ਨਫੇ ਸਿੰਘ ਕਤਲਕਾਂਡ: ਬਹਾਦੁਰਗੜ੍ਹ ਪਹੁੰਚੀ CBI ਦੀ ਟੀਮ, ਪੁਲਸ ਤੋਂ ਮੰਗਿਆ ਵਾਰਦਾਤ ਨਾਲ ਸਬੰਧਤ ਰਿਕਾਰਡ

05/07/2024 2:00:11 PM

ਬਹਾਦੁਰਗੜ੍ਹ- ਇਨੈਲੋ ਪ੍ਰਦੇਸ਼ ਪ੍ਰਧਾਨ ਨਫੇ ਸਿੰਘ ਰਾਠੀ ਕਤਲਕਾਂਡ ਦੀ ਜਾਂਚ ਲਈ ਇਕ ਵਾਰ ਫਿਰ ਤੋਂ ਸੀ. ਬੀ. ਆਈ. ਦੀ ਟੀਮ ਬਹਾਦੁਰਗੜ੍ਹ ਪਹੁੰਚੀ। ਜਿਸ ਗੱਡੀ ਵਿਚ ਨਫੇ ਸਿੰਘ ਰਾਠੀ ਦੀ ਤਾਬੜਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਫਾਰਚੂਨਰ ਗੱਡੀ ਦਾ ਸੀ. ਬੀ. ਆਈ. ਦੀ ਟੀਮ ਨੇ ਨਿਰੀਖਣ ਕੀਤਾ। ਇਸ ਦੇ ਨਾਲ ਹੀ ਵਾਰਦਾਤ ਦੇ ਸਮੇਂ ਵਰਤੋਂ ਵਿਚ ਲਿਆਂਦੀ ਗਈ ਆਈ-20 ਗੱਡੀ ਦੀ ਜਾਂਚ ਸੀ. ਬੀ. ਆਈ. ਦੀ ਟੀਮ ਦੇ ਅੱਧਾ ਦਰਸ਼ਨ ਤੋਂ ਜ਼ਿਆਦਾ ਮੈਂਬਰਾਂ ਨੇ ਕੀਤੀ।

ਦੱਸ ਦੇਈਏ ਕਿ ਮਰਹੂਮ ਨਫੇ ਸਿੰਘ ਰਾਠੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਾਰਟੀ ਵਰਕਰਾਂ ਨੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਇਹ ਮਾਮਲਾ ਸੀ. ਬੀ. ਆਈ. ਨੂੰ ਟਰਾਂਸਫਰ ਕਰ ਦਿੱਤਾ। ਹੁਣ ਸੀ. ਬੀ. ਆਈ. ਨੇ ਇਸ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿੱਥੇ ਇਕ ਪਾਸੇ ਸੀ. ਬੀ. ਆਈ. ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਉਹ ਬਹਾਦਰਗੜ੍ਹ ਦੇ ਲਾਈਨਪਾਰ ਥਾਣੇ ਵਿਚ ਵੀ ਗਈ ਹੈ ਅਤੇ ਪੁਲਸ ਤੋਂ ਹੁਣ ਤੱਕ ਦੀ ਜਾਂਚ ਦੇ ਪੂਰੇ ਵੇਰਵੇ ਮੰਗੇ ਹਨ। ਇਸ ਦੇ ਨਾਲ ਹੀ ਜਿਸ ਫਾਰਚੂਨਰ ਗੱਡੀ 'ਚ ਨਫੇ ਸਿੰਘ ਰਾਠੀ ਦੀ ਮੌਤ ਹੋ ਗਈ ਸੀ, ਜਿਸ 'ਤੇ ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ 25 ਫਰਵਰੀ ਦੀ ਸ਼ਾਮ ਨੂੰ ਵਾਪਰੀ। ਇਸ ਘਟਨਾ ਵਿਚ ਨਫੇ ਸਿੰਘ ਰਾਠੀ ਦੇ ਨਾਲ ਉਨ੍ਹਾਂ ਦਾ ਇਕ ਸਾਥੀ ਜੈਕਿਸ਼ਨ ਦਲਾਲ ਵੀ ਮਾਰਿਆ ਗਿਆ ਸੀ। ਉਸ ਦੇ ਸੁਰੱਖਿਆ ਮੁਲਾਜ਼ਮ ਅਤੇ ਭਤੀਜੇ ਨੂੰ ਵੀ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ।

ਇਸ ਮਾਮਲੇ ਵਿਚ ਪੁਲਸ ਨੇ ਹਮਲਾਵਰਾਂ ਨੂੰ ਗੱਡੀ ਮੁਹੱਈਆ ਕਰਵਾਉਣ ਵਾਲੇ ਇਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਕਤਲ ਨੂੰ ਅੰਜਾਮ ਦੇਣ ਵਾਲੇ ਦੋ ਸ਼ਾਰਪ ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਸ਼ਾਰਪ ਸ਼ੂਟਰ ਅਜੇ ਤੱਕ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਇਸ ਘਟਨਾ ਦੀ ਜ਼ਿੰਮੇਵਾਰੀ ਕਪਿਲ ਸਾਂਗਵਾਨ ਉਰਫ਼ ਨੰਦੂ ਨੇ ਲਈ ਹੈ, ਜੋ ਵਿਦੇਸ਼ 'ਚ ਗੈਂਗ ਚਲਾ ਰਿਹਾ ਸੀ। ਇਸ ਘਟਨਾ ਦੇ ਅਸਲ ਮਾਸਟਰਮਾਈਂਡ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ। ਹੁਣ ਦੇਖਣਾ ਇਹ ਹੈ ਕਿ ਸੀ. ਬੀ. ਆਈ. ਜਾਂਚ ਵਿਚ ਕਿਹੜੇ ਵੱਡੇ ਖੁਲਾਸੇ ਕਰਦੀ ਹੈ।
 


Tanu

Content Editor

Related News