ਅਮਰੀਕਾ ਨੇ ਮੈਕਸੀਕੋ ਸਰਹੱਦ ਕੋਲ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਰੱਖਿਆ ਹੈ ਹਿਰਾਸਤ ''ਚ : ਮਨੀਸ਼ ਤਿਵਾਰੀ
Sunday, Jul 22, 2018 - 07:50 AM (IST)

ਲੁਧਿਆਣਾ (ਰਿੰਕੂ) - ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾਰੀ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ-ਮੈਕਸੀਕੋ ਸਰਹੱਦ 'ਤੇ ਹਜ਼ਾਰਾਂ ਭਾਰਤੀ ਨੌਜਵਾਨਾਂ ਨੂੰ ਹਿਰਾਸਤ ਵਿਚ ਰੱਖਿਆ ਹੈ, ਜਿਨ੍ਹਾਂ ਵਿਚ ਇਕ ਵੱਡੀ ਗਿਣਤੀ ਪੰਜਾਬੀਆਂ ਦੀ ਹੈ।
ਉਨ੍ਹਾਂ ਨੇ ਹਾਲ ਹੀ ਵਿਚ ਆਪਣੀ ਅਮਰੀਕਾ ਯਾਤਰਾ ਦੌਰਾਨ ਨਿੱਜੀ ਤੌਰ 'ਤੇ ਸਰਹੱਦੀ ਖੇਤਰ ਦਾ ਦੌਰਾ ਕੀਤਾ ਸੀ ਤੇ ਉੱਥੋਂ ਦੇ ਹਾਲਾਤ ਤੋਂ ਉਹ ਚਿੰਤਤ ਹਨ। ਪੱਤਰਕਾਰਾਂ ਦੇ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਤਿਵਾਰੀ ਨੇ ਕਿਹਾ ਕਿ ਉਸ ਦੌਰੇ ਦੌਰਾਨ ਉਨ੍ਹਾਂ ਨੂੰ ਭਾਰਤੀਆਂ ਦੀ ਗਿਣਤੀ 60 ਹਜ਼ਾਰ ਦੱਸੀ ਗਈ ਸੀ, ਜਿਨ੍ਹਾਂ ਨੇ ਮੈਕਸੀਕੋ ਰਾਹੀਂ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਯਤਨ ਕੀਤਾ ਅਤੇ ਉਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਵਿਚ 90 ਫੀਸਦੀ ਤੋਂ ਜ਼ਿਆਦਾ ਪੰਜਾਬੀ ਸਨ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦੀ ਹਾਲਤ ਦੇਖ ਕੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਰਿਹਾਈ ਦਾ ਮੁੱਦਾ ਵਿਦੇਸ਼ ਮੰਤਰਾਲੇ ਕੋਲ ਚੁੱਕਣ ਦੀ ਲੋੜ ਹੈ। ਇਸ ਮੌਕੇ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ, ਗੁਰਮੇਲ ਪਹਿਲਵਾਨ, ਸਤਵਿੰਦਰ ਜਵੱਦੀ, ਮਨਜੀਤ ਸਿੰਘ ਜਵੱਦੀ, ਪਲਵਿੰਦਰ ਸਿੰਘ ਤੱਗੜ, ਅਕਸ਼ੇ ਭਨੋਟ, ਸੁਸ਼ੀਲ ਮਲਹੋਤਰਾ, ਗੋਲਡੀ ਅਗਨੀਹੋਤਰੀ, ਵਿਕਰਮ ਪਹਿਲਵਾਨ, ਪਰਮਿੰਦਰ ਸਿੰਘ ਲਤਾਲਾ, ਵਿਨੋਦ ਥਾਪਰ, ਰਾਜਤ ਸੂਦ, ਇੰਦਰਜੀਤ ਕਪੂਰ, ਕੈਲਾਸ਼ ਕਪੂਰ, ਕੁਲਵੰਤ ਸਿੰਘ, ਰਾਕੇਸ਼ ਸ਼ਰਮਾ, ਦੀਪਕ ਹੰਸ, ਗੁਰਚਰਨ ਸੈਣੀ, ਬਿੱਟੂ ਢੋਲੇਵਾਲ, ਮੇਵਾ ਸਿੰਘ ਢਿੱਲੋਂ, ਵਿਨੋਦ ਗੋਗੀ, ਅਰੁਣ ਬੈਕਟਰ ਵੀ ਮੌਜੂਦ ਰਹੇ।