਾ ਪੁਲਸ ਮੁਖੀ
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਜੇ. ਏਲਿਨਚੇਲਿਅਨ ਨੇ ਕਿਹਾ ਕਿ ਪੁਲਸ ਇਸ ਮਾਮਲੇ ਦੀ ਹਰ ਪਹਿਲੂ ਨੂੰ ਧਿਆਨ 'ਚ ਰੱਖ ਕੇ ਜਾਂਚ ਕਰ ਰਹੀ ਹੈ। ਜਾਂਚ 'ਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


Related News