ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਹੋਇਆ ਵੱਡਾ ਐਲਾਨ
Tuesday, May 20, 2025 - 12:41 PM (IST)

ਪਟਿਆਲਾ/ਸਨੌਰ (ਮਨਦੀਪ ਜੋਸਨ) : ਪੰਜਾਬੀ ਯੂਨੀਵਰਸਿਟੀ ਵਿਖੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ’ਚ 2 ਨਵੇਂ ਹੋਸਟਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਹੋਸਟਲਾਂ ’ਚੋਂ ਇਕ ਓ. ਬੀ. ਸੀ. ਸ਼੍ਰੇਣੀ ਦੀਆਂ ਲੜਕੀਆਂ ਲਈ ਅਤੇ ਦੂਜਾ ਓ. ਬੀ. ਸੀ. ਸ਼੍ਰੇਣੀ ਦੇ ਲੜਕਿਆਂ ਲਈ ਹੋਵੇਗਾ। ਦੋਵੇਂ ਹੋਸਟਲਾਂ ’ਚ 100-100 ਵਿਦਿਆਰਥੀਆਂ ਲਈ ਸੀਟਾਂ ਉਪਲੱਬਧ ਹੋਣਗੀਆਂ। ਹਰੇਕ ਹੋਸਟਲ ਲਈ 3.5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਯਾਨੀ ਪੰਜਾਬੀ ਯੂਨੀਵਰਸਿਟੀ ਲਈ ਕੁੱਲ 7.00 ਕਰੋੜ ਰੁਪਏ ਮਨਜ਼ੂਰ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ 23 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ’ਚ ਵਿਦਿਆਰਥੀਆਂ ਦੀ ਕੁੱਲ ਗਿਣਤੀ 12,000 ਦੇ ਕਰੀਬ ਹੈ ਪਰ ਹਾਲ ਦੀ ਘੜੀ ਇਥੇ ਸਿਰਫ਼ 5000 ਵਿਦਿਆਰਥੀਆਂ ਲਈ ਹੀ ਹੋਸਟਲ ਰਿਹਾਇਸ਼ ਦੀ ਸਹੂਲਤ ਉਪਲੱਬਧ ਹੈ। ਇਸ ਲਈ ਵਿਦਿਆਰਥੀਆਂ ਖਾਸ ਕਰ ਕੇ ਲੜਕੀਆਂ ਲਈ ਹੋਸਟਲ ਰਿਹਾਇਸ਼ ਦੀ ਵੱਡੀ ਘਾਟ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਹਾਲ ਹੀ ’ਚ ਰਾਸ਼ਟਰੀ ਸਿੱਖਿਆ ਨੀਤੀ-2020 ਤਹਿਤ 26 ਵਿਭਾਗਾਂ ਵਿਚ ਯੂ. ਜੀ-ਪੀ. ਜੀ. ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ। ਇਸ ਲਈ ਹੋਸਟਲਾਂ ’ਚ ਕੁੱਲ ਉਪਲੱਬਧ ਰਿਹਾਇਸ਼ ’ਚ ਵਾਧਾ ਸਬੰਧਤ ਮੰਗ ਨੂੰ ਪੂਰਾ ਨਹੀਂ ਕਰ ਰਿਹਾ ਹੈ। ਇਸ ਸਥਿਤੀ ’ਚ ਅਜਿਹੀ ਖ਼ਬਰ ਯੂਨੀਵਰਸਿਟੀ ਲਈ ਖੁਸ਼ੀ ਵਾਲੀ ਹੈ। ਵਰਨਣਯੋਗ ਹੈ ਕਿ ਯੂਨੀਵਰਸਿਟੀ ਨੇ ਰਾਖਵੇਂ ਵਰਗ ਦੇ ਵਿਦਿਆਰਥੀਆਂ ਨੂੰ 45 ਪ੍ਰਤੀਸ਼ਤ ਹੋਸਟਲ ਸੀਟਾਂ ਪ੍ਰਦਾਨ ਕੀਤੀਆਂ ਹਨ। ਫਿਰ ਵੀ ਬਹੁਤ ਸਾਰੇ ਵਿਦਿਆਰਥੀ ਸੀਮਤ ਹੋਸਟਲ ਸੀਟਾਂ ਕਾਰਨ ਹੋਸਟਲ ਰਿਹਾਇਸ਼ ਦਾ ਲਾਭ ਲੈਣ ਤੋਂ ਅਸਮਰੱਥ ਰਹਿ ਜਾਂਦੇ ਹਨ। ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਯੂਨੀਵਰਸਿਟੀ ਨੂੰ ਹੋਸਟਲ ਅਲਾਟ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ’ਚ ਪੜ੍ਹ ਰਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਮਾਲਵਾ ਖੇਤਰ ਦੇ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਨਵੇਂ ਹੋਸਟਲਾਂ ਦੀ ਉਸਾਰੀ ਨਾਲ ਓ. ਬੀ. ਸੀ. ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ’ਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਹੋਸਟਲ ’ਚ ਵਧੇਰੇ ਸੀਟਾਂ ਦੀ ਉਪਲੱਬਧਤਾ ਖਾਸ ਕਰ ਕੇ ਉਨ੍ਹਾਂ ਵਿਦਿਆਰਥੀਆਂ ਨੂੰ ਸਹੂਲਤ ਦੇਵੇਗੀ, ਜੋ ਪੀ. ਜੀ. ਰਿਹਾਇਸ਼ ਦੇ ਰੂਪ ’ਚ ਨਿੱਜੀ ਰਿਹਾਇਸ਼ ਦੇ ਖਰਚੇ ਦੇਣ ’ਚ ਅਸਮਰੱਥ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e