ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਮਾਲਕ ਦੀ ਬੇਰਹਿਮੀ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ!

Thursday, Jun 20, 2024 - 10:00 AM (IST)

ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਮਾਲਕ ਦੀ ਬੇਰਹਿਮੀ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ!

ਰੋਮ (ਦਲਵੀਰ ਕੈਂਥ): ਬੀਤੇ ਦਿਨੀਂ ਦੱਖਣੀ ਇਟਲੀ ਦੇ ਜ਼ਿਲ੍ਹਾ ਲਾਤੀਨਾ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ, ਜਿਸ ਵਿਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਦਰਅਸਲ, ਪੰਜਾਬ ਦੇ ਮੋਗਾ ਨਾਲ ਸਬੰਧਤ 31 ਸਾਲਾ ਸਤਨਾਮ ਸਿੰਘ ਆਪਣੀ ਪਤਨੀ ਨਾਲ ਬਿਨਾਂ ਪੇਪਰਾਂ ਤੋਂ ਇਸ ਇਲਾਕੇ ਵਿਚ ਰਹਿ ਰਿਹਾ ਸੀ। ਦੋਵੇਂ ਇਕ ਇਟਾਲੀਨ ਮਾਲਕ ਦੇ ਘਰ ਵਿਚ ਕੰਮ ਕਰਦੇ ਸਨ। ਕੰਮ ਕਰਦਿਆਂ ਵਾਪਰੇ ਇਕ ਹਾਦਸੇ ਵਿਚ ਸਤਨਾਮ ਸਿੰਘ ਦੀ ਇਕ ਬਾਂਹ ਕੱਟੀ ਗਈ ਅਤੇ ਸਰੀਰ ਨਾਲੋਂ ਵੱਖ ਹੋ ਗਈ। ਇਸ ਮਗਰੋਂ ਬੇਰਹਿਮ ਇਟਾਲੀਅਨ ਮਾਲਕ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਖ਼ੂਨ ਨਾਲ ਲੱਥਪੱਥ ਸਤਨਾਮ ਸਿੰਘ ਨੂੰ ਉਸ ਘਰ ਦੇ ਅੱਗੇ ਛੱਡ ਗਿਆ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ ਪੱਛਮੀ ਜ਼ਿਮਨੀ ਚੋਣ ਬਾਰੇ ਬਸਪਾ ਦਾ ਵੱਡਾ ਐਲਾਨ

ਪੀੜਤ ਸਤਨਾਮ ਸਿੰਘ ਦੀ ਬੁਰੀ ਹਾਲਤ ਦੇਖ ਨੇੜੇ ਰਹਿੰਦੇ ਪੰਜਾਬੀ ਭਾਈਚਾਰੇ ਦੇ ਵੀਰਾਂ ਵੱਲੋਂ ਐਂਬੂਲੈਂਸ ਨੂੰ ਫੋਨ ਕਰਕੇ ਮੁਢਲੀ ਸਹਾਇਤਾ ਲਈ ਬੁਲਾਇਆ ਗਿਆ ਅਤੇ ਉਸ ਤੋਂ ਤੁਰੰਤ ਬਾਅਦ ਹੀ ਹੈਲੀ ਐਂਬੂਲੈਂਸ ਰਾਹੀਂ ਸਤਨਾਮ ਸਿੰਘ ਨੂੰ ਰੋਮ ਦੇ ਇਕ ਵੱਡੇ ਹਸਪਤਾਲ ਵਿਚ ਪਹੁੰਚਾਇਆ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਉਹ ਹਸਪਤਾਲ ਵਿਚ ਦਮ ਤੋੜ ਗਿਆ। ਇਸ ਅਣਹੋਣੀ ਦੀ ਜਾਣਕਾਰੀ ਮਿਲਦੇ ਹੀ ਸਤਨਾਮ ਸਿੰਘ ਦੀ ਪਤਨੀ ਦਾ ਰੋ-ਰੋ ਬੁਰਾ ਹਾਲ ਹੈ। 

ਮਜ਼ਦੂਰ ਜਥੇਬੰਦੀਆਂ ਕਰਨਗੀਆਂ ਰੋਸ ਪ੍ਰਦਰਸ਼ਨ 

ਇਸ ਅਤਿ-ਨਿੰਦਣਯੋਗ ਅਣਮਨੁੱਖੀ ਬਰਤਾਰੇ ਉੱਪਰ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਤਨਾਮ ਸਿੰਘ ਨਾਲ ਜੋ ਵੀ ਵਾਪਰਿਆ ਇਹ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਦਾ ਇਹ ਕਤਲ ਹੋਇਆ ਹੈ, ਜਿਸ ਲਈ ਉਸ ਦਾ ਮਾਲਿਕ ਕਸੂਰਵਾਰ ਹੈ। ਜੇਕਰ ਉਹ ਵੇਲੇ ਸਿਰ ਸਤਨਾਮ ਸਿੰਘ ਨੂੰ ਹਸਤਪਾਲ ਪਹੁੰਚਾ ਦਿੰਦਾ ਤਾਂ ਸ਼ਾਇਦ ਅੱਜ ਉਹ ਜਿਊਂਦਾ ਹੁੰਦਾ। ਮਜ਼ਦੂਰ ਜੱਥੇਬੰਦੀਆਂ ਮ੍ਰਿਤਕ ਸਤਨਾਮ ਸਿੰਘ ਨੂੰ ਇਨਸਾਫ਼ ਦਿਵਾਉਣ ਅਤੇ ਇਟਾਲੀਅਨ ਮਾਲਕ ਨੂੰ ਸਜ਼ਾ ਦਵਾਉਣ ਲਈ 25 ਜੂਨ ਮੰਗਲਵਾਰ ਨੂੰ ਦੁਪਹਿਰ 3 ਵਜੇ ਲਾਤੀਨਾ ਦੇ ਡੀ.ਸੀ. ਦਫ਼ਤਰ ਵਿਖੇ ਇਕ ਬਹੁਤ ਹੀ ਭਾਰੀ ਇਕੱਠ ਕਰ ਕੇ ਰੋਸ ਪ੍ਰਦਰਸ਼ਨ ਜਾ ਰਹੀਆਂ ਹਨ। ਇਸ ਘਟਨਾ ਦੀ ਨਿਖੇਧੀ ਤੇ ਦੁੱਖ ਜ਼ਾਹਿਰ ਕਰਦਿਆਂ ਗੁਰਮੁੱਖ ਸਿੰਘ ਹਜ਼ਾਰਾ ਪ੍ਰਧਾਨ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਲਾਸੀਓ ਸੂਬੇ ਵਿਚ ਰਹਿਣ ਵਾਲੇ ਸਾਰੇ ਭਾਈਚਾਰੇ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਰੋਸ ਮਾਰਚ ਵਿਚ ਜਰੂਰ ਪਹੁੰਚਣ ਤਾਂ ਜੋ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ਼ ਦਵਾਇਆ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News