ਅਮਰੀਕਾ 'ਚ ਟਰਾਲੇ ਨੂੰ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ

07/31/2020 12:40:34 AM

ਬੇਗੋਵਾਲ,(ਰਜਿੰਦਰ ਕੁਮਾਰ )- ਅਮਰੀਕਾ ਦੇ ਸ਼ਹਿਰ ਸ਼ਿਕਾਗੋ ਨੇੜੇ ਟਰਾਲੇ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਅਚਾਨਕ ਟਰਾਲੇ ਨੂੰ ਅੱਗ ਲੱਗਣ ਕਾਰਨ ਹਲਕਾ ਭੁਲੱਥ ਦੇ ਪਿੰਡ ਨੰਗਲ ਲੁਬਾਣਾ ਦੇ 28 ਸਾਲਾਂ ਨੌਜਵਾਨ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਪਿਸ਼ੌਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕਰੀਬ 8 ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਏਜੰਟ ਰਾਹੀਂ 24 ਲੱਖ ਲਗਾ ਕੇ ਡੌਂਕੀ ਰਾਹੀਂ ਅਮਰੀਕਾ ਗਿਆ ਸੀ। ਜੋ ਹਾਲੇ ਅਮਰੀਕਾ ਵਿੱਚ ਕੱਚਾ ਸੀ ਤੇ ਉਸ ਦੇ ਪੱਕੇ ਹੋਣ ਦੀ ਤਰੀਕ ਅਕਤੂਬਰ ਮਹੀਨੇ ਦੀ ਸੀ । ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਪੁੱਤਰ ਸੁਖਵਿੰਦਰ ਸਿੰਘ ਟੈਕਸੀ ਚਲਾਉਂਦਾ ਸੀ ਤੇ ਪਿਛਲੇ ਇੱਕ ਸਾਲ ਤੋਂ ਟਰਾਲਾ ਚਲਾ ਰਿਹਾ ਸੀ । ਹੁਣ ਸੁਖਿੰਦਰ ਕੈਲੀਫੋਰਨੀਆ ਤੋਂ ਨਿਊਯਾਰਕ ਜਾ ਰਿਹਾ ਸੀ ਕਿ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਤੜਕਸਾਰ ਚਾਰ ਵਜੇ ਅਤੇ ਅਮਰੀਕਾ ਦੇ ਸਮੇਂ ਮੁਤਾਬਕ ਸ਼ਾਮ ਵੇਲੇ ਜਦੋਂ ਉਹ ਸ਼ਿਕਾਗੋ ਸ਼ਹਿਰ ਦੇ ਨੇੜੇ ਪੁੱਜਿਆ ਤਾਂ ਉਸ ਦੇ ਟਰਾਲੇ ਦੀ ਟੱਕਰ ਇਕ ਹੋਰ ਟਰਾਲੇ ਨਾਲ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਦੇ ਟਰਾਲੇ ਦੇ ਡਰਾਈਵਰ ਕੈਬਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਪਰਿਵਾਰ ਦਾ ਲੱਕ ਟੁੱਟ ਗਿਆ ਹੈ। ਉਹ ਆਪਣੇ ਪੁੱਤਰ ਨੂੰ ਉਡੀਕ ਰਹੇ ਸਨ ਕਿ ਉਹ ਪੱਕਾ ਹੋ ਕੇ ਘਰ ਆਵੇਗਾ। ਤਾਂ ਉਸ ਦਾ ਵਿਆਹ ਕਰਕੇ ਚਾਅ ਪੂਰੇ ਕਰਾਂਗੇ। ਇਸ ਘਟਨਾ ਦੇ ਬਾਅਦ ਪਿੰਡ ਨੰਗਲ ਲੁਬਾਣਾ ਵਿਚ ਸ਼ੋਕ ਦੀ ਲਹਿਰ ਦੌੜ ਗਈ। ਨੌਜਵਾਨ ਦੀ ਨਿਊਯਾਰਕ ਰਹਿੰਦੀ ਭੈਣ ਤੇ ਹੋਰ ਰਿਸ਼ਤੇਦਾਰ ਘਟਨਾ ਸਥਾਨ ਵੱਲ ਜਾ ਰਹੇ ਹਨ। ਦੂਜੇ ਪਾਸੇ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।





 


Deepak Kumar

Content Editor

Related News