ਡਾਕਟਰਾਂ ਦੀ ਲਾਪਰਵਾਹੀ ਨੂੰ ਓਸ਼ਿਨ ਬਰਾੜ ਨੇ ਕੀਤਾ ਜਗ-ਜ਼ਾਹਿਰ, ਚੰਡੀਗੜ੍ਹ ਦੇ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਨਾਲ ਹੋ ਰਿਹ
Wednesday, Apr 21, 2021 - 01:43 PM (IST)
ਚੰਡੀਗੜ੍ਹ (ਬਿਊਰੋ) : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਓਸ਼ਿਨ ਬਰਾੜ ਨੇ ਹੁਣ ਤੱਕ ਬਹੁਤ ਸਾਰੇ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ। ਹਾਲ ਹੀ 'ਚ ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ, 'ਮੇਰਾ ਭਰਾ Ventilator 'ਤੇ ਹੈ। ਕਿਰਪਾ ਕਰਕੇ ਉਸ ਲਈ ਅਰਦਾਸ ਕਰੋ। ਇਸ ਦੇ ਨਾਲ ਉਸ ਨੇ ਇੱਕ ਹੋਰ ਸਟੋਰੀ ਸਾਂਝੀ ਕਰਦੇ ਹੋਏ ਕੋਰੋਨਾ ਮਹਾਮਾਰੀ 'ਚ ਡਾਕਟਰਾਂ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਬਾਰੇ ਗੱਲ ਕੀਤੀ ਹੈ। ਉਸ ਨੇ ਕਿਹਾ, 'ਕੋਈ ਵੀ ਗ਼ਲਤੀ ਨਾਲ ਸੈਕਟਰ 16 ਦੇ 'Multispeciality' ਹਸਪਤਾਲ ਚੰਡੀਗੜ੍ਹ 'ਚ ਨਾ ਜਾਈਓ। ਮੇਰੇ ਭਰਾ ਦੀ ਹੁਣ ਜੋ ਵੀ ਹਾਲਤ ਹੈ ਇਸ ਹਸਪਤਾਲ ਨੇ ਹੀ ਕੀਤੀ ਹੈ।
ਮੇਰੇ ਭਰਾ ਨੂੰ ਕੋਵਿਡ ਵਾਰਡ 'ਚ 8-9 ਘੰਟੇ ਤੱਕ ਕੋਈ ਵੀ ਦੇਖਣ ਨਹੀਂ ਸੀ ਆਉਂਦਾ ਤੇ ਉਸ ਨੂੰ ਇੰਨੀਆਂ ਤੇਜ਼ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਦੇ ਪੂਰੇ ਸਰੀਰ 'ਚ ਐਸਿਡ (acid) ਬਣ ਗਿਆ। 6-7 ਦਿਨਾਂ ਤੋਂ ਉਹ ਕੁੱਝ ਖਾ ਵੀ ਨਹੀਂ ਰਹੇ ਸਨ। ਅਸੀਂ ਡਾਕਟਰ ਨੂੰ ਬਹੁਤ ਪੁੱਛਿਆ ਕਿ ਇੰਨਾ ਕੁੱਝ ਕਰਨ ਦੇ ਬਾਵਜੂਦ, ਇੰਨੀਆਂ ਦਵਾਈਆਂ ਅਤੇ ਐਂਟੀਬਾਇਓਟਿਕਸ ਦੇਣ ਦੇ ਬਾਵਜੂਦ ਵੀ ਮੇਰਾ ਭਰਾ ਕੋਈ ਰਿਕਵਰੀ ਨਹੀਂ ਕਰ ਰਿਹਾ। ਅਸੀਂ ਮੇਰੇ ਭਰਾ ਨੂੰ ਇਸ ਹਸਪਤਾਲ ਨਹੀਂ ਸੀ ਲੈ ਕੇ ਜਾਣਾ ਪਰ ਕਿਸੇ ਵੀ ਹਸਪਤਾਲ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਨੂੰ ਇਥੇ ਲਿਆਉਣਾ ਪਿਆ। ਆਖਦੇ ਨੇ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਪਰ ਕੀ ਉਹ ਮਰੀਜ ਨੂੰ ਇੰਨੀ ਬੁਰੀ ਤਰਾਂ ਦੇਖਦੇ ਹਨ, treat ਕਰਦੇ ਹਨ, ਮੈਂ ਸੋਚ ਵੀ ਨਹੀਂ ਸਕਦੀ। ਕਿਰਪਾ ਕਰਕੇ ਇਸ ਹਸਪਤਾਲ ਕੋਈ ਵੀ ਨਾ ਜਾਈਓ ਕਿਉਂਕਿ ਇਥੇ ਡਾਕਟਰ ਸਿਰਫ਼ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਹਨ। ਮੇਰੇ ਭਰਾ ਦੀ ਉਮਰ ਅਜੇ ਸਿਰਫ਼ 31 ਸਾਲ ਹੈ ਪਰ ਇਸ ਸਮੇਂ ਉਹ ICU 'ਚ alchemist hospital, ਪੰਚਕੂਲਾ ਵਿਖੇ ਹੈ। ਇਸ ਦੇ ਨਾਲ ਹੀ ਓਸ਼ਿਨ ਬਰਾੜ ਨੇ ਡਾਕਟਰਾਂ ਦੇ ਨਾਮ ਵੀ ਦੱਸੇ ਹਨ, ਜੋ ਉਸ ਦੇ ਭਰਾ ਦੀ ਹਾਲਤ ਦੇ ਜ਼ਿੰਮਵਾਰ ਹਨ।'
ਇਸ ਤੋਂ ਇਲਾਵਾ ਓਸ਼ਿਨ ਨੇ ਕਿਹਾ, 'ਇਹ ਡਾਕਟਰ ਕਹਿੰਦੇ ਆ ਰਹੇ ਨੇ ਕਿ ਮਰੀਜ ਠੀਕ ਹੈ, ਜਲਦ ਹੀ ਫਰਕ ਪੈ ਜਾਵੇਗਾ ਪਰ ਕੁੱਝ ਵੀ ਠੀਕ ਨਹੀਂ ਹੋਇਆ। ਇਨ੍ਹਾਂ ਡਾਕਟਰਾਂ ਨੇ ਕੋਈ ਰੈਗੂਲਰ ਟੈਸਟ ਵੀ ਨਹੀਂ ਕੀਤਾ ਅਤੇ ਨਾ ਹੀ ਚੱਜ ਨਾਲ ਭਰਾ ਨੂੰ ਦੇਖਿਆ। ਇਸ ਦਾ ਨਤੀਜਾ ਇਹ ਹੈ ਕਿ ਅੱਜ ਮੇਰਾ ਵੀਰ ਵੈਂਟੀਲੇਟਰ 'ਤੇ ਹੈ, ਜੋ ਕਿ ਸਿਰਫ਼ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੈ। ਨਰਸਾ ਸਮੇਂ ਸਿਰ ਡਰਿਪ ਤੱਕ ਨਹੀਂ ਸੀ ਬਦਲਦੀਆਂ ਅਤੇ ਨਾ ਹੀ ਜਲਦੀ ਦੇਖਣ ਆਉਂਦੀਆਂ ਸਨ। 5-6 ਦਿਨਾਂ 'ਚ ਹੀ ਹਾਲਤ ਬਹੁਤ ਹੀ ਜ਼ਿਆਦਾ ਬੁਰੀ ਕਰ ਦਿੱਤੀ। ਅਖੀਰ 'ਚ ਡਾਕਟਰਾਂ ਨੇ ਆ ਕੇ ਕਹਿ ਦਿੱਤਾ ਕਿ ਸਾਡੇ ਹੱਥ ਖੜ੍ਹੇ ਹਨ, ਹੁਣ ਅਸੀਂ ਕੁੱਝ ਨਹੀਂ ਕਰ ਸਕਦੇ।'
ਦੱਸਣਯੋਗ ਹੈ ਕਿ ਓਸ਼ਿਨ ਬਰਾੜ ਨੇ ਇਹ ਸਭ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਸਟੋਰੀ ਸਾਂਝੀ ਕਰਕੇ ਦੱਸਿਆ ਹੈ। ਇਸ ਪੋਸਟ ਰਾਹੀਂ ਉਸ ਨੇ ਆਪਣਾ ਦੁੱਖ ਬਿਆਨ ਕੀਤਾ ਹੈ। ਕੋਰੋਨਾ ਮਹਾਮਾਰੀ ਕਾਰਨ ਅੱਜ ਹਜਾਰਾਂ ਲੋਕ ਬਹੁਤ ਦੁੱਖੀ ਹਨ।