ਵਿਦੇਸ਼ਾਂ ''ਚ ਵਸਦੇ ਪੰਜਾਬੀਆਂ ਦੇ ਨਾਂ ਵੋਟਰ ਸੂਚੀ ''ਚ ਦਰਜ ਕਰਨ ਦੀ ਹਦਾਇਤ

02/12/2018 11:59:55 AM

ਅੰਮ੍ਰਿਤਸਰ (ਵਾਲੀਆ) - ਭਾਰਤ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ, ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕੁਰਣਾ ਰਾਜੂ ਤੇ ਵਧੀਕ ਚੋਣ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਐਤਵਾਰ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲੇ ਦੇ ਚੋਣ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕਰ ਕੇ ਅਗਲੇ ਸਾਲ ਆ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਮੁੱਢਲਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ 'ਚ ਸੁਧਾਈ, ਪੋਲਿੰਗ ਬੂਥਾਂ 'ਤੇ ਦਿੱਤੀਆਂ ਜਾਂਦੀਆਂ ਸਹੂਲਤਾਂ ਆਦਿ ਦਾ ਵੇਰਵਾ ਲਿਆ।
ਇਸ ਤੋਂ ਇਲਾਵਾ ਚੋਣ ਕਮਿਸ਼ਨਰ ਨੇ ਪ੍ਰਵਾਸੀ ਪੰਜਾਬੀਆਂ ਦਾ ਨਾਂ ਵੋਟਰ ਸੂਚੀ ਵਿਚ ਦਰਜ ਕਰਨ ਲਈ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ ਪਰ ਵੋਟਰ ਸੂਚੀ 'ਚ ਉਨ੍ਹਾਂ ਦੇ ਨਾਂ ਬਹੁਤ ਘੱਟ ਦਰਜ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਪ੍ਰਵਾਸੀ ਪੰਜਾਬੀਆਂ ਦੇ ਨਾਂ ਵੋਟਰ ਸੂਚੀ ਵਿਚ ਦਰਜ ਕੀਤੇ ਜਾਣ।
ਇਸ ਤੋਂ ਪਹਿਲਾਂ ਸਵੇਰੇ ਚੋਣ ਕਮਿਸ਼ਨਰ ਸੁਨੀਲ ਅਰੋੜਾ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਰਿਤੂ ਅਰੋੜਾ, ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕੁਰਣਾ ਰਾਜੂ ਤੇ ਵਧੀਕ ਚੋਣ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਾਰੀਆਂ ਹਸਤੀਆਂ ਨੇ ਜਲਿਆਂਵਾਲਾ ਬਾਗ ਤੇ ਦੁਰਗਿਆਣਾ ਮੰਦਰ ਦੇ ਵੀ ਦਰਸ਼ਨ ਕੀਤੇ।


Related News