ਆਬੂਧਾਬੀ ਗਏ 10 ਪੰਜਾਬੀ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਹੋਈ ਮੁਆਫ

03/22/2017 7:25:36 PM

ਦੁਬਈ (ਰਮਨਦੀਪ ਸਿੰਘ ਸੋਢੀ) : ਆਬੂਧਾਬੀ ਦੇ ਅਲ ਐਨ ਸ਼ਹਿਰ ਵਿਚ ਇਕ ਪਾਕਿਸਤਾਨੀ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਜ਼ਾਫਤਾ 10 ਪੰਜਾਬੀ ਨੌਜਵਾਨਾਂ ਦੀ ਆਬੂਧਾਬੀ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਪ੍ਰਸਿੱਧ ਸਮਾਜਸੇਵੀ, ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾ ਸਦਕਾ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਹੋ ਸਕੀ ਹੈ। ਓਬਰਾਏ ਨੇ ਅਦਾਲਤ ਵਿਚ ਇੰਨ੍ਹਾਂ ਨੌਜਵਾਨਾਂ ਲਈ ਇਕ ਸਮਾਜ ਸੇਵੀ ਵਜੋਂ ਆਪਣੇ ਵਕੀਲ ਨਾਲ ਅਪੀਲ ਕਰਦਿਆਂ ਬਲੱਡ ਮਨੀ ਦੇ ਕੇ ਇਨ੍ਹਾਂ ਨੌਜਵਾਨਾਂ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਓਬਰਾਏ ਨੇ ਇਹ ਸਾਫ ਕੀਤਾ ਸੀ ਕਿ ਉਹ ਨਾ ਤਾਂ ਇਨ੍ਹਾਂ ਨੌਜਵਾਨਾਂ ਨੂੰ ਜਾਣਦੇ ਹਨ ਅਤੇ ਨਾ ਹੀ ਕਦੇ ਮਿਲੇ ਹਨ। ਇਹ ਸਿਰਫ ਮਾਨਵਤਾ ਦੇ ਤੌਰ ''ਤੇ ਇਨ੍ਹਾਂ ਦੀ ਮਦਦ ਕਰ ਰਹੇ ਹਨ। ਇਸ ''ਤੇ ਅਦਾਲਤ ਨੇ ਓਬਰਾਏ ਦੀ ਅਰਜ਼ੀ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਕੇਸ ਵਿਚ ਧਿਰ ਵਜੋਂ ਸਵਿਕਾਰ ਕਰ ਲਿਆ ਪਰ ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਪੇਸ਼ਾਵਰ ਦੇ ਰਹਿਣ ਵਾਲੇ ਮ੍ਰਿਤਕ ਮੁਹੰਮਦ ਫਰਹਾਮ ਮੁਹੰਮਦ ਇਜਾਜ਼ ਦੇ ਪਰਿਵਾਰ ਵਲੋਂ ਸਹਿਮਤੀ ਦੇਣ ਮਗਰੋਂ ਹੀ ਕੇਸ ਦੀ ਅਗਲੀ ਸੁਣਵਾਈ ਹੋ ਸਕੇਗੀ। ਇਸ ''ਤੇ ਓਬਰਾਏ ਨੇ ਅਦਾਲਤ ਵਿਚ ਸਪੱਸ਼ਟ ਕੀਤਾ ਕਿ ਉਹ ਆਪਣੇ ਪ੍ਰਤੀਨਿੱਧ ਰਹੀਂ ਪੇਸ਼ਾਵਰ ਸਥਿਤ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਸਥਾਪਤ ਕਰਕੇ ਇਹ ਸਹਿਮਤੀ ਹਾਸਲ ਕਰਨ ਦਾ ਯਤਨ ਕਰਨਗੇ।
ਅਜਿਹੇ ''ਚ ਪੀੜਤ ਪਰਿਵਾਰ ਬਲੱਡ ਮਨੀ ਦੇ ਸਮਝੌਤੇ ਲਈ ਰਾਜ਼ੀ ਹੋ ਗਿਆ ਜਿਸ ਦੇ ਚਲਦਿਆਂ ਅੱਜ ਮ੍ਰਿਤਕ ਮੁਹੰਮਦ ਰਿਆਜ਼ ਅਲੀ ਖਾਨ ਦੇ ਪਿਤਾ ਨੇ ਅਦਾਲਤ ਵਿਚ ਕਿਹਾ ਕਿ ਆਬੂਧਾਬੀ ਦੀ ਅਦਾਲਤ ਵਿਚ ਕਿਹਾ ਕਿ ਉਹ ਦੋਸ਼ੀਆਂ ਨੂੰ ਮੁਆਫ ਕਰਦੇ ਹਨ। ਇਹ ਸਮਝੌਤਾ ਸ਼ਰੀਅਤ ਦੇ ਕਾਨੂੰਨ ਤਹਿਤ ਹੋਇਆ ਹੈ। ਪੰਜਾਬੀ ਨੌਜਵਾਨਾਂ ਦੀ ਫਾਂਸੀ ਦੀ ਮੁਆਫੀ ਲਈ ਸਰਬੱਤ ਦਾ ਭਲਾ ਟਰੱਸਟ ਵਲੋਂ ਪੀੜਤ ਪਰਿਵਾਰ ਨੂੰ 2 ਲੱਖ ਦਰਾਮ ਦੀ ਬਲੱਡ ਮਨੀ ਦਿੱਤੀ ਗਈ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਅਦਾਲਤ ਵਲੋਂ ਅਜੇ ਦੋਸ਼ੀਆਂ ਦੀ ਸਿਰਫ ਫਾਂਸੀ ਦੀ ਸਜ਼ਾ ਮੁਆਫ ਕੀਤੀ ਗਈ ਹੈ। ਅਦਾਲਤ ਨੌਜਵਾਨਾਂ ਨੂੰ ਕਦੋਂ ਬਰੀ ਕਰਦਾ ਹੈ ਇਸ ਦਾ ਫੈਸਲਾ ਆਉਣਾ ਅਜੇ ਬਾਕੀ ਹੈ।

ਕੀ  ਹੈ ਮਾਮਲਾ
13 ਜੁਲਾਈ 2015 ਨੂੰ ਅਲ ਐਨ ਸ਼ਹਿਰ ਵਿਚ ਇਕ ਲੜਾਈ ਦੌਰਾਨ ਪਾਕਿਸਤਾਨ ਦੇ ਪੇਸ਼ਾਵਰ ਦੇ ਰਹਿਣ ਵਾਲੇ ਮੁਹੰਮਦ ਫ਼ਰਹਾਨ ਰਿਆਜ਼ ਅਲੀ ਖਾਨ ਦੀ ਕੁੱਟ ਮਾਰ ਦੌਰਾਨ ਮੌਤ ਹੋ ਗਈ ਸੀ ਜਿਸ ਦੇ ਦੋਸ਼ ਵਜੋਂ 11 ਪੰਜਾਬੀਆਂ ਨੂੰ ਗ੍ਰਿਫਤਾਰ ਕਰਕੇ ਆਬੂਧਾਬੀ ਦੀ ਅਲ ਐਨ ਅਦਾਲਤ ਵਿਚ ਕੇਸ ਚਲਾਇਆ ਗਿਆ ਸੀ ਅਤੇ 26 ਅਕਤੂਬਰ ਨੂੰ ਅਦਾਲਤ ਨੇ 10 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।  

ਇਸ ਦੌਰਾਨ ਦੋਸ਼ੀ ਨੌਜਵਾਨਾਂ ਦੇ ਪਰਿਵਾਰਾਂ ਵਲੋਂ ਪ੍ਰਸਿੱਧ ਸਮਾਜ ਸੇਵੀ ਅਤੇ ਦੁਬਈ ਦੇ ਕਾਰੋਬਾਰੀ ਐੱਸ. ਪੀ. ਸਿੰਘ ਓਬਰਾਏ ਨਾਲ ਸੰਪਰਕ ਸਾਧਿਆ ਗਿਆ। ਦੱਸਣਯੋਗ ਹੈ ਕਿ ਐੱਸ. ਪੀ. ਸਿੰਘ ਓਬਰਾਏ ਉਹ ਨਾਮ ਹੈ ਜਿਸ ਨੇ 2013 ਵਿਚ 17 ਭਾਰਤੀਆਂ ਨੂੰ ਬਲੱਡ ਮਨੀ ਦੇ ਕਿ ਛੁਡਾ ਲਿਆ ਸੀ।  ਓਬਰਾਏ ਵਲੋਂ ਹੁਣ ਤੱਕ ਵੱਖੋ-ਵੱਖ ਦੇਸ਼ਾਂ ਦੇ 78 ਅਜਿਹੇ ਵਿਕਅਤੀਆਂ ਨੂੰ ਬਲੱਡ ਮਨੀ ਦੇ ਕਿ ਛੁਡਾ ਚੁਕੇ ਹਨ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਖਾਰੀ ਦੇਸ਼ਾਂ  ਵਿਚ ਹੋ ਚੁਕੀ ਹੈ। 22 ਮਾਰਚ ਨੂੰ ਇਹ ਗਿਣਤੀ 88 ਹੋ ਜਾਵੇਗੀ।  

ਪੰਜਾਬੀ ਨੌਜਵਾਨਾਂ ਦੇ ਨਾਮ
ਸਤਮਿੰਦਰ ਸਿੰਘ, ਠੀਕਰੀਵਾਲਾ, ਜ਼ਿਲ੍ਹਾ ਬਰਨਾਲਾ
ਚੰਦਰ ਸ਼ੇਖਰ; ਨਵਾਂ  ਸ਼ਹਿਰ
ਚਮਕੌਰ ਸਿੰਘ; ਮਾਲੇਰਕੋਟਲਾ,
ਕੁਲਵਿੰਦਰ ਸਿੰਘ,- ਲੁਧਿਆਣਾ
ਬਲਵਿੰਦਰ ਸਿੰਘ - ਚਲਾਂਗ , ਲੁਧਿਆਣਾ
ਧਰਮਵੀਰ ਸਿੰਘ -ਸਮਰਾਲਾ,
ਹਰਜਿੰਦਰ ਸਿੰਘ; - ਮੋਹਾਲੀ
ਤਰਸੇਮ ਸਿੰਘ- ਮੱਧ , ਅੰਮ੍ਰਿਤਸਰ
ਗੁਰਪ੍ਰੀਤ ਸਿੰਘ - ਪਟਿਆਲਾ
ਜਗਜੀਤ ਸਿੰਘ - ਗੁਰਦਾਸਪੁਰ
ਇਕ ਨੌਜਵਾਨ ਕੁਲਦੀਪ ਸਿੰਘ ਤਾਰਨਤਾਰਨ ਨੂੰ ਪਹਿਲਾਂ ਹੀ ਅਦਾਲਤ ਵਲੋਂ ਛੱਡ ਦਿੱਤਾ ਗਿਆ ਸੀ।


Gurminder Singh

Content Editor

Related News