ਰਾਧੇ ਮਾਂ ਦੀਆਂ ਵਧੀਆਂ ਮੁਸ਼ਕਲਾਂ ,ਫਾਰੈਂਸਿਕ ਰਿਪੋਰਟ ’ਚ ਵੱਡਾ ਖੁਲਾਸਾ
Wednesday, Dec 19, 2018 - 08:30 AM (IST)
ਚੰਡੀਗੜ੍ਹ, (ਬਰਜਿੰਦਰ)– ਸੁਖਵਿੰਦਰ ਕੌਰ ਉਰਫ ਬਾਬੂ ਉਰਫ ਰਾਧੇ ਮਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਗਿਆ ਹੈ। ਰਾਧੇ ਮਾਂ ’ਤੇ ਧਮਕਾਉਣ ਦੇ ਦੋਸ਼ਾਂ ਵਾਲੀ ਰਿਕਾਰਡਿੰਗ ਦੀ ਆਵਾਜ਼ ਵਾਲੇ ਸੈਂਪਲ ਮੈਚ ਕਰ ਗਏ ਹਨ। ਫਾਰੈਂਸਿਕ ਰਿਪੋਰਟ ਵਿਚ ਆਵਾਜ਼ ਦਾ ਮਿਲਾਨ ਹੋਇਆ ਹੈ। ਇਹ ਜਾਣਕਾਰੀ ਕਪੂਰਥਲਾ ਦੇ ਐੱਸ. ਐੱਸ. ਪੀ. ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਿੱਤੀ। ਉਨ੍ਹਾਂ ਦੱਸਿਆ ਕਿ ਰਾਧੇ ਮਾਂ ਵਿਰੁੱਧ ਅਪਰਾਧਿਕ ਸ਼ਿਕਾਇਤ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਇਕ ਆਈ. ਪੀ. ਐੱਸ. ਅਤੇ ਇਕ ਪੀ. ਸੀ. ਐੱਸ. ਅਧਿਕਾਰੀ ਹੈ। ਇਕ ਮਹੀਨੇ ਅੰਦਰ ਜਾਂਚ ਮੁਕੰਮਲ ਕਰ ਲਈ ਜਾਏਗੀ। ਹਾਈ ਕੋਰਟ ਨੇ ਪੁਲਸ ਨੂੰ ਕਿਹਾ ਕਿ ਜਾਂਚ ਪੂਰੀ ਕਰ ਕੇ ਦੋ ਮਹੀਨਿਆਂ ਅੰਦਰ ਅਦਾਲਤ ਵਿਚ ਰਿਪੋਰਟ ਪੇਸ਼ ਕੀਤੀ ਜਾਏ।
ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਵਿਚ ਦੱਸਿਆ ਕਿ ਸਭ ਐਵੀਡੈਂਸ ਪੁਲਸ ਨੂੰ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਥੋਂ ਤੱਕ ਕਿ ਰਾਧੇ ਮਾਂ ਅਤੇ ਸੁਰਿੰਦਰ ਮਿੱਤਲ ਦੀ ਗੱਲਬਾਤ ਦੀ ਸੀ. ਡੀ. ਵੀ ਪੁਲਸ ਨੂੰ ਦਿੱਤੀ ਗਈ ਸੀ ਪਰ ਪੁਲਸ ਨੇ ਰਾਧੇ ਮਾਂ ਦੀ ਆਵਾਜ਼ ਦੇ ਸੈਂਪਲ ਲੈਣ ਲਈ ਉਸ ਨੂੰ ਨਹੀਂ ਸੱਦਿਆ। ਉਲਟਾ ਟੀ. ਵੀ. ਇੰਟਰਵਿਊ ਤੋਂ ਸੈਂਪਲ ਲੈ ਲਏ ਗਏ। ਹਾਈ ਕੋਰਟ ਦੇ 2015 ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ ਵਿਚ ਪਟੀਸ਼ਨਕਰਤਾ ਦੇ ਵਕੀਲ ਕੇ. ਐੱਸ. ਡਡਵਾਲ ਨੇ ਅਦਾਲਤ ਨੂੰ ਦੱਸਿਆ ਕਿ ਸਾਬਕਾ ਐੱਸ. ਐੱਸ. ਪੀ. ਸੰਜੀਵ ਸ਼ਰਮਾ ਨੇ ਅਦਾਲਤ ਵਿਚ ਝੂਠਾ ਹਲਫੀਆ ਬਿਆਨ ਦਾਇਰ ਕੀਤਾ ਸੀ। ਨਾਲ ਹੀ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ।
ਉਨ੍ਹਾਂ ਨੂੰ ਹਾਈ ਕੋਰਟ ਵਲੋਂ ਨਾ ਤਾਂ ਕੋਈ ਈ-ਮੇਲ ਮਿਲੀ ਅਤੇ ਨਾ ਹੀ ਕੋਈ ਅਜਿਹਾ ਆਰਡਰ ਮਿਲਿਆ, ਜਦਕਿ ਹਾਈ ਕੋਰਟ ਵਲੋਂ ਮੇਲ ਭੇਜੀ ਗਈ ਸੀ ਅਤੇ ਦਸਤੀ ਨੋਟਿਸ ਵੀ ਦਿੱਤਾ ਗਿਆ ਸੀ। ਹਾਈ ਕੋਰਟ ਨੇ ਪੰਜਾਬ ਦੇ ਪੁਲਸ ਮੁਖੀ ਨੂੰ ਇਨਕੁਆਰੀ ਮਾਰਕ ਕਰ ਕੇ ਕਾਰਵਾਈ ਦੇ ਹੁਕਮ ਦਿੱਤੇ ਹਨ।
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ, ਫਿਰ ਧਮਕਾਇਆ : ਮਿੱਤਲ

ਫਗਵਾੜਾ ਵਾਸੀ ਸੁਰਿੰਦਰ ਮਿੱਤਲ ਨੇ ਪਟੀਸ਼ਨ ਦਰਜ ਕਰਕੇ ਕਿਹਾ ਸੀ ਕਿ ਰਾਧੇ ਮਾਂ ਤੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮਿੱਤਲ ਦਾ ਕਹਿਣਾ ਸੀ ਕਿ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਧੇ ਮਾਂ ਜਗਰਾਤੇ 'ਚ ਖੁਦ ਨੂੰ ਮਾਂ ਦੁਰਗਾ ਦਾ ਅਵਤਾਰ ਕਹਿ ਕੇ ਤ੍ਰਿਸ਼ੂਲ ਧਾਰਨ ਕਰਕੇ ਬੈਠਦੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਪਟੀਸ਼ਨ 'ਚ ਕਿਹਾ ਗਿਆ ਕਿ ਉਸ ਦੇ ਨਾਲ ਕਈ ਲੋਕਾਂ ਨੇ ਵੀ ਰਾਧੇ ਮਾਂ ਦਾ ਵਿਰੋਧ ਕੀਤਾ ਸੀ।ਇਸ ਤੋਂ ਬਾਅਦ ਰਾਧੇ ਮਾਂ ਨੇ ਉਸ ਨੂੰ ਫੋਨ 'ਤੇ ਪੈਸਿਆਂ ਦਾ ਲਾਲਚ ਦਿੱਤਾ। ਆਫਰ ਸਵੀਕਾਰ ਨਾ ਕਰਨ 'ਤੇ ਉਨਾਂ ਨੂੰ ਧਮਕੀਆਂ ਮਿਲਣ ਲੱਗੀਆਂ ਕਿ ਉਹ ਉਨ੍ਹਾਂ ਦੇ ਮਾਮਲੇ 'ਚ ਦਖਲ ਨਾ ਦੇਵੇ।ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਪੈਸਿਆਂ ਦਾ ਲਾਲਚ ਦੇਣ ਅਤੇ ਧਮਕੀਆਂ ਮਿਲਣ 'ਤੇ ਉਨ੍ਹਾਂ ਨੇ ਇਸ ਸਬੰਧੀ ਸੀ. ਡੀ. ਬਣਾ ਕੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਪਰ ਪੁਲਸ ਨੇ ਸਿਆਸੀ ਪ੍ਰਭਾਵ ਹੇਠ ਕੋਈ ਕਾਰਵਾਈ ਨਹੀਂ ਕੀਤੀ।ਇਸ ਤੋਂ ਬਾਅਦ ਹਾਈਕੋਰਟ 'ਚ 2015 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਹਾਈਕੋਰਟ ਨੇ ਹਦਾਇਤ ਜਾਰੀ ਕੀਤੀ ਸੀ ਕਿ ਜੋ ਦੋਸ਼ ਮਿੱਤਲ ਵਲੋਂ ਲਾਏ ਗਏ ਹਨ, ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਕੋਈ ਦੋਸ਼ ਸਿੱਧ ਨਹੀਂ ਹੁੰਦਾ ਤਾਂ ਕਾਰਵਾਈ ਨਾ ਕੀਤੀ ਜਾਵੇ। ਮਿੱਤਲ ਨੇ ਦੱਸਿਆ ਕਿ ਉਨ੍ਹਾਂ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਆਪਣੇ ਵਕੀਲ ਕ੍ਰਿਸ਼ਨ ਸਿੰਘ ਢੰਡਵਾਲ ਜ਼ਰੀਏ ਲੀਗਲ ਨੋਟਿਸ ਦਿੱਤਾ ਸੀ ਪਰ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਮੈਂ ਹਾਈਕੋਰਟ 'ਚ ਅਰਜ਼ੀ ਦਾਇਰ ਕੀਤੀ, ਜਿਸ 'ਤੇ ਹਾਈਕੋਰਟ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਨੋਟਿਸ ਜਾਰੀ ਕੀਤਾ ਸੀ। ਮਾਮਲੇ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਸੁਰਿੰਦਰ ਮਿੱਤਲ ਨੇ ਕਿਹਾ ਕਿ ਅੱਜ ਦੇ ਫੈਸਲੇ ਨਾਲ ਸੱਚਾਈ ਦੀ ਜਿੱਤ ਹੋਈ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਨਸਾਫ ਹੋਵੇਗਾ।
