ਇਟਲੀ 'ਚ ਪੰਜਾਬੀ ਨੌਜਵਾਨ ਦਾ ਕਤਲ, ਸਦਮੇ 'ਚ ਪਰਿਵਾਰ
Tuesday, Dec 03, 2019 - 02:50 PM (IST)

ਲੁਧਿਆਣਾ (ਬਿਪਨ) : ਚੰਗੇ ਭਵਿੱਖ ਦਾ ਸੁਪਨਾ ਲੈ ਕੇ ਰੋਜ਼ੀ-ਰੋਟੀ ਕਮਾਉਣ ਇਟਲੀ ਗਏ ਹੁਸ਼ਿਆਰ ਸਿੰਘ ਦੀ ਮੌਤ ਦੀ ਖਬਰ ਨੇ ਪੂਰੇ ਪਰਿਵਾਰ ਨੂੰ ਸਦਮੇ 'ਚ ਪਾ ਦਿੱਤਾ ਹੈ। ਹਲਕਾ ਪਾਇਲ ਦੇ ਪਿੰਡ ਜੈਪੂਰਾ 'ਚ ਰਹਿ ਰਹੇ ਹੁਸ਼ਿਆਰ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰ ਸਿੰਘ 11 ਸਾਲ ਪਹਿਲਾਂ ਸਾਲ 2008 ਚ ਇਟਲੀ ਗਿਆ ਸੀ ਅਤੇ ਉਸ ਸਮੇਂ ਤੋਂ ਉੱਥੇ ਹੀ ਰਹਿ ਰਿਹਾ ਸੀ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 10 ਫਰਵਰੀ ਨੂੰ ਉਸ ਦੀ ਹੁਸ਼ਿਆਰ ਸਿੰਘ ਨਾਲ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਕੁਝ ਦਿਨ ਪਹਿਲਾਂ ਹੀ ਇਕ ਚਿੱਠੀ ਮਿਲੀ, ਜਿਸ 'ਚ ਉਸ ਦੇ ਪਤੀ ਦੇ ਕਤਲ ਬਾਰੇ ਜਾਣਕਾਰੀ ਮਿਲੀ। ਹੁਸ਼ਿਆਰ ਸਿੰਘ ਦੇ ਪਰਿਵਾਰ ਨੇ ਇਟਲੀ ਸਰਕਾਰ ਤੋਂ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਘਰ 'ਚ ਇਕੱਲਾ ਕਮਾਉਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ, 3 ਧੀਆਂ ਤੇ ਇਕ ਬੇਟਾ ਛੱਡ ਗਿਆ ਹੈ।