ਪੰਜਾਬੀ ਯੂਨੀਵਰਸਿਟੀ ਦਾ ਅਹਿਮ ਕਦਮ, ਵਿਦਿਆਰਥੀਆਂ ਦੀ ਭਲਾਈ ਲਈ ''ਆਨ-ਲਾਈਨ ਪ੍ਰੀਖਿਆ ਤੇ ਸੇਵਾਵਾਂ ਪੋਰਟਲ'' ਸ਼ੁਰੂ

Friday, Nov 24, 2017 - 11:13 AM (IST)

ਪੰਜਾਬੀ ਯੂਨੀਵਰਸਿਟੀ ਦਾ ਅਹਿਮ ਕਦਮ, ਵਿਦਿਆਰਥੀਆਂ ਦੀ ਭਲਾਈ ਲਈ ''ਆਨ-ਲਾਈਨ ਪ੍ਰੀਖਿਆ ਤੇ ਸੇਵਾਵਾਂ ਪੋਰਟਲ'' ਸ਼ੁਰੂ

ਪਟਿਆਲਾ (ਜੋਸਨ)-ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਅੱਜ ਇਥੇ ਪ੍ਰੀਖਿਆ ਸ਼ਾਖਾ ਦੀ ਨਵੀਂ ਇਮਾਰਤ ਵਿਚ 'ਆਨ-ਲਾਈਨ ਪ੍ਰੀਖਿਆ ਅਤੇ ਸੇਵਾਵਾਂ ਪੋਰਟਲ' ਦਾ ਉਦਘਾਟਨ ਕੀਤਾ ਗਿਆ । ਪੰਜਾਬੀ ਯੂਨੀਵਰਸਿਟੀ ਇਸ ਖੇਤਰ ਵਿਚ ਪਹਿਲੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਵਸੇ ਹੋਏ ਵਿਦੇਸ਼ੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਨਜ਼ਰ ਵਿਚ ਦੇਸ਼ ਦੀ ਦਿੱਖ ਅਤੇ ਭਰੋਸੇਯੋਗਤਾ ਸੁਧਾਰਨ ਲਈ ਵਿਦਿਆਰਥੀਆਂ ਨੂੰ ਤੀਬਰਤਾ ਅਤੇ ਪਾਰਦਰਸ਼ਤਾ ਵਾਲੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਇਸ ਸਹੂਲਤ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਆਨ-ਲਾਈਨ ਜਵਾਬ ਅਤੇ ਲੋੜੀਂਦੇ ਦਸਤਾਵੇਜ਼ ਜਲਦੀ ਪ੍ਰਾਪਤ ਹੋਣਗੇ। ਯੂਨੀਵਰਸਿਟੀ ਕੈਂਪਸ ਦੇ ਵਾਰ-ਵਾਰ ਚੱਕਰ ਲਾਉਣ ਤੋਂ ਨਿਜਾਤ ਮਿਲੇਗੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਇਸ ਦੇ ਉਦਘਾਟਨ ਦੇ ਨਾਲ ਹੀ ਸੇਵਾ ਉਪਲਬਧ ਹੋਣ ਨਾਲ ਹਰੇਕ ਸੇਵਾ ਅਤੇ ਅਦਾਇਗੀ ਗੇਟਵੇ ਲਈ ਸਮੇਂ ਨੂੰ ਇਕ ਹਫਤੇ ਵਿਚ ਅੰਤਿਮ ਰੂਪ ਦਿੱਤਾ ਜਾਵੇਗਾ।ਡਾ. ਜੀ. ਐੱਸ. ਬਤਰਾ ਡੀਨ ਰਿਸਰਚ ਅਤੇ ਕੰਟਰੋਲਰ ਪ੍ਰੀਖਿਆਵਾਂ ਜਿਨ੍ਹਾਂ ਨੇ ਵਾਈਸ-ਚਾਂਸਲਰ ਦੀ ਸਰਪ੍ਰਸਤੀ ਵਿਚ ਡਾਇਰੈਕਟਰ ਯੂਨੀਵਰਸਿਟੀ ਕੰਪਿਊਟਰ ਸੈਂਟਰ ਡਾ. ਕੰਵਲਜੀਤ ਸਿੰਘ ਦੀ ਮਦਦ ਨਾਲ ਇਸ ਸੇਵਾ ਦਾ ਡਿਜ਼ਾਈਨ ਤਿਆਰ ਕੀਤਾ ਹੈ, ਨੇ ਕਿਹਾ ਕਿ ਵੱਖ-ਵੱਖ ਸੇਵਾਵਾਂ ਪੋਰਟਲ ਦੀ ਸ਼ੁਰੂਆਤ ਨਾਲ ਉਪਲਬਧ ਹੋਣਗੀਆਂ।


Related News