ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਨੇ ਦਿੱਤੇ ਹਾਈ ਪ੍ਰੋਫਾਈਲ ਕਮੇਟੀ ਬਣਾਉਣ ਦੇ ਹੁਕਮ
Sunday, Dec 24, 2017 - 04:22 PM (IST)

ਪਟਿਆਲਾ (ਮਨਦੀਪ ਜੋਸਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਤਕਰੀਬਨ 19 ਮਹੀਨੇ ਬਾਅਦ ਹੋਈ ਯੂਨੀਵਰਸਿਟੀ ਸਿੰਡੀਕੇਟ ਨੇ ਅਕਾਲੀ ਰਾਜ ਵੇਲੇ 10 ਸਾਲਾਂ ਵਿਚ ਹੋਏ ਘਪਲਿਆਂ ਸਬੰਧੀ ਹਾਈ ਪ੍ਰੋਫਾਈਲ ਕਮੇਟੀ ਬਣਾਉਣ ਦੇ ਹੁਕਮ ਦਿੰਦਿਆਂ ਇਹ ਕਮੇਟੀ ਬਣਾਉਣ ਲਈ ਪੀ. ਯੂ. ਦੇ ਵੀ. ਸੀ. ਨੂੰ ਪਾਵਰਾਂ ਸੌਂਪਦਿਆਂ ਏਜੰਡੇ ਵਿਚ ਆਏ 450 ਤੋਂ ਵੱਧ ਮਤਿਆਂ 'ਤੇ ਸਰਬਸੰਮਤੀ ਨਾਲ ਮੋਹਰ ਲਗਾ ਦਿੱਤੀ ਹੈ।
ਸਿੰਡੀਕੇਟ ਨੇ ਲੰਘੇ 10 ਸਾਲਾਂ ਵਿਚ ਜੋ ਕਥਿਤ ਬੇਨਿਯਮੀਆਂ ਹੋਈਆਂ ਸਨ, ਉਨ੍ਹਾਂ ਬਾਰੇ ਜੋ ਵੀ ਕਮੇਟੀਆਂ ਨੇ ਪੜਤਾਲਾਂ ਕੀਤੀਆਂ ਸਨ, ਉਸ ਸਬੰਧੀ ਅੱਜ ਬੰਦ ਲਿਫ਼ਾਫ਼ੇ ਮੀਟਿੰਗ ਦੌਰਾਨ ਖੋਲ੍ਹੇ ਹੀ ਨਹੀਂ ਗਏ, ਸਾਰੀ ਸਿੰਡੀਕੇਟ ਨੇ ਇਨ੍ਹਾਂ ਪੜਤਾਲਾਂ ਬਾਰੇ ਇਕ ਉੱਚ ਪੱਧਰੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਬਾਹਰਲੇ ਅਧਿਕਾਰੀ ਹੋਣਗੇ, ਜਿਸ ਵਿਚ ਸਾਬਕਾ ਜੱਜ, ਕੋਈ ਵਾਈਸ ਚਾਂਸਲਰ ਜਾਂ ਹੋਰ ਅਧਿਕਾਰੀ ਹੋ ਸਕਦੇ ਹਨ। ਇਹ ਕਮੇਟੀ ਬਣਾਉਣ ਦਾ ਅਧਿਕਾਰ ਵਾਈਸ ਚਾਂਸਲਰ ਨੂੰ ਦਿੱਤਾ ਗਿਆ ਹੈ, ਉਹ ਕੁਝ ਦਿਨਾਂ ਵਿਚ ਕਮੇਟੀ ਬਣਾ ਦੇਣਗੇ, ਉਹ ਹੀ ਇਨ੍ਹਾਂ ਪੜਤਾਲੀਆ ਰਿਪੋਰਟਾਂ ਨੂੰ ਖੋਲ੍ਹਣਗੇ।
ਉਸ ਤੋਂ ਬਾਅਦ ਉਹ ਕਮੇਟੀ ਹੀ ਸਾਰਾ ਮਾਮਲਾ ਵਾਚ ਕੇ ਆਪਣੀ ਸਲਾਹ ਦੇਵੇਗੀ, ਉਸ ਤੋਂ ਬਾਅਦ ਹੀ ਕਾਰਵਾਈ ਹੋਵੇਗੀ।
ਰੀ-ਇੰਪਲਾਈਡ ਦਾ ਮੁੱਦਾ ਜਨਵਰੀ 'ਚ ਵਿਚਾਰਨ ਦਾ ਭਰੋਸਾ
ਸਿੰਡੀਕੇਟ ਨੇ ਰੀ-ਇੰਪਲਾਈਡ ਅਧਿਆਪਕਾਂ ਦੇ ਮੁੱਦੇ 'ਤੇ ਜਨਵਰੀ ਵਿਚ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਹੈ। ਵਾਈਸ ਚਾਂਸਲਰ ਨੇ ਸਿੰਡੀਕੇਟ ਮੈਂਬਰਾਂ ਨੂੰ ਆਖਿਆ ਕਿ ਜਨਵਰੀ ਵਿਚ ਮੁੜ ਸਿੰਡੀਕੇਟ ਦੀ ਮੀਟਿੰਗ ਰੱਖੀ ਜਾਵੇਗੀ, ਜਿਸ ਵਿਚ ਇਸ ਮੁੱਦੇ 'ਤੇ ਵਿਚਾਰ ਹੋਵੇਗਾ।
ਸਿੰਡੀਕੇਟ ਮੈਂਬਰਾਂ ਤੋਂ ਬਿਨਾਂ ਹੋਰ ਪ੍ਰੋਫੈਸਰ ਮੀਟਿੰਗ 'ਚੋਂ ਬਾਹਰ ਕੱਢੇ
ਸਿੰਡੀਕੇਟ ਦੀ ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਐਡੀਸ਼ਨਲ ਚੀਫ਼ ਸੈਕਟਰੀ ਐੱਸ. ਕੇ. ਸੰਧੂ ਅਤੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਸਿੰਡੀਕੇਟ ਮੈਂਬਰਾਂ ਤੋਂ ਇਲਾਵਾ ਪ੍ਰੋਫੈਸਰਾਂ ਅਤੇ ਹੋਰ ਵਿਭਾਗਾਂ ਦੇ ਕਈ ਮੁਖੀਆਂ ਨੂੰ ਮੀਟਿੰਗ 'ਚੋਂ ਬਾਹਰ ਬਿਠਾ ਦਿੱਤਾ ਅਤੇ ਕਿਹਾ ਕਿ ਲੋੜ ਪੈਣ 'ਤੇ ਉਨ੍ਹਾਂ ਨੂੰ ਬੁਲਾਇਆ ਜਾਵੇਗਾ। ਇਸ ਤਰ੍ਹਾਂ ਪਹਿਲੀ ਵਾਰ ਕਿਸੀ ਸਿੰਡੀਕੇਟ ਮੀਟਿੰਗ 'ਚ ਹੋਇਆ ਹੈ।
ਸਿੰਡੀਕੇਟ ਨੇ ਯੂਨੀਵਰਸਿਟੀ 'ਚ ਤੂਫਾਨ ਲਿਆਉਣ ਵਾਲੇ ਰੀ-ਇੰਪਲਾਈਡ ਟੀਚਰਜ਼ ਦਾ ਮੁੱਦਾ ਹੀ ਨਾ ਵਿਚਾਰਿਆ
ਸਿੰਡੀਕੇਟ ਨੇ ਯੂਨੀਵਰਸਿਟੀ 'ਚ ਤੂਫਾਨ ਲਿਆਉਣ ਵਾਲੇ ਰੀ-ਇੰਪਲਾਈਡ ਟੀਚਰਜ਼ ਦੇ ਮੁੱਦੇ ਨੂੰ ਵਿਚਾਰਿਆ ਹੀ ਨਹੀਂ ਤੇ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਸਰਕਾਰ ਦੇ ਐਡੀਸ਼ਨਲ ਚੀਫ ਸੈਕਟਰੀ-ਕਮ-ਪਿੰ੍ਰਸੀਪਲ ਸਿੱਖਿਆ ਸਕੱਤਰ ਐੱਸ. ਕੇ. ਸੰਧੂ ਨੇ ਟੇਬਲ ਏਜੰਡਾ ਹੋਣ ਕਰ ਕੇ ਇਹ ਏਜੰਡਾ ਵਿਚਾਰਨ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪਹਿਲਾਂ ਹੀ ਸਾਢੇ 400 ਦੇ ਕਰੀਬ ਆਈਟਮਾਂ ਸਿੰਡੀਕੇਟ ਦੇ ਏਜੰਡੇ ਵਿਚ ਹਨ, ਇਸ ਕਰ ਕੇ ਟੇਬਲ ਏਜੰਡੇ ਨਹੀਂ ਵਿਚਾਰੇ ਜਾਣਗੇ। ਯਾਦ ਰਹੇ ਕਿ ਪੰਜਾਬੀ ਯੂਨੀਵਰਸਿਟੀ ਵਿਚ ਰੀ-ਇੰਪਲਾਈਡ ਟੀਚਰਜ਼ ਤੇ ਹੋਰ ਸਟਾਫ ਦੀ ਛੁੱਟੀ ਕਰਵਾਉਣ ਲਈ ਯੂਨੀਵਰਸਿਟੀ ਵਿਚ ਮੁਲਾਜ਼ਮਾਂ ਨੇ ਵੱਡਾ ਸੰਘਰਸ਼ ਕਰ ਕੇ ਕਈ ਦਿਨ ਯੂਨੀਵਰਸਿਟੀ ਬੰਦ ਕਰ ਦਿੱਤੀ ਸੀ, ਜਿਸ ਦੇ ਸਿੱਟੇ ਵਜੋਂ ਨਾਨ-ਟੈਕਨੀਕਲ ਸੇਵਾਮੁਕਤ ਮੁਲਾਜ਼ਮਾਂ ਦੀ ਤਾਂ ਛੁੱਟੀ ਹੋ ਗਈ ਸੀ ਪਰ ਟੀਚਿੰਗ ਸਟਾਫ ਦੇ ਬਹੁਤ ਸਾਰੇ ਅਧਿਆਪਕ ਆਪਣੀਆਂ ਸੀਟਾਂ 'ਤੇ ਡਟੇ ਹੋਏ ਸਨ ਤੇ ਇਨ੍ਹਾਂ ਦੀ ਛੁੱਟੀ ਕਰਵਾਉਣ ਲਈ ਕਰਮਚਾਰੀਆਂ ਤੇ ਵਿਦਿਆਰਥੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਪਰ ਪੁਨਰ-ਨਿਯੁਕਤ ਅਧਿਆਪਕਾਂ ਦਾ ਏਜੰਡਾ ਨਾ ਵਿਚਾਰਨ ਕਰਨ ਯੂਨੀਵਰਸਿਟੀ ਵਿਚ ਦੁਬਾਰਾ ਸੰਘਰਸ਼ ਦਾ ਮੈਦਾਨ ਮਗਨ ਦੇ ਆਸਾਰ ਬਣ ਗਏ ਹਨ।
ਸਿੰਡੀਕੇਟ ਨੇ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਹੋਏ ਸਮਝੌਤਿਆਂ ਨੂੰ ਵੀ ਦਿੱਤੀ ਹਰੀ ਝੰਡੀ
ਸਿੰਡੀਕੇਟ ਨੇ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਕੈਨੇਡਾ, ਡੈਫੋਡਿਲ ਇੰਟਰਨੈਸ਼ਨਲ ਯੂਨੀਵਰਸਿਟੀ ਢਾਕਾ ਅਤੇ ਆਈ. ਐੱਨ. ਐੱਸ. ਈ. ਈ. ਸੀ. ਫਰਾਂਸ ਦੇ ਨਾਲ ਹੋਏ ਪਰਸਪਰ ਇਕਰਾਰਨਾਮਿਆਂ ਨੂੰ ਹਰੀ ਝੰਡੀ ਦਿਖਾਈ । ਸਿੰਡੀਕੇਟ ਵੱਲੋਂ ਵੱਖ-ਵੱਖ ਵਿਸ਼ਿਆਂ ਵਿਚ ਵਿਦਿਆਰਥੀਆਂ ਦੀਆਂ ਪਲੇਸਮੈਂਟਾਂ ਦੇ ਵਿਕਾਸ ਲਈ ਅਕਾਦਮਿਕ-ਉਦਯੋਗ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਇੰਡਸਟਰੀ ਅਤੇ ਯੂਨੀਵਰਸਿਟੀ ਦੀ ਭਾਈਵਾਲੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਡੀਨ, ਰਿਸਰਚ ਅਤੇ ਪ੍ਰੋਫੈਸਰ, ਸਕੂਲ ਆਫ ਮੈਨੇਜਮੈਂਟ ਦੀ ਸਲਾਹ 'ਤੇ ਸੈਂਟਰ ਫਾਰ ਇਨੋਵੇਸ਼ਨ, ਰਚਨਾਤਮਕਤਾ ਅਤੇ ਉੱਦਮਨੀਤੀ ਦੀ ਸਥਾਪਨਾ ਨੂੰ ਸਿੰਡੀਕੇਟ ਮੈਂਬਰਾਂ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ। ਇਕੱਤਰਤਾ ਵਿਚ ਵਿੱਤ ਕਮੇਟੀ, ਖੇਡਾਂ ਅਤੇ ਸੱਭਿਆਚਾਰਕ ਕਮੇਟੀਆਂ ਦੀਆਂ ਕਾਰਵਾਈਆਂ ਨੂੰ ਵੀ ਸਵੀਕਾਰ ਕਰ ਲਿਆ ਗਿਆ।
ਵਿੱਤ ਕਮੇਟੀ ਲਈ ਹੋਣਗੇ 2 ਮੈਂਬਰ ਨਾਮਜ਼ਦ
ਇਕੱਤਰਤਾ ਵਿਚ ਵਾਈਸ-ਚਾਂਸਲਰ ਨੂੰ ਯੂਨੀਵਰਸਿਟੀ ਦੀ ਵਿੱਤ ਕਮੇਟੀ ਲਈ ਦੋ ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ । ਸਿੰਡੀਕੇਟ ਵੱਲੋਂ ਕਾਂਸਟੀਚੁਐਂਟ ਕਾਲਜਾਂ ਵਿਚ ਅਧਿਆਪਕਾਂ ਦੇ ਮੁੱਦੇ ਦੀ ਵਰਤਮਾਨ ਸਥਿਤੀ ਨੂੰ ਬਰਕਰਾਰ ਰੱਖਣ ਦਾ ਵੀ ਨਿਰਣਾ ਲਿਆ ਗਿਆ।
ਸਮੁੱਚੀਆਂ ਹੋਈਆਂ ਰੈਗੂਲਰ ਭਰਤੀਆਂ ਕੀਤੀਆਂ ਪ੍ਰਵਾਨ
ਸਿੰਡੀਕੇਟ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਪਿਛਲੇ ਸਮੇਂ ਵਿਚ ਕੀਤੀਆਂ ਰੈਗੂਲਰ ਟੀਚਿੰਗ ਤੇ ਨਾਨ-ਟੀਚਿੰਗ ਭਰਤੀਆਂ ਨੂੰ ਪ੍ਰਵਾਨ ਕਰ ਦਿੱਤਾ ਹੈ, ਇਸ ਦੇ ਨਾਲ ਹੀ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਕੰਮ ਕੀਤੇ ਸੀ, ਉਨ੍ਹਾਂ ਸਾਰਿਆਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਅੱਜ ਦੀ ਕਰੀਬ-ਕਰੀਬ ਤਿੰਨ ਸਾਢੇ ਤਿੰਨ ਘੰਟੇ ਚੱਲੀ ਮੀਟਿੰਗ ਵਿਚ ਹਰ ਇਕ ਏਜੰਡਾ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਵਿਚਾਰਿਆ ਗਿਆ ਅਤੇ ਬੜੀ ਹੀ ਸਦਭਾਵਨਾ ਬਾਰੇ ਤਰੀਕੇ ਨਾਲ ਮੀਟਿੰਗ ਸਮਾਪਤ ਹੋਈ। ਇਸ ਸਮੇਂ ਸਿੱਖਿਆ ਡਾਇਰੈਕਟਰ ਜਗਜੀਤ ਸਿੰਘ, ਡੀਨ ਅਕਾਦਮਿਕ ਇੰਦਰਜੀਤ ਸਿੰਘ, ਡਾ. ਹਰਜੀਤ ਸਿੰਘ ਡੀਨ ਸਟੂਡੈਂਟਸ ਵੈੱਲਫੇਅਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਨਿਵੇਦਿਤਾ ਉੱਪਲ, ਡਾ. ਮਹਿਮੂਦ ਜੈਮਲ, ਡਾ. ਗੁਰਮੀਤ ਸਿੰਘ ਮਾਨ ਡਾਇਰੈਕਟਰ ਕੈਮਸ ਸਮੇਤ ਹੋਰ ਉੱਚ ਅਧਿਕਾਰੀ ਹਾਜ਼ਰ ਸਨ।