CM ਮਾਨ ਦੇ ਵਿਆਹ ਸਮਾਗਮ 'ਚ ਪੁੱਜੇ ਰਾਘਵ ਚੱਢਾ, ਖ਼ੁਸ਼ੀ 'ਚ ਖੀਵੇ ਹੋ ਕਿਹਾ-ਵੀਰ ਦਾ ਵਿਆਹ, ਸਾਨੂੰ ਗੋਡੇ-ਗੋਡੇ ਚਾਅ

Thursday, Jul 07, 2022 - 10:48 AM (IST)

CM ਮਾਨ ਦੇ ਵਿਆਹ ਸਮਾਗਮ 'ਚ ਪੁੱਜੇ ਰਾਘਵ ਚੱਢਾ, ਖ਼ੁਸ਼ੀ 'ਚ ਖੀਵੇ ਹੋ ਕਿਹਾ-ਵੀਰ ਦਾ ਵਿਆਹ, ਸਾਨੂੰ ਗੋਡੇ-ਗੋਡੇ ਚਾਅ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ । ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਵਿਆਹ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਮੇਰੇ ਵੱਡੇ ਭਰਾ ਵਾਂਗ ਹਨ। ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਜ਼ਿੰਦਗੀ ਦਾ ਨਵਾਂ ਚੈੱਪਟਰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਮੌਕੇ ਮਾਨ ਦੇ ਪਰਿਵਾਰ ਵਾਲਿਆਂ ਨੂੰ, ਮਾਨ ਸਾਹਿਬ ਦੀ ਮਾਤਾ ਜੀ, ਉਨ੍ਹਾਂ ਦੀ ਭੈਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ-ਬਹੁਤ ਮੁਬਾਰਕਾਂ। ਇਸ ਤੋਂ ਇਲਾਵਾ ਰਾਘਵ ਚੱਢਾ ਨੇ ਹੋਣ ਵਾਲੀ ਭਾਬੀ ਗੁਰਪ੍ਰੀਤ ਕੌਰ ਨੂੰ ਵੀ ਮੁਬਾਰਕਾਂ ਦਿੱਤੀਆਂ। 

ਇਹ ਵੀ ਪੜ੍ਹੋ- ਇਸ ਗੁਰਦੁਆਰਾ ਸਾਹਿਬ 'ਚ ਲਾਵਾਂ ਲੈਣਗੇ 'ਭਗਵੰਤ ਮਾਨ', ਤਸਵੀਰਾਂ 'ਚ ਦੇਖੋ ਕੀ ਹੋ ਰਹੀਆਂ ਤਿਆਰੀਆਂ

ਉਨ੍ਹਾਂ ਦੱਸਿਆ ਕਿ ਵਿਆਹ ਦਾ ਇਕ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਹੈ। ਵਿਆਹ 'ਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਜਲਦੀ ਹੀ ਮੁੱਖ ਮੰਤਰੀ ਮਾਨ ਦੀ ਰਿਹਾਇਸ਼ 'ਤੇ ਪਹੁੰਚਣ ਵਾਲੇ ਹਨ। ਰਾਘਵ ਚੱਢਾ ਨੇ ਕਿਹਾ ਕਿ ਉਹ ਆਪਣੀ ਮਾਤਾ ਜੀ ਨਾਲ ਵਿਆਹ 'ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਮਾਨ ਪਰਿਵਾਰ 'ਚ ਕਈ ਅਰਸੇ ਤੋਂ ਬਾਅਦ ਖੁਸ਼ੀਆਂ ਵਾਪਸ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਮਾਤਾ ਜੀ ਦੀ ਸੁਫ਼ਨਾ ਸੀ ਕਿ ਮਾਨ ਦਾ ਘਰ ਵਸਾਇਆ ਜਾਵੇ, ਜੋ ਅੱਜ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਮੁੱਖ ਮੰਤਰੀ ਮਾਨ ਅਤੇ ਡਾ.ਗੁਰਪ੍ਰੀਤ ਕੌਰ ਦੇ ਜੋੜੇ 'ਤੇ ਮਿਹਰ ਭਰਿਆ ਹੱਥ ਰੱਖੇ। ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ 'ਸਾਡੇ ਵੀਰ ਦਾ ਵਿਆਹ, ਸਾਨੂੰ ਗੋਡੇ-ਗੋਡੇ ਚਾਅ '! 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News