ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ ਸੂਬੇ ਦੀ ਨੰਬਰ ਇਕ ਯੂਨੀਵਰਸਿਟੀ
Sunday, May 31, 2020 - 07:55 PM (IST)
ਪਟਿਆਲਾ,(ਜੋਸਨ)- ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਅਕਾਦਮਿਕ ਖੇਤਰ ਦੀਆਂ ਨਿੱਤ ਨਵੀਂਆਂ ਪ੍ਰਾਪਤੀਆਂ ਕਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਇਕ ਹੋਰ ਖੁਸ਼ੀ ਵਾਲੀ ਖਬਰ ਹੈ। ਰਾਸ਼ਟਰ ਪੱਧਰ 'ਤੇ ਹੋਏ ਇਕ ਸਰਵੇਖਣ ਵਿਚ ਇਸ ਨੂੰ ਸਮੁੱਚੇ ਭਾਰਤ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿਚੋਂ 18ਵਾਂ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਪੱਧਰ ਦੀ ਰੈਂਕਿੰਗ ਵਿਚ ਅਜਿਹਾ ਸਥਾਨ ਪ੍ਰਾਪਤ ਕਰ ਕੇ ਯੂਨੀਵਰਸਿਟੀ ਨੇ ਆਪਣੇ-ਆਪ ਵਿਚ ਇਕ ਇਤਿਹਾਸ ਸਿਰਜਿਆ ਹੈ। ਐਜੁਕੇਸ਼ਨ ਵਰਲਡ ਨਾਮੀ ਅਦਾਰੇ 'ਈ-ਡਬਲਿਊ ਇੰਡੀਆ ਗਵਰਨਮੈਂਟ ਯੂਨੀਵਰਸਿਟੀ ਰੈਂਕਿੰਗਜ਼ 2020-21' ਵਿਚ ਦੇਸ਼ ਦੀਆਂ ਸਰਵੋਤਮ 150 ਯੂਨੀਵਰਸਿਟੀਆਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਇਸ ਨੂੰ ਦੇਸ਼ ਭਰ ਵਿਚੋਂ 18ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਡਾ. ਘੁੰਮਣ ਨੇ ਦੱਸਿਆ ਕਿ ਇਸ ਸਰਵੇਖਣ ਵਿਚ ਕੁੱਲ 1300 ਅੰਕ ਮਿੱਥੇ ਗਏ ਸਨ, ਜਿਨ੍ਹਾਂ ਵਿਚੋਂ 993 ਅੰਕ ਹਾਸਲ ਕਰ ਕੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਸ਼ਾਨਦਾਰ ਸਥਾਨ ਹਾਸਲ ਕੀਤਾ ਗਿਆ ਹੈ। ਸਰਵੇਖਣ ਵਿਚ ਗੁਣਵੱਤਾ ਜਾਂਚਣ ਹਿੱਤ ਵੱਖ-ਵੱਖ 10 ਸ਼੍ਰੇਣੀਆਂ ਨੂੰ ਇਨ੍ਹਾਂ ਅੰਕਾਂ ਲਈ ਆਧਾਰ ਬਣਾਇਆ ਗਿਆ ਹੈ।
ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਰਾਸ਼ਟਰ ਪੱਧਰ ਦੀ ਅਜਿਹੀ ਰੈਂਕਿੰਗ ਨਾਲ ਪੰਜਾਬੀ ਯੂਨੀਵਰਸਿਟੀ ਦਾ ਨਾਂ ਖੋਜ ਅਤੇ ਅਕਾਦਮਿਕ ਖੇਤਰ ਵਿਚ ਦੇਸ਼ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋ ਗਿਆ ਹੈ। ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਚੁੱਕੇ ਗਏ ਢੁੱਕਵੇਂ ਕਦਮਾਂ ਨੇ ਯੂਨੀਵਰਸਿਟੀ ਦੀ ਪਛਾਣ ਦੇ ਦਾਇਰੇ ਨੂੰ ਹੋਰ ਵਿਸ਼ਾਲ ਕੀਤਾ ਹੈ।