ਪੰਚਕੂਲਾ ''ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ

08/12/2019 1:01:27 AM

ਪੰਚਕੂਲਾ (ਚੰਦਰ)-ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਦੇ ਪਿੱਛੇ ਐਤਵਾਰ ਸਵੇਰੇ ਦਿਨ-ਦਿਹਾੜੇ ਇਕ ਨੌਜਵਾਨ ਦੀ ਛੁਰੇ ਨਾਲ 10 ਵਾਰ ਕਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਘਟਨਾ ਸਥਾਨ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਹਰਿਆਣਾ ਓਲੰਪਿਕ ਭਵਨ ਦੇ ਗੇਟ ਦੇ ਅੰਦਰ ਤਿੰਨ ਪੁਲਸ ਕਰਮਚਾਰੀ ਤਾਇਨਾਤ ਸਨ ਪਰ ਉਨ੍ਹਾਂ ਨੂੰ ਵਾਰਦਾਤ ਦੀ ਭਿਣਕ ਤੱਕ ਨਹੀਂ ਲੱਗੀ। ਸੂਚਨਾ ਮਿਲਦੇ ਹੀ ਸੈਕਟਰ-21 ਚੌਕੀ ਇੰਚਾਰਜ ਪ੍ਰਦੀਪ ਕੁਮਾਰ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ। ਫਾਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤ ਜੁਟਾਏ। ਪੁਲਸ ਨੇ ਹੱਤਿਆ 'ਚ ਪ੍ਰਯੋਗ ਕੀਤਾ ਗਿਆ ਛੁਰਾ ਵੀ ਬਰਾਮਦ ਕਰ ਲਿਆ। ਪੁਲਸ ਨੂੰ ਗਗਨਦੀਪ ਦੀ ਕਾਰ 'ਚੋਂ ਬੀਅਰ ਦੀ ਖਾਲੀ ਬੋਤਲ ਵੀ ਬਰਾਮਦ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-6 ਸਥਿਤ ਸਿਵਲ ਹਸਪਤਾਲ 'ਚ ਰਖਵਾ ਦਿੱਤਾ। ਪੁਲਸ ਨੇ ਮ੍ਰਿਤਕ ਦੀ ਪਤਨੀ ਤਨੁ ਸ਼ਰਮਾ ਦੀ ਸ਼ਿਕਾਇਤ 'ਤੇ ਮੁਲਜ਼ਮ ਸੰਦੀਪ ਖਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਰਾਮਪੁਰਾ ਫੂਲ 'ਚ ਗੁਆਂਢੀ ਸੀ ਮੁਲਜ਼ਮ ਸੰਦੀਪ
ਮ੍ਰਿਤਕ ਗਗਨਦੀਪ ਸਿੰਘ ਬੇਦੀ (38) ਸੈਕਟਰ-26 'ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਮੂਲ ਰੂਪ ਤੋਂ ਪਿੰਡ ਮੌਲਾ, ਥਾਣਾ ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਮੁਲਜ਼ਮ ਸੰਦੀਪ ਉਨ੍ਹਾਂ ਦਾ ਪੁਰਾਣਾ ਜਾਣਕਾਰ ਸੀ। ਇਸ ਤੋਂ ਪਹਿਲਾਂ ਗਗਨਦੀਪ ਰਾਮਪੁਰਾ ਫੂਲ 'ਚ ਰਹਿੰਦਾ ਸੀ ਅਤੇ ਸੰਦੀਪ ਉਸ ਦੇ ਗੁਆਂਢ 'ਚ ਰਹਿੰਦਾ ਸੀ।

ਪਹਿਲਾਂ ਤੋਂ ਪਲਾਨਿੰਗ ਸੀ, ਬੈਗ 'ਚ ਲਿਆਇਆ ਸੀ ਛੁਰਾ
ਸ਼ਨੀਵਾਰ ਸ਼ਾਮ ਸਾਢੇ 5 ਵਜੇ ਮੁਲਜ਼ਮ ਰਾਮਪੁਰਾ ਫੂਲ ਜ਼ਿਲਾ ਬਠਿੰਡਾ ਨਿਵਾਸੀ ਸੰਦੀਪ ਉਨ੍ਹਾਂ ਦੇ ਘਰ ਆਇਆ ਸੀ। ਸ਼ਨੀਵਾਰ ਰਾਤ ਨੂੰ ਸਾਰੇ ਖਾਣਾ ਖਾ ਕੇ ਸੌਂ ਗਏ ਸਨ। ਸਵੇਰੇ ਸੰਦੀਪ ਨੇ ਨਾਸ਼ਤਾ ਕਰ ਕੇ ਗਗਨਦੀਪ ਨੂੰ ਕਿਹਾ ਕਿ ਉਸ ਨੂੰ ਜ਼ੀਰਕਪੁਰ ਛੱਡ ਦੇਵੇ। ਸਵੇਰੇ ਸਾਢੇ 8 ਵਜੇ ਗਗਨਦੀਪ ਸੰਦੀਪ ਨੂੰ ਛੱਡਣ ਲਈ ਨਿਕਲਿਆ ਸੀ। ਮੁਲਜ਼ਮ ਸੰਦੀਪ ਪਹਿਲਾਂ ਤੋਂ ਹੀ ਉਸ ਦੀ ਹੱਤਿਆ ਦੀ ਯੋਜਨਾ ਬਣਾ ਕੇ ਆਇਆ ਸੀ। ਉਸ ਨੇ ਆਪਣੇ ਬੈਗ 'ਚ ਨਾਰੀਅਲ ਕੱਟਣ ਵਾਲਾ ਛੁਰਾ ਰੱਖਿਆ ਹੋਇਆ ਸੀ।

ਸਿਰ, ਚਿਹਰੇ ਅਤੇ ਹੱਥ 'ਤੇ ਕੀਤਾ ਹਮਲਾ
ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਦੇ ਪਿੱਛੇ ਵਾਲੇ ਰਸਤੇ 'ਤੇ ਗੇਟ ਕੋਲ ਪਹੁੰਚ ਕੇ ਦੋਵੇਂ ਕਾਰ ਤੋਂ ਉਤਰੇ। ਮੁਲਜ਼ਮ ਸੰਦੀਪ ਨੇ ਛੁਰੇ ਨਾਲ ਗਗਨਦੀਪ ਦੇ ਸਿਰ, ਚਿਹਰੇ ਅਤੇ ਹੱਥ 'ਤੇ ਤਾਬੜਤੋੜ 10 ਵਾਰ ਕਰ ਦਿੱਤੇ। ਗਗਨਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਘਟਨਾ ਸਥਾਨ ਤੋਂ ਕੁਝ ਦੂਰੀ 'ਤੇ ਛੁਰਾ ਸੁੱਟ ਕੇ ਫਰਾਰ ਹੋ ਗਿਆ।

ਵਾਰਦਾਤ ਨੂੰ ਅੰਜਾਮ ਦੇ ਕੇ ਫੋਨ ਕੀਤਾ ਬੰਦ
ਪਤਨੀ ਤਨੁ ਸ਼ਰਮਾ ਨੇ ਸਵੇਰੇ 9 ਵਜੇ ਪਤੀ ਗਗਨਦੀਪ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਸਨੇ ਸੰਦੀਪ ਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਕਾਫ਼ੀ ਦੇਰ ਤੱਕ ਉਹ ਪਤੀ ਨੂੰ ਫੋਨ ਕਰਦੀ ਰਹੀ ਤਾਂ ਇਕ ਪੁਲਸ ਵਾਲੇ ਨੇ ਫੋਨ ਚੁੱਕਿਆ ਅਤੇ ਵਾਰਦਾਤ ਦੀ ਜਾਣਕਾਰੀ ਦਿੱਤੀ। ਉਹ ਮੌਕੇ 'ਤੇ ਪਹੁੰਚੀ ਤਾਂ ਉਸਦੇ ਪਤੀ ਦੀ ਮੌਤ ਹੋ ਚੁੱਕੀ ਸੀ। ਸੰਦੀਪ ਦਾ ਬੈਗ ਵੀ ਗਗਨਦੀਪ ਦੀ ਕਾਰ ਕੋਲ ਪਿਆ ਸੀ। ਤਨੁ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੇ ਪਤੀ ਗਗਨਦੀਪ ਦੀ ਹੱਤਿਆ ਸੰਦੀਪ ਨੇ ਹੀ ਕੀਤੀ ਹੈ।

3 ਸਾਲ ਤੋਂ ਰਹਿ ਰਹੇ ਸਨ ਕਿਰਾਏ ਦੇ ਮਕਾਨ 'ਚ
ਮ੍ਰਿਤਕ ਗਗਨਦੀਪ ਦੀ ਪਤਨੀ ਤਨੁ ਜਯੋਤਿਸ਼ ਦਾ ਕੰਮ ਕਰਦੀ ਹੈ। ਉਨ੍ਹਾਂ ਦੇ ਦੋ ਬੱਚੇ ਲੜਕਾ-ਲੜਕੀ ਹਨ। ਗਗਨਦੀਪ ਸਿੰਘ ਪਹਿਲਾਂ ਓਬੇਰ 'ਚ ਕੰਮ ਕਰਦਾ ਸੀ ਪਰ ਇਕ ਸਾਲ ਤੋਂ ਉਹ ਵਿਹਲਾ ਸੀ। ਪੰਚਕੂਲਾ ਸੈਕਟਰ-26 'ਚ ਰਹਿਣ ਤੋਂ ਪਹਿਲਾਂ ਉਹ ਪਿੰਡ ਰਾਮਪੁਰਾ ਮੰਡੀ, ਜ਼ਿਲਾ ਬਠਿੰਡਾ 'ਚ ਰਹਿੰਦੇ ਸਨ। ਹੁਣ ਕਰੀਬ 3 ਸਾਲ ਤੋਂ ਸੈਕਟਰ-26 'ਚ ਕਿਰਾਏ 'ਤੇ ਰਹਿ ਰਹੇ ਸਨ।


Karan Kumar

Content Editor

Related News