ਸੰਨੀ ਦਿਓਲ ਦੇ ਯਤਨਾਂ ਸਦਕਾ ਸਾਊਦੀ ਅਰਬ 'ਚ ਫਸੇ ਦੋ ਨੌਜਵਾਨ ਵਤਨ ਪਰਤੇ
Wednesday, Oct 02, 2019 - 02:56 PM (IST)
ਕਾਦੀਆ : ਸਾਊਦੀ ਅਰਬ 'ਚ ਫਸੇ ਦੋ ਨੌਜਵਾਨ ਸਾਂਸਦ ਸੰਨੀ ਦਿਓਲ ਦੇ ਯਤਨਾਂ ਸਦਕਾ ਆਪਣੇ ਵਤਨ ਪਰਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਸ਼ੈ ਭੰਡਾਰੀ ਪੁੱਤਰ ਅਰਵਿਦ ਭੰਡਾਰੀ ਵਾਸੀ ਸੁੰਦਰ ਨਗਰ ਅੰਮ੍ਰਿਤਸਰ ਤੇ ਕਾਦੀਆ ਦੇ ਕਵਲਜੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੰਬਈ ਦੀ ਇਕ ਕੰਪਨੀ 'ਚ ਬਤੌਰ ਟਰਾਲਾ ਡਰਾਈਵਰ 1100 ਸਾਊਦੀ ਰਿਆਲ ਵੇਤਨ ਦੇ ਇਕਰਾਰਨਾਮੇ 'ਤੇ ਨੌਕਰੀ ਮਿਲੀ ਸੀ। ਉਨ੍ਹਾਂ ਨੂੰ ਜੋ ਵੀਜ਼ਾ ਦਿੱਤਾ ਗਿਆ ਸੀ ਉਹ ਵੈਲਡਰ ਦਾ ਦਿੱਤਾ ਗਿਆ। ਜਦੋਂ ਉਹ ਕੰਪਨੀ 'ਚ ਕੰਮ ਕਰਨ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਲੇਬਰ ਦੇ ਕੰਮ 'ਤੇ ਲਗਾ ਦਿੱਤਾ ਗਿਆ। ਪਹਿਲਾਂ 5 ਮਹੀਨੇ ਖਾਣਾ ਤੇ ਵੇਤਨ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਟਰਾਲਾ ਡਰਾਈਵਰ ਦੀ ਬਜਾਏ ਲੇਬਰ ਦੇ ਕੰਮ ਦਿੱਤੇ ਜਾਣ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਇਕ ਕਮਰੇ 'ਚ ਰਹਿਣ ਤੱਕ ਸੀਮਿਤ ਕਰ ਦਿੱਤਾ ਗਿਆ। ਉਨ੍ਹਾਂ ਨੂੰ ਸਿਰਫ ਤਿੰਨ ਮਹੀਨੇ ਦਾ ਵੇਤਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਿਸ ਕੰਪਨੀ 'ਚ ਉਹ ਸਨ ਉਸ ਕੰਪਨੀ 'ਚ ਕੁਝ ਪਾਕਿਸਤਾਨੀ ਕਰਮਚਾਰੀ ਵੀ ਸੀ। ਪਾਕਿਸਤਾਨੀ ਆਪਣਾ ਖਾਣਾ ਉਨ੍ਹਾਂ ਨੂੰ ਦਿੰਦੇ ਸਨ ਤੇ ਉਨ੍ਹਾਂ ਨਾਲ ਹਮਦਰਦੀ ਰੱਖਦੇ ਸਨ।
ਦੂਜੇ ਪਾਸੇ ਕੰਪਨੀ ਦੇ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨਾਲ ਕੋਈ ਠੱਗੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹੋਰ ਬਹੁਤ ਸਾਰੇ ਭਾਰਤੀ ਇਸੇ ਕੰਪਨੀ 'ਚ ਕੰਮ ਕਰ ਰਹੇ ਹਨ।