ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਲਾਸ਼ ਪਿੰਡ ਪਹੁੰਚਣ ’ਤੇ ਫ਼ੈਲੀ ਸੋਗ ਦੀ ਲਹਿਰ
Monday, Oct 10, 2022 - 01:27 AM (IST)

ਫਤਿਹਗੜ੍ਹ ਸਾਹਿਬ (ਜੱਜੀ)-ਆਸਟ੍ਰੇਲੀਆ ’ਚ ਵਧੀਆ ਭਵਿੱਖ ਦੀ ਭਾਲ ’ਚ ਗਏ ਪਿੰਡ ਰੁੜਕੀ ਦੇ ਨੌਜਵਾਨ ਮਨਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਰੁੜਕੀ ਦੀ ਬੀਤੇ ਦਿਨੀਂ ਆਸਟਰੇਲੀਆ ਦੇ ਮੈਲਬੋਰਨ ਨੇੜਲੇ ਇਕ ਸ਼ਹਿਰ ’ਚ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਅੱਜ ਉਸ ਦੀ ਲਾਸ਼ ਪਿੰਡ ਰੁੜਕੀ ’ਚ ਪਹੁੰਚਣ ’ਤੇ ਸੋਗ ਦੀ ਲਹਿਰ ਫ਼ੈਲ ਗਈ। ਮਨਜੀਤ ਸਿੰਘ ਆਪਣੇ ਪਿੱਛੇ ਪਤਨੀ, ਮਾਂ-ਪਿਓ ਤੇ ਇਕ ਭਰਾ ਛੱਡ ਗਏ ਹਨ। ਮਨਜੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ । 28 ਸਾਲਾ ਮਨਜੀਤ ਸਿੰਘ ਦਾ ਵਿਆਹ ਜਨਵਰੀ 2020 ’ਚ ਤੇਜਇੰਦਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਪਿੰਡ ਖੇੜਾ ਨਾਲ ਹੋਇਆ ਸੀ। ਉਹ ਵਿਆਹ ਤੋਂ ਤਕਰੀਬਨ ਇਕ ਮਹੀਨੇ ਬਾਅਦ ਹੀ ਆਸਟ੍ਰੇਲੀਆ ਚਲਾ ਗਿਆ ਸੀ। ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ ’ਚ ਲਾਕਡਾਊਨ ਲੱਗਣ ਕਾਰਨ ਉਹ ਭਾਰਤ ’ਚ ਵਾਪਸ ਨਹੀਂ ਆ ਸਕਿਆ ਸੀ।
ਇਹ ਖ਼ਬਰ ਵੀ ਪੜ੍ਹੋ : ਏਅਰਸ਼ੋਅ ’ਚੋਂ CM ਮਾਨ ਦੀ ਗ਼ੈਰ-ਮੌਜੂਦਗੀ ’ਤੇ ਰਾਜਪਾਲ ਬਨਵਾਰੀ ਲਾਲ ਨੇ ਚੁੱਕੇ ਸਵਾਲ
ਮਨਜੀਤ ਸਿੰਘ ਦਾ ਭਰਾ ਨਰਿੰਦਰ ਸਿੰਘ ਆਸਟ੍ਰੇਲੀਆ ਤੋਂ ਆਪਣੇ ਭਰਾ ਦੀ ਲਾਸ਼ ਲੈ ਕੇ ਪਿੰਡ ਰੁੜਕੀ ਪਹੁੰਚਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਮਨਜੀਤ ਸਿੰਘ ਆਸਟ੍ਰੇਲੀਆ ’ਚ ਰਹਿੰਦੇ ਸਨ। ਉਥੇ ਮਨਜੀਤ ਸਿੰਘ ਟਰਾਲਾ ਵੀ ਚਲਾਉਦਾ ਸੀ, ਬੀਤੇ ਦਿਨੀਂ ਜਦੋਂ ਮਨਜੀਤ ਸਿੰਘ ਟਰਾਲਾ ਲੈ ਕੇ ਜਾ ਰਿਹਾ ਸੀ ਕਿ ਮੈਲਬੋਰਨ ਆਸਟ੍ਰੇਲੀਆ ਵਿਖੇ ਉਸ ਦਾ ਟਰਾਲਾ ਅਚਾਨਕ ਪਲਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾ ਦੱਸਿਆ ਕਿ ਟਰਾਲਾ ਪਲਟਣ ਦੇ ਕਾਰਨਾਂ ਦੀ ਜਾਂਚ ਪੁਲਸ ਕਰ ਰਹੀ ਹੈ। ਅੱਜ ਪਿੰਡ ਰੁੜਕੀ ਵਿਖੇ ਮਨਜੀਤ ਸਿੰਘ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ