ਮਹਿੰਦੀ ਵਾਲੇ ਹੱਥ ਤੇ ਚੂੜੇ ਵਾਲੀਆਂ ਬਾਹਵਾਂ, ਪੈਰ ਨੱਚਣ ਮੁਟਿਆਰ ਦੇ

02/28/2017 12:34:07 PM

ਜਲੰਧਰ (ਹਰਿੰਦਰ ਕੌਰ)— ਮਹਿੰਦੀ ਲਾਉਣ ਦਾ ਚਾਅ ਛੋਟੀ ਉਮਰੇ ਸ਼ੁਰੂ ਹੋ ਜਾਂਦਾ ਹੈ, ਜੋ ਕਿ ਜਵਾਨੀ ਦੀ ਉਮਰ ਵਿੱਚ ਹੋਰ ਜਵਾਨ ਹੋ ਜਾਂਦਾ ਹੈ। ਮਹਿੰਦੀ ਤੋਂ ਬਗੈਰ ਕੋਈ ਵੀ ਪੰਜਾਬੀ ਲਾੜੀ ਅਧੂਰੀ ਲੱਗਦੀ ਹੈ। ਮੱਥੇ ਟਿੱਕਾ, ਕੰਨੀ ਵਾਲੀਆਂ, ਬਾਹੀਂ ਚੂੜੀਆਂ, ਗਲ ''ਚ ਹਾਰ, ਪੈਰੀ ਝਾਂਜਰਾਂ ਅਤੇ... ਹੱਥਾਂ ''ਚ ਮਹਿੰਦੀ ਆਦਿ ਨਾਲ ਸਜੀ ਪੰਜਾਬੀ ਮੁਟਿਆਰ ਜਦੋਂ ਵੀ ਘਰੋਂ ਬਾਹਰ ਨਿਕਲਦੀ ਹੈ ਤਾਂ ਕਿਸੇ ਵੀ ਸਮਾਗਮ ਦੀ ਰੌਣਕ ਜਾਪਦੀ ਹੈ। 
ਵਿਆਹ ਹੋਵੇ ਜਾਂ ਕੋਈ ਪਰਿਵਾਰਕ ਸਮਾਗਮ ਪੰਜਾਬ ਦੀਆਂ ਮੁਟਿਆਰਾਂ ਅਤੇ ਰਿਸ਼ਤੇਦਾਰਾਂ ਨੂੰ ਤਾਂ ਬਹਾਨਾ ਚਾਹੀਦਾ ਹੁੰਦੈ ਮਹਿੰਦੀ ਲਵਾਉਣ ਦਾ। ਘਰਾਂ ''ਚ ਜਿਸ ਕਿਸੇ ਨੂੰ ਵੀ ਮਹਿੰਦੀ ਲਗਾਉਣੀ ਆਉਂਦੀ ਹੋਵੇ ਸਾਰੇ ਰਿਸ਼ਤੇਦਾਰ ਉਸਨੂੰ ਘੇਰਾ ਪਾ ਲੈਂਦੇ ਹਨ ਅਤੇ ਪਹਿਲਾਂ ਮੈਨੂੰ... ਪਹਿਲਾਂ ਮੈਨੂੰ... ਦੀ ਦੌੜ ਲੱਗ ਜਾਂਦੀ ਹੈ।
ਸਮਾਂ ਬਦਲਣ ਨਾਲ ਅੱਜਕੱਲ੍ਹ ਮਹਿੰਦੀ ਵਾਲਿਆਂ ਦੀ ਚਾਂਦੀ ਹੋ ਗਈ ਹੈ। ਕਿਸੇ ਵੀ ਘਰੇਲੂ ਸਮਾਗਮ ਜਾਂ ਤਿਓਹਾਰ ਦੇ ਮੌਕੇ ਹਜ਼ਾਰਾਂ ਰੁਪਏ ਦੀ ਕਮਾਈ ਤਾਂ ਹੋ ਹੀ ਜਾਂਦੀ ਹੈ ਇਨ੍ਹਾਂ ਮਹਿੰਦੀ ਵਾਲਿਆਂ ਨੂੰ। ਕਰਵਾਚੌਥ ਦੇ ਤਿਓਹਾਰ ''ਚ ਤਾਂ ਸਾਲ ਦਾ ਖਰਚਾ ਕੱਢ ਲੈਂਦੇ ਹਨ ਮਹਿੰਦੀ ਲਾਉਣ ਵਾਲੇ।
ਮਹਿੰਦੀ ਤੋਂ ਬਿਨ੍ਹਾਂ ਕਰਵਾਚੌਥ ਦਾ ਤਿਓਹਾਰ ਅਧੂਰਾ ਲੱਗਦਾ ਹੈ। ਇਸ ਵਰਤ ਲਈ ਔਰਤਾਂ ਰਾਤ-ਰਾਤ ਭਰ ਜਾਗ ਕੇ ਅਤੇ ਹਜ਼ਾਰਾਂ ਰੁਪਏ ਖਰਚ ਕੇ ਖਾਸ ਤੌਰ ''ਤੇ ਮਹਿੰਦੀ ਲਵਾਉਂਦੀਆਂ ਹਨ। 
ਇਹ ਵੀ ਧਾਰਨਾ ਹੈ ਕਿ ਜਿਸ ਕਿਸੇ ਲੜਕੀ ਦੇ ਹੱਥ ''ਤੇ ਮਹਿੰਦੀ ਦਾ ਰੰਗ ਗੂੜ੍ਹਾ ਚੜ੍ਹਦਾ ਹੈ, ਉਸਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਦਾ ਭਰਪੂਰ ਪਿਆਰ ਮਿਲਦਾ ਹੈ। ਸੋ ਇਸ ਕਾਰਨ ਵੀ ਲੜਕੀਆਂ ਮਹਿੰਦੀ ਦੇ ਗੂੜ੍ਹੇ ਰੰਗ ਲਈ ਬਹੁਤ ਸਾਰੇ ਪੈਸੇ ਅਤੇ ਮਿਹਨਤ ਖਰਚ ਕਰਦੀਆਂ ਹਨ। ਇਸ ਦੇ ਗੂੜ੍ਹੇ ਰੰਗ ਲਈ ਵਿਕਸ, ਨਿੰਬੂ, ਖੰਡ, ਲੌਂਗ-ਤਵੇ ਦਾ ਸੇਕ ਅਤੇ ਹੋਰ ਵੀ ਬਹੁਤ ਕੁਝ ਹੁੰਦਾ ਹੈ। 
ਮਹਿੰਦੀ ਦਾ ਇਤਿਹਾਸ
ਮਹਿੰਦੀ ਦਾ ਇਤਿਹਾਸ ਮੁਗਲਾਂ ਦੇ ਸਮੇਂ ਅੰਦਾਜ਼ਨ 12ਵੀਂ ਸਦੀ ਤੋਂ ਵੀਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਉਸ ਸਮੇਂ ਅਮੀਰ ਅਤੇ ਰਾਜ ਘਰਾਣੇ ਦੇ ਲੋਕ ਆਪਣੇ-ਆਪ ਨੂੰ ਸਜਾਉਣ ਲਈ ਇਸ ਦੀ ਵਰਤੋਂ ਕਰਦੇ ਸਨ। ਹੌਲੀ-ਹੌਲੀ ਇਹ ਆਮ ਲੋਕਾਂ ''ਚ ਵੀ ਮਸ਼ਹੂਰ ਹੁੰਦੀ ਗਈ। ਜੇਕਰ ਆਪਣੇ ਪਿਛੋਕੜ ਜਾਂ ਵਿਰਸੇ ਵੱਲ ਝਾਤ ਮਾਰੀਏ ਤਾਂ ਲਾੜੀ ਅਤੇ ਲਾੜਾ ਦੋਵੇਂ ਹੀ ਮਹਿੰਦੀ ਲਗਾਉਂਦੇ ਸਨ। ਦੋਹਾਂ ਨੂੰ ਸ਼ਗਨਾਂ ਦੇ ਤੌਰ ਤੇ ਮਹਿੰਦੀ ਲਗਾਈ ਜਾਂਦੀ ਸੀ। ਹੌਲੀ-ਹੌਲੀ ਇਹ ਸਿਰਫ ਲਾੜੀ ਜਾਂ ਕੁੜੀਆਂ ਲਈ ਹੀ ਸ਼ਿੰਗਾਰ ਦਾ ਸਾਧਨ ਬਣ ਗਈ ਹੈ। ਇਹ ਗੱਲ ਵੀ ਨਹੀਂ ਹੈ ਕਿ ਮਹਿੰਦੀ ਸਿਰਫ ਸ਼ਿੰਗਾਰ ਦੇ ਤੌਰ ''ਤੇ ਹੀ ਲਗਾਈ ਜਾਂਦੀ ਹੈ। ਇਸ ਦੇ ਸਿਹਤ ਪੱਖੋਂ ਵੀ ਬਹੁਤ ਸਾਰੇ ਫਾਇਦੇ ਹਨ। 
* ਇਸ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਵਾਲਾਂ ਨੂੰ ਨਰਮ ਕਰਦੀ ਹੈ। 
* ਵਾਲਾਂ ''ਚ ਸਿੱਕਰੀ ਦੀ ਸਮੱਸਿਆ ਹੋਵੇ ਤਾਂ ਵੀ ਇਸ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ।
* ਮਹਿੰਦੀ ਵਾਲਾਂ ਨੂੰ ਰੰਗ ਕਰਨ ਦੇ ਵੀ ਕੰਮ ਆਉਂਦੀ ਹੈ।
* ਵਾਲਾਂ ਦੇ ਝੜਣ ਦੀ ਸਮੱਸਿਆ ਨੂੰ ਵੀ ਘੱਟ ਕਰਦੀ ਹੈ।
* ਇਸ ਨੂੰ ਗਰਮੀਆਂ ''ਚ ਲੋਕ ਪੈਰਾਂ ''ਤੇ ਵੀ ਲਗਾਉਂਦੇ ਹਨ, ਤਾਂ ਜੋ ਸਰੀਰ ''ਚ ਠੰਡਕ ਬਣੀ ਰਹੇ।
* ਗਰਮੀਆਂ ''ਚ ਸਿਰ ਦਰਦ ਦੀ ਸਮੱਸਿਆ ਹੋਵੇ ਤਾਂ ਵੀ ਇਸ ਨੂੰ ਸਿਰ ''ਤੇ ਲਗਾਉਣਾ ਫਾਇਦੇਮੰਦ ਹੁੰਦਾ ਹੈ।
ਪਹਿਲੇ ਸਮੇਂ ਲੋਕ ਸਿਰਫ ਹੱਥਾਂ-ਪੈਰਾਂ ''ਤੇ ਹੀ ਮਹਿੰਦੀ ਲਗਾਉਂਦੇ ਸਨ ਪਰ ਅੱਜਕੱਲ ਇਸ ਨੂੰ ਸਰੀਰ ਦੇ ਹੋਰ ਭਾਗਾਂ ''ਤੇ ਲਗਾਉਣ ਦਾ ਰਿਵਾਜ਼ ਵੀ ਹੋ ਗਿਆ ਹੈ। ਬਾਜ਼ਾਰ ''ਚ ਮਹਿੰਦੀ ਲਗਾਉਣ ਦੇ ਕਈ ਤਰ੍ਹਾਂ ਦੇ ਡਿਜ਼ਾਈਨ ਮਿਲਦੇ ਹਨ ਅਤੇ ਲੋਕ ਇਸ ਦੇ ਵਧੀਆ ਅਤੇ ਗੂੜ੍ਹੇ ਰੰਗ ਲਈ ਬਹੁਤ ਸਾਰੇ ਪੈਸੇ ਵੀ ਖਰਚ ਕਰਦੇ ਹਨ। ਡਿਜ਼ਾਈਨ ਦੇ ਹਿਸਾਬ ਨਾਲ ਹੀ ਇਸ ਦਾ ਮੁੱਲ ਨਿਰਧਾਰਤ ਹੁੰਦਾ ਹੈ। ਵਧੀਆ ਅਤੇ ਔਖੇ ਡਿਜ਼ਾਈਨ ਦਾ ਮੁੱਲ ਵੀ ਜ਼ਿਆਦਾ ਹੁੰਦਾ ਹੈ। 
ਮਹਿੰਦੀ ਸਿਰਫ ਸਜਾਉਂਦੀ ਹੀ ਨਹੀਂ ਇਹ ਕਈ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਹੈ। ਸੋ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਮਹਿੰਦੀ ਦਵਾਈ ਦਾ ਕੰਮ ਵੀ ਕਰਦੀ ਹੈ, ਰੋਜ਼ਗਾਰ ਵੀ ਦਿੰਦੀ ਹੈ ਅਤੇ ਸਜਾਉਂਦੀ ਵੀ ਹੈ। 
ਸਾਰੇ ਸ਼ਿੰਗਾਰ ਇਕ ਪਾਸੇ ਅਤੇ ਮਹਿੰਦੀ ਦਾ ਰੰਗ ਇਕ ਪਾਸੇ। ਰਹਿੰਦੀ ਦੁਨੀਆਂ ਤੱਕ ਫੈਸ਼ਨ ਤਾਂ ਬਦਲਦੇ ਰਹਿਣਗੇ ਪਰ ਮਹਿੰਦੀ ਦੀ ਪਕੜ ਬਹੁਤ ਮਜ਼ਬੂਤ ਹੈ ਅਤੇ ਇਸ ਨੇ ਸ਼ਿੰਗਾਰ ''ਚ ਦਿਨੋਂ-ਦਿਨ ਆਪਣੀ ਪ੍ਰਧਾਨਗੀ ਵਧਾਈ ਹੀ ਹੈ। ਮਹਿੰਦੀ ਰਹਿੰਦੀ ਦੁਨੀਆ ਤੱਕ ਆਪਣੀ ਸਰਦਾਰੀ ਕਾਇਮ ਰੱਖੇਗੀ।

Related News