ਪੀ.ਐੱਸ.ਐੱਮ.ਐੱਸ.ਯੂ. ਦੇ ਸੱਦੇ ''ਤੇ ਪੰਜਾਬ ਸਰਕਾਰ ਦੇ ਅਧੂਰੇ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ

Thursday, Mar 05, 2026 - 05:23 PM (IST)

ਪੀ.ਐੱਸ.ਐੱਮ.ਐੱਸ.ਯੂ. ਦੇ ਸੱਦੇ ''ਤੇ ਪੰਜਾਬ ਸਰਕਾਰ ਦੇ ਅਧੂਰੇ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ

ਮੋਗਾ (ਬਿੰਦਾ) : ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਅੱਗੇ ਪੀ.ਐਸ.ਐਮ.ਐਸ.ਯੂ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾ ਅਤੇ ਸਾਰੇ ਵਿਭਾਗਾਂ ਦੇ ਮੁਲਾਜ਼ਮਾ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਸਾੜ ਕੇ ਗੇਟ ਰੈਲੀ ਕੀਤੀ ਗਈ। ਆਗੂਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਕਰਕੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬੰਦ ਕਰ ਕੇ ਨਵੀਂ ਪੈਨਸ਼ਨ ਸਕੀਮ (ਐੱਨ.ਪੀ.ਐੱਸ) ਦੀ ਲਾਗੂ ਕਰ ਦਿੱਤੀ ਗਈ ਸੀ। ਜਿਸ ਕਾਰਨ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਦੀ ਬੁਢਾਪੇ ਦੀ ਲਾਠੀ ਪੁਰਾਣੀ ਪੈਨਸ਼ਨ ਖੋਹ ਲਈ ਗਈ ਸੀ ਜਿਸ ਕਾਰਨ ਮੁਲਾਜ਼ਮਾਂ ਨੂੰ ਬਹੁਤ ਵਿੱਤੀ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2022 ਵਿਚ ਪੰਜਾਬ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਝੂਠਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ 'ਤੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। 

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 15-01-2015 ਨੂੰ ਨਵੀਂ ਭਰਤੀ ਮੁਲਾਜ਼ਮਾਂ ਤੇ ਪਹਿਲਾਂ 3 ਸਾਲ ਮੁੱਢਲੀ ਤਨਖਾਹ ਦੇਣ ਦਾ ਨੋਟੀਫਿਕੇਸ਼ਨ, ਮਿਤੀ 17-07-2020 ਨੂੰ ਜਾਰੀ ਨਵੀਂ ਭਰਤੀ ਮੁਲਾਜ਼ਮਾ ਤੇ ਪੰਜਾਬ ਸਰਕਾਰ ਦੀ ਬਜਾਏ ਕੇਂਦਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ। ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਨੂੰ ਵਿੱਤੀ ਨੁਕਸਾਨ ਸਹਿਣਾ ਪੈ ਰਿਹਾ ਹੈ। ਇਸ ਦੇ ਚੱਲਦੇ ਸੂਬਾ ਬਾਡੀ ਦੇ ਸੱਦੇ ਮੁਤਾਬਿਕ ਅੱਜ ਜ਼ਿਲ੍ਹਾ ਪੱਧਰ 'ਤੇ ਗੇਟ ਰੈਲੀਆਂ ਕਰਕੇ ਨੋਟੀਫਿਕੇਸ਼ਨਾਂ ਦੀਆਂ ਕਾਪੀਆ ਸਾੜੀਆ ਗਈਆਂ। ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੱਲ ਮਿਤੀ 06-03-2026 ਨੂੰ ਇਸੇ ਤਰ੍ਹਾ ਗੇਟ ਰੈਲੀਆਂ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਮਿਤੀ 08-03-2026 ਨੂੰ ਮੋਹਾਲੀ ਵਿਖੇ ਹੋਣ ਵਾਲੀ ਪੰਜਾਬ ਪੱਧਰੀ ਰੈਲੀ ਵਿਚ ਮੋਗਾ ਜ਼ਿਲਾ ਦੇ ਦਫ਼ਤਰ ਕਾਮੇ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਇਸ ਗੇਟ ਰੈਲੀ ਵਿਚ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਜੀਰਾ, ਜ਼ਿਲ੍ਹਾ ਪ੍ਰਧਾਨ ਡੀ.ਸੀ.ਦਫ਼ਤਰ ਦਲਬੀਰ ਸਿੰਘ, ਕੁਲਦੀਪ ਸਿੰਘ ਘਾਲੀ ਸਿਵਰਾਜ ਕੁਮਾਰ, ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਸ਼ਾਮਲ ਸਨ।


author

Gurminder Singh

Content Editor

Related News