ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਜਾਣੋਂ ਕਿਸ ਨੂੰ ਮਿਲੀ ਜ਼ਿੰਮੇਵਾਰੀ

Monday, May 19, 2025 - 09:18 PM (IST)

ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਜਾਣੋਂ ਕਿਸ ਨੂੰ ਮਿਲੀ ਜ਼ਿੰਮੇਵਾਰੀ

ਪਟਿਆਲਾ/ਸਨੌਰ (ਮਨਦੀਪ ਜੋਸਨ) - ਲਗਭਗ 13 ਮਹੀਨਿਆਂ ਬਾਅਦ ਆਖਿਰ ਪੰਜਾਬੀ ਯੂਨੀਵਰਸਿਟੀ ਨੂੰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ। ਪੰਜਾਬ ਦੇ ਰਾਜਪਾਲ ਨੇ ਸਰਕਾਰ ਵੱਲੋਂ ਚੌਥੀ ਵਾਰ ਬਦਲ ਕੇ ਭੇਜੇ ਗਏ ਪੈਨਲ ’ਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ (ਆਈਜਰ ਸੰਸਥਾ) ਦੇ ਰਜਿਸਟਰਾਰ ਡਾ. ਜਗਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

ਡਾ. ਜਗਦੀਪ ਸਿੰਘ ਇਕ ਬੇਹੱਦ ਸਮਝਦਾਰ, ਤਜੁਰਬੇਕਾਰ, ਸਿੱਖਿਆ ਸ਼ਾਸ਼ਤਰੀ ਹਨ, ਜਿਨ੍ਹਾਂ ’ਤੇ ਪੰਜਾਬੀ ਯੂਨੀਵਰਸਿਟੀ ਨੂੰ ਠੀਕ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਪਾਈ ਗਈ ਹੈ। ਡਾ. ਜਗਦੀਪ ਸਿੰਘ ਆਈਜਰ ਦੇ ਰਜਿਸਟਰਾਰ ਤੋਂ ਪਹਿਲਾਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ ਬਤੌਰ ਐਡਵਾਈਜ਼ਰ ਕੰਮ ਕਰ ਚੁੱਕੇ ਹਨ।

PunjabKesari

ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਨੂੰ ਲੈ ਕੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ 2 ਧੜਿਆਂ ਵਿਚਕਾਰ ਘਸਮਾਨ ਮਚਿਆ ਹੋਇਆ ਸੀ, ਜਿਸ ਕਾਰਨ 3 ਵਾਰ ਫਾਈਲ ਰਾਜਪਾਲ ਨੇ ਵਾਪਸ ਮੋੜੀ। ਸੂਬਾ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਪੁਰਾਣੇ ਪੈਨਲ ਨੂੰ ਹਟਾਕੇ ਇਕ ਨਵਾਂ ਪੈਨਲ ਬਣਾਇਆ ਗਿਆ, ਜਿਸ ’ਚ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਰਹੇ ਡਾ. ਏ. ਐੱਸ. ਚਾਵਲਾ, ਆਈਜਰ ਸੰਸਥਾ ਦੇ ਰਜਿਸਟਰਾਰ ਪ੍ਰੋਫੈਸਰ ਜਗਦੀਪ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਰਤਨ ਸਿੰਘ ਹਨ। ਨਵੇਂ ਪੈਨਲ ਲਈ ਸੂਬਾ ਸਰਕਾਰ ਅਤੇ ਦਿੱਲੀ ਵਿਚਕਾਰ ਕਈ ਦਿਨ ਕਸ਼ਮਕਸ਼ ਵੀ ਚਲਦੀ ਰਹੀ। ਆਖਿਰ ਨਵੇਂ ਪੈਨਲ ਨੂੰ ਭੇਜ ਦਿੱਤਾ ਗਿਆ ਸੀ। ਇਸ ਫਾਈਲ ਨੂੰ ਵੀ 7 ਮਈ ਨੂੰ ਵਾਪਸ ਮੋੜ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਮੁੜ ਆਈਜਰ ਸੰਸਥਾ ਦੇ ਰਜਿਸਟਰਾਰ ਡਾ. ਜਗਦੀਪ ਸਿੰਘ ਦਾ ਨਾਂ ਟਾਪ ਕਰ ਕੇ ਭੇਜਿਆ ਸੀ। ਆਖਿਰ ਰਾਜਪਾਲ ਨੇ ਇਸ ਉੱਪਰ ਮੋਹਰ ਲਗਾ ਦਿੱਤੀ ਹੈ।


author

Inder Prajapati

Content Editor

Related News