ਹੜ੍ਹਾਂ ਮਗਰੋਂ ਨਵੀਂ ਆਫਤ ਨਾਲ ਲੜ ਰਹੇ ਪੰਜਾਬੀ, 329 ਪਿੰਡਾਂ ਦੇ 1,87,058 ਲੋਕ...
Monday, Sep 15, 2025 - 11:04 AM (IST)

ਗੁਰਦਾਸਪੁਰ (ਹਰਮਨ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਬਲਾਕਾਂ ਦੇ 329 ਪਿੰਡਾਂ ’ਚ ਹੜ੍ਹਾਂ ਨਾਲ ਭਾਰੀ ਨੁਕਸਾਨ ਕਰਨ ਤੋਂ ਬਾਅਦ ਬੇਸ਼ੱਕ ਪਿੰਡਾਂ ’ਚੋਂ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਹੜ੍ਹਾਂ ਨੇ ਲੋਕਾਂ ਦੀ ਸਿਹਤ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ, ਜਿਸ ਦੇ ਚਲਦਿਆਂ ਜ਼ਿਲੇ ਅੰਦਰ ਤਕਰੀਬਨ 1 ਲੱਖ 87 ਹਜ਼ਾਰ 58 ਲੋਕ ਹੜ੍ਹਾਂ ਕਾਰਨ ਸਿਹਤ ਪੱਖ ਤੋਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਅੱਜ ਤੋਂ ਵੀ ਤਿੰਨ ਰੋਜ਼ਾ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਤਹਿਤ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਟੀਮਾਂ ਪਹੁੰਚ ਕੇ ਵਿਸ਼ੇਸ਼ ਤੌਰ ’ਤੇ ਜਾਂਚ ਕਰਨਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ ਅੰਦਰ ਮੈਡੀਕਲ ਕੈਂਪ ਲਗਾ ਕੇ 78 ਹਜ਼ਾਰ 562 ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ’ਚੋਂ 788 ਲੋਕ ਅਜਿਹੇ ਸਨ, ਜਿਨ੍ਹਾਂ ਨੂੰ ਪੇਟ ਨਾਲ ਸਬੰਧਤ ਬਿਮਾਰੀਆਂ ਦੀ ਸ਼ਿਕਾਇਤ ਸੀ। ਇਸੇ ਤਰ੍ਹਾਂ 5177 ਲੋਕਾਂ ਨੂੰ ਬੁਖਾਰ ਹੋ ਚੁੱਕਾ ਹੈ ਜਦੋਂ ਕਿ ਇਨ੍ਹਾਂ ਕੈਂਪਾਂ ’ਚ 17 ਲੋਕ ਅਜਿਹੇ ਪਹੁੰਚੇ, ਜਿਨ੍ਹਾਂ ਨੂੰ ਕੁੱਤਿਆਂ ਵੱਲੋਂ ਕੱਟਿਆ ਗਿਆ, ਜਦੋਂ ਕਿ 2 ਲੋਕਾਂ ਨੂੰ ਸੱਪ ਵੱਲੋਂ ਕੱਟੇ ਜਾਣ ਦੇ ਬਾਅਦ ਵੀ ਇਲਾਜ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਮੌਸਮ ’ਚ ਤਬਦੀਲੀ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਇਨ੍ਹਾਂ ਕੈਂਪਾਂ ’ਚ 1341 ਲੋਕਾਂ ਨੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਜਾਂਚ ਕਰਵਾਈ, ਜਦੋਂ ਕਿ 12952 ਲੋਕਾਂ ਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦਾ ਵੱਖ-ਵੱਖ ਮੈਡੀਕਲ ਕੈਂਪਾਂ ਦੌਰਾਨ ਚੈੱਕਅਪ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ 299 ਪਿੰਡਾਂ ’ਚ ਸਪਰੇਅ ਵੀ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਡੇਂਗੂ ਤੋਂ ਲੋਕਾਂ ਨੂੰ ਬਚਾਉਣ ਲਈ ਵੀ ਸਿਹਤ ਵਿਭਾਗ ਦੀਆਂ ਟੀਮਾਂ ਨਿਰੰਤਰ ਯਤਨਸ਼ੀਲ ਹਨ। ਹੁਣ ਤੱਕ ਜ਼ਿਲ੍ਹੇ ਅੰਦਰ ਡੇਂਗੂ ਤੋਂ ਪੀੜਤ 38 ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂ ਕਿ 84 ਲੋਕਾਂ ਦੇ ਡੇਂਗੂ ਨਾਲ ਸਬੰਧਤ ਟੈਸਟ ਵੀ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ-ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ
ਫੇਲ ਹੋ ਰਹੇ ਹਨ ਪੀਣ ਵਾਲੇ ਪਾਣੀ ਦੇ ਨਮੂਨੇ
ਸਿਵਲ ਸਰਜਨ ਨੇ ਦੱਸਿਆ ਕਿ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਵੀ ਸਿਹਤ ਵਿਭਾਗ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੁਣ ਤੱਕ 196 ਥਾਵਾਂ ਤੋਂ ਪਾਣੀ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ’ਚੋਂ 169 ਨਮੂਨੇ ਪਾਸ ਹੋਏ ਹਨ, ਜਦੋਂ ਕਿ 27 ਨਮੂਨੇ ਫੇਲ ਹੋ ਚੁੱਕੇ ਹਨ। ਲੋਕਾਂ ਨੂੰ ਪੀਣ ਵਾਲਾ ਪਾਣੀ ਸ਼ੁੱਧ ਬਣਾਉਣ ਲਈ ਬਕਾਇਦਾ ਸਲਾਹ ਦਿੱਤੀ ਜਾ ਰਹੀ ਹੈ।
ਲਗਾਤਾਰ ਵਧ ਰਹੀ ਸੱਪ ਦੇ ਡੰਗ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ
ਸਿਵਲ ਸਰਜਨ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਹੋਰ ਸਿਹਤ ਸਮੱਸਿਆਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ, ਉਸ ਦੇ ਨਾਲ ਹੀ ਸੱਪ ਦੇ ਡੰਗ ਮਾਰਨ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੁਣ ਤੱਕ 33 ਵਿਅਕਤੀਆਂ ਨੂੰ ਵੱਖ-ਵੱਖ ਥਾਈ ਸੱਪਾਂ ਵੱਲੋਂ ਡੰਗਿਆ ਜਾ ਚੁੱਕਾ ਹੈ। ਇਨ੍ਹਾਂ ਲੋਕਾਂ ਦੇ ਇਲਾਜ ਲਈ ਸਿਹਤ ਕੇਂਦਰਾਂ ’ਚ 1102 ਵਾਇਲਸ ਉਪਲਬਧ ਹਨ, ਜਿਨ੍ਹਾਂ ਰਾਹੀਂ ਸੱਪ ਦੇ ਡੰਗੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਹੁਣ ਤੱਕ ਜ਼ਿਲੇ ਅੰਦਰ 84936 ਮੈਡੀਕਲ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਜਾਰੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8