ਚਾਈਨਾ ਡੋਰ ਦੀ ਭਾਲ ''ਚ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਛਾਪੇਮਾਰੀ

01/18/2018 7:00:00 AM

ਅੰਮ੍ਰਿਤਸਰ,  (ਨੀਰਜ)-  ਪਤੰਗਬਾਜ਼ੀ ਦੇ ਸੀਜ਼ਨ ਨੂੰ ਵੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਅੱਜ ਖੇਤਰੀ ਦਫਤਰ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਟੀਮਾਂ ਬਣਾ ਕੇ ਅੰਮ੍ਰਿਤਸਰ ਵਿਚ ਚਾਈਨਾ ਡੋਰ ਦੀ ਭਾਲ ਵਿਚ ਕਈ ਥਾਵਾਂ 'ਤੇ ਛਾਪੇ ਮਾਰੇ।   ਇਸ ਸਬੰਧੀ ਐੱਸ. ਡੀ. ਓ. ਕਮਲਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮੇਰੇ ਸਮੇਤ ਐੱਸ. ਡੀ. ਓ. ਰਾਜੇਸ਼ ਕੁਮਾਰ ਤੇ ਜੇ. ਈ. ਵਿਨੋਦ ਕੁਮਾਰ ਦੀ ਅਗਵਾਈ ਹੇਠ ਕਟੜਾ ਬੱਗੀਆਂ, ਲੋਹਗੜ੍ਹ ਗੇਟ, ਬੇਰੀ ਗੇਟ, ਪੁਤਲੀਘਰ ਤੇ ਛੇਹਰਟਾ ਆਦਿ ਇਲਾਕਿਆਂ ਵਿਚ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ 'ਤੇ ਅਚਾਨਕ ਛਾਪਾ ਮਾਰ ਕੇ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਦੀ ਜਾਂਚ ਕੀਤੀ ਗਈ ਪਰ ਕਿਸੇ ਵੀ ਦੁਕਾਨ ਤੋਂ ਸਿੰਥੈਟਿਕ ਡੋਰ ਬਰਾਮਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਫਰਜ਼ੀ ਗਾਹਕ ਬਣ ਕੇ ਛਾਪੇ ਮਾਰੇ ਜਾਣਗੇ ਅਤੇ ਜੋ ਵੀ ਪਾਬੰਦੀਸ਼ੁਦਾ ਡੋਰ ਵੇਚਦਾ ਕਾਬੂ ਆਇਆ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਐੱਸ. ਡੀ. ਓ. ਵਿਰਦੀ ਨੇ ਦੱਸਿਆ ਕਿ ਚਾਈਨਾ ਡੋਰ ਖਰੀਦਣ ਅਤੇ ਵਰਤਣ ਵਾਲੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਸਕਦੀ ਹੈ।    ਦੱਸਣਯੋਗ ਹੈ ਕਿ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਵੱਲੋਂ 11 ਜੁਲਾਈ 2017 ਨੂੰ ਜਾਰੀ ਕੀਤੇ ਗਏ ਹੁਕਮਾਂ ਵਿਚ ਸਿੰਥੈਟਿਕ ਡੋਰ ਵੇਚਣ, ਭੰਡਾਰ ਕਰਨ ਤੇ ਖਰੀਦਣ 'ਤੇ ਮੁਕੰਮਲ ਪਾਬੰਦੀ ਲਾਈ ਹੋਈ ਹੈ। ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ ਦੁਕਾਨਦਾਰਾਂ ਨੂੰ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਤੋਂ ਵੀ ਜਾਣੂ ਕਰਵਾਇਆ, ਤਾਂ ਜੋ ਉਹ ਆਉਣ ਵਾਲੇ ਦਿਨਾਂ ਵਿਚ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਅਣਭੋਲ ਹੋਣ ਦੀ ਬਹਾਨੇਬਾਜ਼ੀ ਨਾ ਕਰ ਸਕਣ।


Related News