ਪੰਜਾਬੀ ਨੌਜਵਾਨ ਨੇ UK 'ਚ ਗੱਡੇ ਝੰਡੇ, ਪਰਿਵਾਰ ਨੂੰ ਮਿਲ ਰਹੀਆਂ ਵਧਾਈਆਂ
Saturday, Nov 30, 2024 - 02:52 PM (IST)
ਬਰਨਾਲਾ/ਇੰਗਲੈਂਡ (ਵੈੱਬ ਡੈਸਕ, ਪੁਨੀਤ) : ਪੰਜਾਬ ਦੇ ਪਿੰਡ ਪੰਡੋਰੀ ਦੇ ਦਵਿੰਦਰ ਸਿੰਘ ਬੋਪਾਰਾਏ ਨੇ ਬ੍ਰਿਟਿਸ਼ ਫ਼ੌਜ 'ਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਪਿੰਡ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਉਸ ਦੀ ਇਸ ਉਪਲੱਬਧੀ ਕਾਰਨ ਪੂਰੇ ਪਿੰਡ 'ਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਲੋਕ ਉਸ ਦੇ ਘਰ ਪੁੱਜ ਕੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਦਵਿੰਦਰ ਦੀ ਮਿਹਨਤ ਅਤੇ ਲਗਨ ਨੇ ਇਹ ਸਾਬਿਤ ਕਰ ਦਿੱਤਾ ਕਿ ਔਖੇ ਹਾਲਾਤ ਦੇ ਬਾਵਜੂਦ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਦਵਿੰਦਰ ਸਿੰਘ ਦੇ ਪਿਤਾ ਬਸੰਤ ਸਿੰਘ ਦੀ 20 ਸਾਲ ਪਹਿਲਾਂ ਬੋਨ ਕੈਂਸਰ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਦਵਿੰਦਰ ਸਿਰਫ 5 ਸਾਲ ਦਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਮਿਲੇਗਾ ਵੱਡਾ ਫ਼ਾਇਦਾ
ਪਰਿਵਾਰ 'ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟ ਪਿਆ, ਜਦੋਂ ਇਕ ਹਾਦਸੇ 'ਚ ਉਸ ਦੇ ਤਾਇਆ ਜੀ ਦੀ ਵੀ ਮੌਤ ਹੋ ਗਈ। ਘਰ 'ਚ ਸਿਰਫ ਮਾਂ ਅਤੇ ਉਸ ਦੀ ਤਾਈ ਨੇ ਦਵਿੰਦਰ ਅਤੇ ਉਸ ਦੇ ਵੱਡੇ ਭਰਾ ਹਰਮਨਜੋਤ ਦਾ ਪਾਲਣ-ਪੋਸ਼ਣ ਕੀਤਾ। ਦਵਿੰਦਰ ਦਾ ਪਰਿਵਾਰ ਇਕ ਕਿਸਾਨ ਪਰਿਵਾਰ ਹੈ, ਜਿਨ੍ਹਾਂ ਕੋਲ ਸਿਰਫ ਡੇਢ ਏਕੜ ਜ਼ਮੀਨ ਹੈ। ਇਸ ਦੇ ਬਾਵਜੂਦ ਉਸ ਦੀ ਮਾਂ ਅਤੇ ਤਾਈ ਨੇ ਦੋਹਾਂ ਭਰਾਵਾਂ ਨੂੰ ਵਧੀਆ ਸਿੱਖਿਆ ਦੇਣ 'ਚ ਕੋਈ ਕਸਰ ਨਹੀਂ ਛੱਡੀ। ਦਵਿੰਦਰ ਸਿੰਘ ਸ਼ੁਰੂ ਤੋਂ ਹੀ ਪੜ੍ਹਾਈ 'ਚ ਵਧੀਆ ਸੀ। ਉਹ ਬਾਲੀਵਾਲ ਦਾ ਵਧੀਆ ਖਿਡਾਰੀ ਸੀ। ਆਪਣੀ ਮਿਹਨਤ ਅਤੇ ਲਗਨ ਨਾਲ ਉਸ ਨੇ ਡੇਢ ਸਾਲ ਪਹਿਲਾਂ ਇੰਗਲੈਂਡ ਜਾਣ ਦਾ ਸੁਫ਼ਨਾ ਪੂਰਾ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਸਖ਼ਤ ਪਾਬੰਦੀ, ਇਸ ਤਾਰੀਖ਼ ਤੱਕ ਲਾਗੂ ਰਹਿਣਗੇ ਹੁਕਮ
ਉੱਥੇ ਉਸ ਨੇ ਬ੍ਰਿਟਿਸ਼ ਫ਼ੌਜ ਦੀ ਭਰਤੀ 'ਚ ਹਿੱਸਾ ਲਿਆ ਅਤੇ ਸਖ਼ਤ ਪ੍ਰੀਖਿਆ ਪਾਸ ਕਰਕੇ ਫ਼ੌਜ ਦਾ ਹਿੱਸਾ ਬਣਿਆ। ਪਿੰਡ ਦੇ ਸਰਪੰਚ ਨੇ ਇਸ 'ਤੇ ਦਵਿੰਦਰ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਨੇ ਪੂਰੇ ਪਿੰਡ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਸਰਪੰਚ ਨੇ ਕਿਹਾ ਕਿ ਦਵਿੰਦਰ ਨੇ ਨਾ ਸਿਰਫ ਆਪਣੇ ਪਰਿਵਾਰ, ਸਗੋਂ ਪੂਰੇ ਪਿੰਡ ਦੀ ਸ਼ਾਨ ਵਧਾਈ ਹੈ। ਇਹ ਉਸ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਦਵਿੰਦਰ ਦੀ ਮਾਂ ਅਤੇ ਤਾਈ ਨੇ ਕਿਹਾ ਕਿ ਪਿਤਾ ਅਤੇ ਤਾਏ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਦੇ ਪਾਲਣ-ਪੋਸ਼ਣ 'ਚ ਕੋਈ ਕਮੀ ਨਹੀਂ ਛੱਡੀ ਅਤੇ ਬੱਚਿਆਂ ਨੂੰ ਹਮੇਸ਼ਾ ਮਿਹਨਤ ਅਤੇ ਈਮਾਨਦਾਰੀ ਦਾ ਮਹੱਤਵ ਸਿਖਾਇਆ। ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਦੀ ਸਫ਼ਲਤਾ ਉਨ੍ਹਾਂ ਦੀ ਸਭ ਤੋਂ ਵੱਡੀ ਖ਼ੁਸ਼ੀ ਹੈ। ਦਵਿੰਦਰ ਦਾ ਵੱਡਾ ਭਰਾ ਹਰਮਨਜੋਤ ਰੁਜ਼ਗਾਰ ਲਈ ਅਰਬ ਦੇਸ਼ 'ਚ ਕੰਮ ਕਰਦਾ ਹੈ ਅਤੇ ਛੁੱਟੀਆਂ 'ਚ ਆਪਣੇ ਪਿੰਡ ਪੰਡੋਰੀ ਆਇਆ ਹੋਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8