ਅੱਜ ਚੰਡੀਗੜ੍ਹ ਪੁੱਜੇਗੀ AICC ਦੀ ਟੀਮ, 2027 ਦੀਆਂ ਚੋਣਾਂ ਲਈ ਕਾਂਗਰਸ ਨੇ ਤੇਜ਼ ਕੀਤਾ ਹੋਮਵਰਕ
Wednesday, Sep 02, 2026 - 01:55 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣਾ ਚੁਣਾਵੀ ਹੋਮਵਰਕ ਤੇਜ਼ ਕਰ ਦਿੱਤਾ ਹੈ। ਪਾਰਟੀ ਹਾਈਕਮਾਂਡ ਵੱਲੋਂ ਸੂਬਾਈ ਆਗੂਆਂ ਨੂੰ ਚੋਣਾਂ ਲਈ ਤਿਆਰੀਆਂ ਤੇਜ਼ ਕਰਨ ਦੇ ਸੰਕੇਤ ਮਿਲਣ ਤੋਂ ਬਾਅਦ ਹੁਣ ਕਾਂਗਰਸ ਨੇ ਆਪਣਾ ਧਿਆਨ ਸਿਰਫ਼ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੱਕ ਸੀਮਤ ਨਾ ਰੱਖਦਿਆਂ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਨਬਜ਼ ਟਟੋਲਣ ਅਤੇ 2027 ਦੀ ਚੋਣ ਮੁਹਿੰਮ ਲਈ ਮੁੱਦੇ ਤੈਅ ਕਰਨ ਵੱਲ ਮੋੜ ਦਿੱਤਾ ਹੈ। ਇਸੇ ਕੜੀ ਤਹਿਤ ਏ. ਆਈ. ਸੀ. ਸੀ. ਦੀ ਮੀਡੀਆ ਟੀਮ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚ ਰਹੀ ਹੈ, ਜਿੱਥੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਕਾਂਗਰਸ ਵੱਲੋਂ ਇਸ ਦੌਰੇ ਨੂੰ ਆਮ ਸਿਆਸੀ ਸਰਗਰਮੀ ਦੀ ਬਜਾਏ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਦੇ ਇੱਕ ਅਹਿਮ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ। ਏ. ਆਈ. ਸੀ. ਸੀ. ਦੀ ਮੀਡੀਆ ਟੀਮ ਸੂਬੇ ਦੇ ਕਾਂਗਰਸੀ ਆਗੂਆਂ ਅਤੇ ਪਾਰਟੀ ਦੇ ਮੀਡੀਆ ਵਿੰਗ ਨਾਲ ਮੀਟਿੰਗਾਂ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕਰੇਗੀ ਕਿ ਪੰਜਾਬ 'ਚ ਇਸ ਸਮੇਂ ਕਿਹੜੇ ਮੁੱਦੇ ਲੋਕਾਂ 'ਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਕਿਹੜੇ ਮਸਲਿਆਂ ਨੂੰ ਆਉਣ ਵਾਲੇ ਸਮੇਂ 'ਚ ਚੁਣਾਵੀ ਮੁੱਦੇ ਵਜੋਂ ਉਭਾਰਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੇ DA ਬਾਰੇ ਨਵੀਂ ਅਪਡੇਟ, ਸੁਪਰੀਮ ਕੋਰਟ ਪੁੱਜਿਆ ਮਾਮਲਾ, ਕਲਰਕ ਤੋਂ ਕਾਂਸਟੇਬਲ ਤੱਕ...
ਚੰਡੀਗੜ੍ਹ ਪਹੁੰਚਣ ਵਾਲੀ ਏ. ਆਈ. ਸੀ. ਸੀ. ਦੀ ਮੀਡੀਆ ਟੀਮ 'ਚ ਰਾਸ਼ਟਰੀ ਮੀਡੀਆ ਕੋ-ਆਰਡੀਨੇਟਰ ਹਰੀ ਸ਼ੰਕਰ ਗੁਪਤਾ, ਕੋ-ਆਰਡੀਨੇਟਰ ਵਿੰਗ ਕਮਾਂਡਰ ਅਨੁਮਾ ਅਚਾਰੀਆ, ਈਸ਼ਾਨ ਤਿਆਗੀ, ਹਰਨਾਮ ਸਿੰਘ ਅਤੇ ਵਿਕਰਮ ਲੋਹੀਆ ਸ਼ਾਮਲ ਹਨ। ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖਡਿਆਲ ਵੀ ਇਸ ਮੰਥਨ ਦਾ ਹਿੱਸਾ ਹੋਣਗੇ। ਮੀਟਿੰਗਾਂ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਸੂਬੇ 'ਚ ਕਾਂਗਰਸ ਦੀ ਸਥਿਤੀ, ਵਿਰੋਧੀ ਧਿਰਾਂ ਦੀ ਰਣਨੀਤੀ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਕੀਤਾ ਜਾਣਾ ਹੈ। ਪਾਰਟੀ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜੇ ਮੁੱਦਿਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪਾਰਟੀ ਦੀ ਭਵਿੱਖੀ ਰਾਜਨੀਤਿਕ ਰਣਨੀਤੀ ਦਾ ਹਿੱਸਾ ਬਣਾਇਆ ਜਾਵੇ।
ਇਹ ਵੀ ਪੜ੍ਹੋ : ਸ਼ਿਮਲਾ ਜਾਣ ਵਾਲਿਆਂ ਲਈ ਵੱਡਾ ਅਲਰਟ, 11 ਸਤੰਬਰ ਤੱਕ ਟਰੇਨਾਂ ਰੱਦ, ਰਿਫੰਡ ਨੂੰ ਲੈ ਕੇ ਰੇਲਵੇ ਨੇ...
ਸਿਆਸੀ ਤੌਰ ’ਤੇ ਇਸ ਦੌਰੇ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਹੁਣ 2027 ਦੀਆਂ ਚੋਣਾਂ ਲਈ ਆਪਣੀ ਮੁਹਿੰਮ ਨੂੰ ਸਿਰਫ਼ ਸਰਕਾਰ ਵਿਰੋਧੀ ਬਿਆਨਾਂ ਤੱਕ ਸੀਮਤ ਰੱਖਣ ਦੀ ਬਜਾਏ ਇੱਕ ਵਿਸਥਾਰਤ ਵਿਕਲਪਕ ਏਜੰਡੇ ਦੇ ਆਧਾਰ ’ਤੇ ਖੜ੍ਹਾ ਕਰਨ ਦੀ ਤਿਆਰੀ ਕਰ ਰਹੀ ਹੈ। ਪਾਰਟੀ ਚਾਹੁੰਦੀ ਹੈ ਕਿ ਚੋਣਾਂ ਨੇੜੇ ਆਉਣ ਤੱਕ ਉਸ ਕੋਲ ਲੋਕਾਂ ਸਾਹਮਣੇ ਰੱਖਣ ਲਈ ਸਪੱਸ਼ਟ ਮੁੱਦੇ, ਨੀਤੀਆਂ ਅਤੇ ਵਾਅਦੇ ਮੌਜੂਦ ਹੋਣ। ਪੰਜਾਬ ਵਿੱਚ ਚੁਣਾਵੀ ਮਾਹੌਲ ਨੂੰ ਲੈ ਕੇ ਕਾਂਗਰਸ ਵੱਲੋਂ ਸਰਵੇਖਣ ਦਾ ਕੰਮ ਵੀ ਜਾਰੀ ਹੈ। ਪਾਰਟੀ ਸੂਬੇ ਦੇ ਵੱਖ-ਵੱਖ ਖੇਤਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਵਾਇਦ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਲੋਕਾਂ ਦੀਆਂ ਮੌਜੂਦਾ ਤਰਜ਼ੀਹਾਂ ਕੀ ਹਨ ਅਤੇ ਸਰਕਾਰ ਤੋਂ ਉਨ੍ਹਾਂ ਦੀਆਂ ਉਮੀਦਾਂ ਕਿਹੜੀਆਂ ਹਨ। ਕਾਂਗਰਸ ਲਈ ਇਹ ਫੀਡਬੈਕ ਇਸ ਲਈ ਵੀ ਅਹਿਮ ਹੈ ਕਿਉਂਕਿ 2027 ਦੀ ਚੋਣ ਵਿੱਚ ਪਾਰਟੀ ਨੂੰ ਸਿਰਫ਼ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਚੁਣੌਤੀ ਨਹੀਂ ਦੇਣੀ, ਸਗੋਂ ਲੋਕਾਂ ਸਾਹਮਣੇ ਆਪਣਾ ਵਿਕਲਪ ਵੀ ਪੇਸ਼ ਕਰਨਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
